ਸਾਦਿਕ (ਪਰਮਜੀਤ) : ਮੰਡੀਆਂ ਵਿਚ ਫਸਲ ਦਾ ਰੁਲਣਾ, ਮਜਦੂਰਾਂ ਦੀ ਘਾਟ, ਟਰੱਕਾਂ ਵਾਲਿਆਂ ਨੂੰ ਖੱਜਲ-ਖੁਆਰ ਕਰਨ ਦਾ ਵੱਡਾ ਕਾਰਨ ਮੰਡੀਕਰਨ ਵਿਚ ਸਿਆਸੀ ਦਖਲ ਅੰਦਾਜ਼ੀ, ਕਾਂਗਰਸੀ ਆਗੂ ਵੱਲੋਂ ਪ੍ਰਸ਼ਾਸ਼ਨ ਦੀ ਸ਼ਹਿ 'ਤੇ ਆਪਣੇ ਚਹੇਤਿਆਂ ਨੂੰ ਆਪਣੇ ਨਿੱਜੀ ਸੁਆਰਥ ਹਿੱਤ ਠੇਕੇ ਦੇਣੇ ਸ਼ਾਮਲ ਹਨ। ਇਹ ਸ਼ਬਦ ਦਾਣਾ ਮੰਡੀ ਸਾਦਿਕ ਦਾ ਦੌਰਾ ਕਰਨ ਸਮੇਂ ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇਚਾਰਜ ਵਿਧਾਨ ਸਭਾ ਹਲਕਾ ਫਰੀਦਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨਾਂ ਕਿਹਾ ਕਿ ਪਹਿਲਾਂ ਟਰੱਕ ਯੂਨੀਅਨਾਂ ਭੰਗ ਕਰਕੇ ਟਰੱਕ ਆਪ੍ਰੇਟਰਾਂ ਨੂੰ ਅੱਧ-ਮੁੱਲ 'ਤੇ ਮਾਲ ਢੋਣ ਲਈ ਮਜਬੂਰ ਕਰਨਾ, ਟਰੱਕ ਦੀ ਅਣਲੋਡਿੰਗ ਦਾ ਠੇਕਾ ਆਪਣੇ ਚਹੇਤਿਆਂ ਨੂੰ ਦੇਣਾ ਜਦੋਂ ਕਿ ਠੇਕੇਦਾਰ ਕੋਲ ਲੋੜੀਂਦੇ ਮਜਦੂਰਾਂ ਦਾ ਕੋਈ ਪ੍ਰਬੰਧ ਨਹੀਂ ਹੈ। ਕਣਕ ਦੀ ਕਟਾਈ ਦਾ ਕੰਮ ਪੂਰਾ ਹੋ ਚੁੱਕਾ ਹੈ ਪਰ ਮੰਡੀਆਂ ਅਜੇ ਵੀ ਭਰੀਆਂ ਪਈਆਂ ਹਨ ਜਿਸ ਤੋਂ ਸਰਕਾਰ ਦੀ ਨਲਾਇਕੀ ਦਾ ਪਤਾ ਲੱਗਦਾ ਹੈ। ਕਈ ਮੰਡੀਆਂ ਵਿਚ ਆਪਣਾ ਕੋਟਾ ਪੂਰਾ ਹੋਣ ਦਾ ਬਹਾਨਾ ਬਣਾ ਕੇ ਖਰੀਦ ਏਜੰਸੀਆਂ ਕਣਕ ਦੀ ਖਰੀਦ ਤੋਂ ਭੱਜ ਰਹੀਆਂ ਹਨ।
ਰੋਮਾਣਾ ਨੇ ਕਿਹਾ ਕਿ ਸਾਦਿਕ ਦੇ ਆੜਤੀਆ ਨੇ ਦੱਸਿਆ ਕਿ ਕਈ ਮੰਡੀਆਂ ਵਿਚੋਂ ਭਰ ਕੇ ਗਏ ਟਰੱਕ 9 ਦਿਨਾਂ ਬਾਅਦ ਅੱਜ ਖਾਲੀ ਹੋਏ ਹਨ। ਐੱਫ.ਸੀ.ਆਈ ਨੇ ਸਾਦਿਕ ਮੰਡੀ ਚੋਂ 80 ਹਜ਼ਾਰ ਗੱਟੇ ਦੀ ਖਰੀਦ ਕਰਨੀ ਸੀ ਪਰ ਐੱਫ.ਸੀ.ਆਈ ਮੰਡੀ ਵਿਚ ਦਾਖਲ ਨਹੀਂ ਹੋਈ ਤੇ ਇਹ ਮਾਲ ਦੂਸਰੀਆਂ ਖਰੀਦ ਏਜੰਸੀਆਂ ਖਰੀਦਣ ਤੋਂ ਇਨਕਾਰੀ ਹੋ ਰਹੀਆਂ ਹਨ ਜਿਸ ਕਾਰਨ ਆੜਤੀ, ਕਿਸਾਨ ਤੇ ਮਜਦੂਰ ਵੀ ਪ੍ਰੇਸ਼ਾਨ ਹਨ। ਟਰੱਕਾਂ ਦੀ ਅਣਲੋਡਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਲੱਖਾਂ ਬੋਰੀਆਂ ਕਣਕ ਦੀਆਂ ਭਰੀਆਂ ਪਈਆਂ ਹਨ ਪਰ ਚੁੱਕਣ ਵਾਲਾ ਕੋਈ ਨਹੀਂ ਹੈ। ਜਿਸ ਤੋਂ ਇਹ ਸਾਫ ਹੋ ਗਿਆ ਕਿ ਕਾਂਗਰਸ ਸਰਕਾਰ ਮੰਡੀਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸੰਧੂ, ਸ਼ਤੀਸ਼ ਗਰੋਵਰ, ਬਲਰਾਜ ਸਿੰਘ ਧਾਲੀਵਾਲ, ਅਮਨ ਨਰੂਲਾ ਵੀ ਹਾਜ਼ਰ ਸਨ।
ਪਾਕਿਸਤਾਨ ਜਾ ਕੇ ਇਸਲਾਮ ਕਬੂਲਣ ਵਾਲੀ ਔਰਤ ਦੇ ਸਹੁਰੇ ਦਾ ਵੱਡਾ ਬਿਆਨ (ਵੀਡੀਓ)
NEXT STORY