ਲੁਧਿਆਣਾ(ਸੰਨੀ)-ਨਗਰ ਦੇ ਵਿਅਸਤ ਬਾਜ਼ਾਰ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇਣ ਦੇ ਬਾਵਜੂਦ ਗੰਭੀਰ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਦੋਂਕਿ ਨਗਰ ਦੀ ਟ੍ਰੈਫਿਕ ਪੁਲਸ ਇਨ੍ਹਾਂ ਇਲਾਕਿਆਂ ਵਿਚ ਆਵਾਜਾਈ ਦੀ ਸਮੱਸਿਆ ਨੂੰ ਖਤਮ ਕਰਨ 'ਚ ਅਸਫਲ ਸਾਬਤ ਹੋ ਰਹੀ ਹੈ। ਵੈਡਿੰਗ ਸੀਜ਼ਨ ਸ਼ੁਰੂ ਹੁੰਦੇ ਹੀ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਪ੍ਰਤਾਪ ਬਾਜ਼ਾਰ, ਗਿਰਜਾਘਰ ਚੌਕ, ਸਾਬਣ ਬਾਜ਼ਾਰ, ਗੁੜ ਮੰਡੀ, ਬਰਸਾਤੀ ਬਾਜ਼ਾਰ, ਤਲਾਬ ਬਾਜ਼ਾਰ ਆਦਿ ਇਲਾਕਿਆਂ ਵਿਚ ਗਾਹਕਾਂ ਦੀ ਚਹਿਲ-ਪਹਿਲ ਤਾਂ ਸ਼ੁਰੂ ਹੋ ਗਈ ਹੈ। ਇਸ ਨਾਲ ਹੀ ਗਾਹਕਾਂ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਵੀ ਇਥੇ ਗੰਭੀਰ ਆਵਾਜਾਈ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਇਲਾਕਿਆਂ ਦੇ ਦੁਕਾਨਦਾਰਾਂ ਸੁਨੀਲ ਤਾਂਗੜੀ, ਮਨੀਸ਼ ਤਾਂਗੜੀ, ਅਮਿਤ ਸ਼ਰਮਾ ਅਤੇ ਹੋਰਨਾਂ ਨੇ ਕਿਹਾ ਕਿ ਬਾਜ਼ਾਰਾਂ ਵਿਚ ਸਥਾਨਕ ਤੇ ਪੂਰੇ ਪੰਜਾਬ ਤੋਂ ਵਪਾਰੀ ਰੋਜ਼ਾਨਾ ਪਰੇਸ਼ਾਨ ਹੋ ਰਹੇ ਹਨ ਪਰ ਭਾਰੀ ਜਾਮ ਵਿਚ ਫਸਣ ਕਾਰਨ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਟੈਕਸ ਦੇ ਰੂਪ 'ਚ ਕਰੋੜਾਂ ਰੁਪਏ ਦਾ ਟੈਕਸ ਸਰਕਾਰ ਤੱਕ ਪਹੁੰਚਾ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਨਗਰ ਦੇ ਪੁਲਸ-ਪ੍ਰਸ਼ਾਸਨ ਤੋਂ ਨਗਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਵਧਦੀ ਜਾ ਰਹੀ ਟ੍ਰੈਫਿਕ ਦੀ ਸਮੱਸਿਆ ਤੋਂ ਗਾਹਕਾਂ ਅਤੇ ਦੁਕਾਨਦਾਰਾਂ ਨੂੰ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ। ਨਾਲ ਹੀ ਟ੍ਰੈਫਿਕ ਪੁਲਸ ਦੇ ਏ. ਡੀ. ਸੀ. ਪੀ. ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਵਿਭਾਗ ਦੇ ਕੋਲ ਸਟਾਫ ਦੀ ਸਮੱਸਿਆ ਹੈ, ਜਿਸ ਦਾ ਹੱਲ ਇਸੇ ਹਫਤੇ ਹੋਣ ਦੀ ਆਸ ਹੈ। ਇਸ ਦੇ ਨਾਲ ਹੀ ਬਾਜ਼ਾਰਾਂ ਦੇ ਕੁਝ ਹਿੱਸਿਆਂ ਨੂੰ ਇਕ ਤਰਫਾ ਆਵਾਜਾਈ ਲਈ ਅਤੇ ਕੁਝ ਬਾਜ਼ਾਰਾਂ 'ਚ ਚਾਰ-ਪਹੀਆ ਵਾਹਨਾਂ ਦਾ ਦਾਖਲਾ ਬੰਦ ਕਰਨ 'ਤੇ ਵਿਚਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਆਪਣਾ ਸਾਮਾਨ ਸੜਕਾਂ 'ਤੇ ਨਾ ਸਜਾਉਣ ਦੀ ਅਪੀਲ ਕੀਤੀ ਹੈ। ਬਰਾੜ ਦੇ ਮੁਤਾਬਕ ਜੇਕਰ ਦੁਕਾਨਦਾਰ ਨਾ ਸੁਧਰੇ ਤਾਂ ਪੁਲਸ ਕਾਨੂੰਨੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ।
ਅਸੁਰੱਖਿਅਤ ਇਮਾਰਤਾਂ 'ਤੇ ਕਾਰਵਾਈ ਸ਼ੁਰੂ, ਸੁੰਦਰ ਨਗਰ 'ਚ ਹੋਈ ਪਹਿਲੀ ਸੀਲਿੰਗ
NEXT STORY