ਅੰਮ੍ਰਿਤਸਰ, (ਮਹਿੰਦਰ)- ਇਕ ਦਿਨ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਫੋਰੈਂਸਿਕ ਆਡਿਟ ਟੀਮ ਨਾਲ ਸਥਾਨਕ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਵਿਭਾਗ 'ਚ ਪਿਛਲੇ 10 ਸਾਲਾਂ ਤੋਂ ਹੁੰਦੇ ਚੱਲੇ ਆ ਰਹੇ ਕਰੋੜਾਂ ਦੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਵਿਚ ਨਿਗਮ ਅਤੇ ਟਰੱਸਟ ਦੀ ਕਰੋੜਾਂ ਦੀ ਜ਼ਮੀਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵੀ ਸ਼ਾਮਲ ਹਨ। ਕਰੋੜਾਂ ਦੇ ਘਪਲੇ ਦਾ ਇਹ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਸਥਾਨਕ ਗੁੰਮਟਾਲਾ ਬਾਈਪਾਸ ਦੇ ਨੇੜੇ ਸਥਿਤ ਕਿਰਨ ਕਾਲੋਨੀ 'ਚ ਸਥਿਤ ਟਰੱਸਟ ਦੀ ਕਰੋੜਾਂ ਦੀ ਜ਼ਮੀਨ 'ਤੇ ਨਵੇਂ ਸਿਰਿਓਂ ਹੋ ਰਹੇ ਨਾਜਾਇਜ਼ ਕਬਜ਼ੇ ਦਾ ਨਵਾਂ ਮਾਮਲਾ ਵੀ ਸਾਹਮਣੇ ਆ ਗਿਆ।
ਸਥਾਨਕ ਕੁਝ ਲੋਕਾਂ ਨੇ ਜਗ ਬਾਣੀ ਨੂੰ ਫੋਟੋ ਸਮੇਤ ਜਾਣਕਾਰੀ ਦਿੱਤੀ ਤਾਂ ਇਸ ਮਾਮਲੇ ਨੂੰ ਤੁਰੰਤ ਟਰੱਸਟ ਅਧਿਕਾਰੀਆਂ ਦੇ ਸਨਮੁੱਖ ਚੁੱਕਿਆ ਗਿਆ, ਜਿਸ ਦਾ ਪਤਾ ਲੱਗਦੇ ਹੀ ਟਰੱਸਟ ਦੇ ਐੱਸ. ਈ. ਰਾਜੀਵ ਸੇਖੜੀ ਤੁਰੰਤ ਮੌਕੇ 'ਤੇ ਜਾ ਪੁੱਜੇ ਅਤੇ ਉਨ੍ਹਾਂ ਨੇ ਹੋ ਰਹੇ ਨਾਜਾਇਜ਼ ਕਬਜ਼ੇ ਤੇ ਉਸਾਰੀ ਨੂੰ ਦੇਖ ਕੇ ਤੁਰੰਤ ਫੋਨ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਇਸ ਨਾਜਾਇਜ਼ ਕਬਜ਼ੇ ਅਤੇ ਉਸਾਰੀ ਨੂੰ ਸੁੱਟਣ ਦੇ ਆਦੇਸ਼ ਜਾਰੀ ਕਰ ਦਿੱਤੇ। ਆਦੇਸ਼ ਜਾਰੀ ਹੁੰਦੇ ਹੀ ਸਬੰਧਤ ਅਧਿਕਾਰੀਆਂ ਨੇ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਹੋ ਰਹੀ ਨਵੀਂ ਨਾਜਾਇਜ਼ ਉਸਾਰੀ ਨੂੰ ਪੂਰੀ ਤਰ੍ਹਾਂ ਸੁੱਟ ਦਿੱਤਾ ਪਰ ਪਹਿਲਾਂ ਤੋਂ ਬਣੇ ਕਮਰੇ ਨੂੰ ਫਿਲਹਾਲ ਨਹੀਂ ਸੁੱਟਿਆ ਗਿਆ।
ਟਰੱਸਟ ਅਧਿਕਾਰੀਆਂ 'ਤੇ ਨਾਜਾਇਜ਼ ਕਬਜ਼ੇ ਨਜ਼ਰ-ਅੰਦਾਜ਼ ਕਰਨ ਦੇ ਦੋਸ਼
ਸਥਾਨਕ ਗੁੰਮਟਾਲਾ ਬਾਈਪਾਸ ਨੇੜੇ ਏਅਰਫੋਰਸ ਧੋਬੀਘਾਟ ਦੀ ਬੈਕਸਾਈਡ 'ਤੇ ਸਥਿਤ ਕਿਰਨ ਕਾਲੋਨੀ ਦੇ ਆਲੇ-ਦੁਆਲੇ ਸਥਾਨਕ ਨਗਰ ਸੁਧਾਰ ਟਰੱਸਟ ਦੀਆਂ ਕਰੋੜਾਂ ਦੀਆਂ ਜ਼ਮੀਨਾਂ ਖਾਲੀਆਂ ਪਈਆਂ ਹਨ, ਜਿਨ੍ਹਾਂ 'ਤੇ ਕਈ ਲੋਕਾਂ ਵੱਲੋਂ ਲਗਾਤਾਰ ਨਾਜਾਇਜ਼ ਕਬਜ਼ੇ ਕਰਨ ਦੇ ਨਾਲ-ਨਾਲ ਨਾਜਾਇਜ਼ ਉਸਾਰੀਆਂ ਵੀ ਕਰਵਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹੋਰ ਵੀ ਕਈ ਲੋਕ ਖਾਲੀ ਪਈ ਟਰੱਸਟ ਦੀ ਜ਼ਮੀਨ 'ਤੇ ਜ਼ੋਰਾਂ ਨਾਲ ਨਾਜਾਇਜ਼ ਕਬਜ਼ੇ ਅਤੇ ਉਸਾਰੀ ਕਰਨ ਵਿਚ ਲੱਗੇ ਹੋਏ ਹਨ ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਟਰੱਸਟ ਦੇ ਸਬੰਧਤ ਅਧਿਕਾਰੀ ਉਨ੍ਹਾਂ ਖਿਲਾਫ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਸ਼ਾਇਦ ਰਾਜਨੀਤਕ ਦਬਾਅ ਕਾਰਨ ਅੱਖਾਂ ਬੰਦ ਕਰ ਕੇ ਬੈਠੇ ਹਨ। ਇਹੀ ਕਾਰਨ ਹੈ ਕਿ ਟਰੱਸਟ ਦੀਆਂ ਕਰੋੜਾਂ ਦੀਆਂ ਜ਼ਮੀਨਾਂ 'ਤੇ ਜ਼ੋਰਾਂ-ਸ਼ੋਰਾਂ ਨਾਲ ਨਾਜਾਇਜ਼ ਕਬਜ਼ੇ ਜਾਰੀ ਹਨ। ਵੀਰਵਾਰ ਨੂੰ ਸਥਾਨਕ ਕੁਝ ਲੋਕਾਂ ਨੇ ਜਗ ਬਾਣੀ ਨੂੰ ਇਸ ਕਾਲੋਨੀ ਵਿਚ ਹੋ ਰਹੇ ਨਾਜਾਇਜ਼ ਕਬਜ਼ਿਆਂ ਸਬੰਧੀ ਕੁਝ ਫੋਟੋਆਂ ਵੀ ਭੇਜੀਆਂ ਸਨ।
ਮਾਮਲੇ ਤੋਂ ਅਣਜਾਣ ਟਰੱਸਟ ਅਧਿਕਾਰੀ
ਸਥਾਨਕ ਕੁਝ ਲੋਕਾਂ ਵੱਲੋਂ ਜਦੋਂ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਦੀਆਂ ਕੁਝ ਫੋਟੋਆਂ ਜਗ ਬਾਣੀ ਨੂੰ ਭੇਜੀਆਂ ਗਈਆਂ ਤਾਂ ਜਗ ਬਾਣੀ ਵੱਲੋਂ ਉਥੇ ਫੋਟੋਗ੍ਰਾਫ ਟਰੱਸਟ ਅਧਿਕਾਰੀਆਂ ਨੂੰ ਵਟਸਐਪ ਗਰੁੱਪ ਵਿਚ ਭੇਜ ਕੇ ਪੁੱਛਿਆ ਕਿ ਅਖੀਰ ਟਰੱਸਟ ਦੀਆਂ ਕਰੋੜਾਂ ਦੀਆਂ ਜ਼ਮੀਨਾਂ 'ਤੇ ਇਹ ਕਿਹੜੇ ਲੋਕ ਨਾਜਾਇਜ਼ ਕਬਜ਼ੇ ਅਤੇ ਨਿਰਮਾਣ ਕਰ ਰਹੇ ਹਨ ਅਤੇ ਕੀ ਇਸ ਵਿਚ ਟਰੱਸਟ ਅਧਿਕਾਰੀਆਂ ਦੀ ਵੀ ਕੋਈ ਮਿਲੀਭੁਗਤ ਹੈ ਤਾਂ ਟਰੱਸਟ ਦੇ ਐੱਸ. ਈ. ਰਾਜੀਵ ਸੇਖੜੀ ਤੁਰੰਤ ਮੌਕੇ 'ਤੇ ਜਾ ਪੁੱਜੇ। ਹਾਲਾਂਕਿ ਹੋਰ ਕਈ ਅਧਿਕਾਰੀ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਆਪਣੇ-ਆਪ ਨੂੰ ਅਣਜਾਣ ਹੀ ਦੱਸ ਰਹੇ ਸਨ ਪਰ ਐੱਸ. ਈ. ਸੇਖੜੀ ਨੇ ਤੁਰੰਤ ਕਾਰਵਾਈ ਕਰਵਾਉਂਦਿਆਂ ਨਵੇਂ ਸਿਰਿਓਂ ਹੋ ਰਹੀ ਨਾਜਾਇਜ਼ ਕਾਨੂੰਨੀ ਉਸਾਰੀ ਨੂੰ ਤੁਰੰਤ ਸੁੱਟਣ ਦੇ ਆਦੇਸ਼ ਜਾਰੀ ਕਰਦੇ ਹੋਏ ਇਸ ਨਵੀਂ ਉਸਾਰੀ ਤਹਿਤ ਖੜ੍ਹੀਆਂ ਕੀਤੀਆਂ ਜਾ ਰਹੀਆਂ ਲੰਮੀਆਂ ਦੀਵਾਰਾਂ ਨੂੰ ਤੁਰੰਤ ਢਹਿ-ਢੇਰੀ ਵੀ ਕਰ ਦਿੱਤਾ।
ਨਵੇਂ ਸਿਰਿਓਂ ਹੋ ਰਹੇ ਨਾਜਾਇਜ਼ ਕਬਜ਼ੇ ਤਹਿਤ ਖੜ੍ਹੀ ਕੀਤੀ ਜਾ ਰਹੀ ਦੀਵਾਰ ਨੂੰ ਤੁਰੰਤ ਢਹਿ-ਢੇਰੀ ਕਰ ਦਿੱਤਾ ਗਿਆ ਹੈ, ਬਾਕੀ ਜੋ ਪਹਿਲਾਂ ਤੋਂ ਨਾਜਾਇਜ਼ ਕਬਜ਼ੇ ਕਰ ਕੇ ਮਕਾਨ ਜਾਂ ਫਿਰ ਕਮਰੇ ਬਣਾਏ ਗਏ ਹਨ, ਉਨ੍ਹਾਂ ਸਬੰਧੀ ਵੀ ਡਿਊਟੀ ਨਿਆਂ ਅਧਿਕਾਰੀ ਤੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਨੂੰਨੀ ਕਾਰਵਾਈ ਕਰ ਕੇ ਇਹ ਸਾਰੇ ਨਾਜਾਇਜ਼ ਕਬਜ਼ੇ ਖਤਮ ਕਰਵਾਏ ਜਾਣਗੇ। —ਰਾਜੀਵ ਸੇਖੜੀ, ਐੱਸ. ਈ. ਨਗਰ ਸੁਧਾਰ ਟਰੱਸਟ ਦਫ਼ਤਰ ਅੰਮ੍ਰਿਤਸਰ
ਆਰਥਕ ਤੰਗੀ ਤੋਂ ਪ੍ਰੇਸ਼ਾਨ ਮਜ਼ਦੂਰ ਵੱਲੋਂ ਖੁਦਕੁਸ਼ੀ
NEXT STORY