ਅੰਮ੍ਰਿਤਸਰ, (ਅਰੋੜਾ)- ਸਮੇਂ ਦੀਆਂ ਸਰਕਾਰਾਂ ਨਾਗਰਿਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਖਰਚ ਕਰਦੀਆਂ ਹਨ ਪਰ ਉਨ੍ਹਾਂ ਸਹੂਲਤਾ ਨੂੰ ਨਾਗਰਿਕਾਂ ਤੱਕ ਪੁੱਜਦਾ ਕਰਨ ਵਾਲੇ ਵਿਭਾਗ ਸਰਕਾਰ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਜਿਸ ਦਾ ਸਬੂਤ ਛੇਹਰਟਾ ਦੇ ਖੰਡਵਾਲਾ ਚੌਕ 'ਚ ਕਾਫੀ ਸਮੇਂ ਤੋਂ ਬੰਦ ਪਈਆਂ ਟ੍ਰੈਫਿਕ ਸਿਗਨਲ ਲਾਈਟਾਂ ਨੂੰ ਦੇਖ ਕੇ ਮਿਲਦਾ ਹੈ। ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦ ਤੋਂ ਟ੍ਰੈਫਿਕ ਸਿਗਨਲ ਲਾਈਟਾਂ ਲਾਈਆਂ ਗਈਆਂ ਹਨ, ਪੁਲਸ ਪ੍ਰਸ਼ਾਸਨ ਅਤੇ ਟ੍ਰੈਫਿਕ ਵਿਭਾਗ ਵੱਲੋਂ ਇਹ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਵਾਇਆ ਜਾਵੇ। ਜੇਕਰ ਕਦੀ ਪੁਲਸ ਦਾ ਨਾਕਾ ਲੱਗਾ ਵੀ ਹੁੰਦਾ ਹੈ ਤਾਂ ਵੀ ਵਾਹਨ ਚਾਲਕ ਬੜੇ ਆਰਾਮ ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੰਦੇ ਹਨ ਅਤੇ ਪੁਲਸ ਮੁਲਾਜ਼ਮਾਂ ਦੀ ਪ੍ਰਵਾਹ ਨਹੀਂ ਕਰਦੇ।
ਖੰਡਵਾਲਾ ਚੌਕ 'ਚ ਲੋਕਾਂ ਦੀ ਸਹੂਲਤ ਲਈ ਲਾਲ ਤੇ ਹਰੀਆਂ ਲਾਈਟਾਂ ਅਤੇ ਮੈਟਰੋ ਸਿਟੀ ਬੱਸ ਲਈ ਅਲੱਗ ਲਾਈਟਾਂ ਲਾਈਆਂ ਗਈਆਂ ਹਨ ਪਰ ਕਦੇ ਵੀ ਕਿਸੇ ਵਾਹਨ ਚਾਲਕ ਨੂੰ ਲਾਲ ਲਾਈਟਾਂ 'ਚ ਆਪਣਾ ਵਾਹਣ ਰੋਕਦੇ ਨਹੀਂ ਦੇਖਿਆ ਗਿਆ। ਹੁਣ ਤਾਂ ਵਾਹਨ ਚਾਲਕਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਮੈਟਰੋ ਸਿਟੀ ਬੱਸ ਦੇ ਰਸਤੇ ਤੋਂ ਵੀ ਆਪਣੇ ਵਾਹਨ ਤੇਜ਼ੀ ਨਾਲ ਚਲਾਉਂਦੇ ਦੇਖੇ ਜਾਂਦੇ ਹਨ, ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਜਾਨਲੇਵਾ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਰਾਤ ਦੇ ਸਮੇਂ ਸਿਗਨਲ ਲਾਈਟਾਂ ਦੇ ਨਾ ਜਗਣ ਕਾਰਨ ਸੜਕ ਹਾਦਸੇ ਹੋਰ ਵੱਧ ਗਏ ਹਨ। ਕੁਝ ਸਮਾਂ ਪਹਿਲਾਂ ਰਾਤ ਦੇ ਸਮੇਂ ਇਕ ਆਟੋ ਰਿਕਸ਼ਾ ਅਤੇ ਮੋਟਰਸਾਈਕਲ ਟਕਰਾਉਣ ਨਾਲ ਆਟੋ ਰਿਕਸ਼ਾ ਪੂਰੀ ਤਰ੍ਹਾਂ ਟੁੱਟ ਗਿਆ। ਖੇਤਰ ਵਾਸੀਆਂ ਨੇ ਆਟੋ ਰਿਕਸ਼ਾ ਚਾਲਕ ਨੂੰ ਬੜੀ ਮੁਸ਼ਕਿਲ ਨਾਲ ਆਟੋ ਦੇ ਹੇਠੋਂ ਕੱਢਿਆ, ਜਿਸ ਨਾਲ ਉਸ ਦੀ ਜਾਨ ਬਚ ਗਈ।
ਅੱਜ ਰਾਤ ਫਿਰ ਇਕ ਖਤਰਨਾਕ ਘਟਨਾ ਵਾਪਰੀ, ਜਦੋਂ 3 ਤੇਜ਼ ਰਫਤਾਰ ਗੱਡੀਆਂ ਨੇ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ 'ਚ 2 ਮੋਟਰਸਾਈਕਲ ਸਵਾਰਾਂ ਤੇ ਇਕ ਆਟੋ ਰਿਕਸ਼ਾ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਨੂੰ ਪੁਲਸ ਵਾਲਿਆਂ ਤੇ ਖੇਤਰ ਦੇ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ। ਘਟਨਾ ਨੂੰ ਅੰਜਾਮ ਦੇਣ ਵਾਲੀਆਂ 3 ਗੱਡੀਆਂ 'ਚੋਂ 2 ਕਾਰ ਚਾਲਕ ਭੱਜਣ ਵਿਚ ਸਫਲ ਹੋ ਗਏ ਪਰ ਇਕ ਗੱਡੀ ਜ਼ਿਆਦਾ ਟੁੱਟ ਜਾਣ ਕਾਰਨ ਉਸ ਦਾ ਚਾਲਕ ਗੱਡੀ ਨੂੰ ਭਜਾਉਣ ਵਿਚ ਕਾਮਯਾਬ ਨਹੀਂ ਹੋਇਆ ਅਤੇ ਉਹ ਆਪਣੀ ਗੱਡੀ ਛੱਡ ਕੇ ਨਿਕਲ ਗਿਆ। ਇਸ ਸਬੰਧੀ ਛੇਹਰਟਾ ਪੁਲਸ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਲਾਈਟਾਂ ਦੇ ਨਾ ਜਗਣ ਕਾਰਨ ਕਈ ਹੋਰ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਨਾ ਤਾਂ ਸਬੰਧਤ ਵਿਭਾਗ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਤੇ ਨਾ ਹੀ ਟ੍ਰੈਫਿਕ ਪੁਲਸ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਵਾਉਣ ਲਈ ਹੀ ਗੰਭੀਰ ਦਿਖਾਈ ਦੇ ਰਹੀ ਹੈ।
ਖੇਤਰ ਦੇ ਪਤਵੰਤੇ, ਲੋਕਾਂ ਤੇ ਦੁਕਾਨਦਾਰਾਂ ਨੇ ਰੋਜ਼ ਵੱਧ ਰਹੇ ਸੜਕ ਹਾਦਸਿਆਂ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਕ ਤਾਂ ਬੰਦ ਪਈਆਂ ਟ੍ਰੈਫਿਕ ਸਿਗਨਲ ਲਾਈਟਾਂ ਨੂੰ ਮੁੜ ਚਾਲੂ ਕਰਵਾਇਆ ਜਾਵੇ ਤੇ ਮੈਟਰੋ ਸਿਟੀ ਬੱਸ ਦੇ ਰਸਤੇ ਵਿਚ ਵਾਹਣ ਚਲਾਉਣ ਵਾਲੇ ਚਾਲਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੰਗ ਕਰਨ ਵਾਲਿਆਂ 'ਚ ਜੀ. ਐੱਸ. ਪੰਨੂ, ਕੁਲਦੀਪ ਸਿੰਘ ਮੱਲ੍ਹੀ, ਨਰੇਸ਼ ਰਾਣਾ, ਵਿਜੇ ਕੁਮਾਰ, ਪੱਪੂ ਭਗਤ, ਤਰੁਣ ਅਰੋੜਾ, ਡਾ ਰਜੇਸ਼ , ਸੁਭਾਸ਼ ਪੁਰੀ, ਅਮਿਤ ਅਰੋੜਾ, ਸੰਤੋਸ਼, ਅਰੁਣ ਬਾਂਕਾ, ਅਮਿਤ ਸ਼ਾਹ, ਪ੍ਰਵੀਨ ਕੁਮਾਰ, ਰਮੇਸ਼ ਸ਼ਰਮਾ ਆਦਿ ਮੁੱਖ ਹਨ।
ਟਰੈਕਟਰ-ਟਰਾਲੀ ਦੀ ਟੱਕਰ ਨਾਲ ਨੌਜਵਾਨ ਹਲਾਕ
NEXT STORY