ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਨਗਰ ਨਿਗਮ ਮੋਗਾ ਦੇ ਮੇਅਰ ਅਤੇ ਵਿਰੋਧੀ ਧੜੇ ਵਿਚਕਾਰ ਚੱਲ ਰਿਹਾ ਆਪਸੀ ਵਿਵਾਦ ਹੁਣ ਸਿਖਰ 'ਤੇ ਪੁੱਜ ਗਿਆ ਹੈ। ਸ਼ਹਿਰ ਵਿਚ 'ਠੱਪ' ਪਏ ਵਿਕਾਸ ਕਾਰਜਾਂ ਦੇ ਮੁੱਦੇ 'ਤੇ ਕੌਂਸਲਰਾਂ ਵੱਲੋਂ ਮੇਅਰ ਵਿਰੁੱਧ ਰੱਖੀ ਗਈ ਭੁੱਖ ਹੜਤਾਲ ਲਗਾਤਾਰ 25ਵੇਂ ਦਿਨ ਵੀ ਜਾਰੀ ਰਹਿਣ ਦੇ ਬਾਵਜੂਦ ਗੱਲ ਕਿਸੇ ਤਣ-ਪੱਤਣ ਨਾ ਲੱਗਣ ਮਗਰੋਂ ਬੀਤੇ ਕੱਲ ਤੋਂ 3 ਕੌਂਸਲਰਾਂ ਵੱਲੋਂ ਮੇਅਰ ਵਿਰੁੱਧ ਰੱਖਿਆ ਗਿਆ ਮਰਨ ਵਰਤ ਅੱਜ ਦੂਜੇ ਦਿਨ 'ਚ ਦਾਖਲ ਹੋ ਗਿਆ ਹੈ। ਅੱਜ ਨਿਗਮ ਦੇ ਗੇਟ ਅੱਗੇ ਮਰਨ ਵਰਤ ਰੱਖਣ ਵਾਲੇ ਕੌਂਸਲਰਾਂ ਜ਼ਿਲਾ ਪ੍ਰਧਾਨ ਭਾਜਪਾ ਤਿਰਲੋਚਨ ਸਿੰਘ ਗਿੱਲ, ਗੁਰਮਿੰਦਰਜੀਤ ਸਿੰਘ ਬਬਲੂ ਅਤੇ ਕਾਲਾ ਸਿੰਘ ਤੋਂ ਸਾਥੀ ਕੌਂਸਲਰਾਂ ਪ੍ਰੇਮ ਚੰਦ ਚੱਕੀਵਾਲਾ, ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ ਨੇ ਮੇਅਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਪਿਛਲੇ 9 ਮਹੀਨਿਆਂ ਤੋਂ ਨਿਗਮ ਹਾਊਸ ਦੀ ਮੀਟਿੰਗ ਨਾ ਹੋਣ ਕਾਰਨ ਸ਼ਹਿਰ 'ਚ ਵਿਕਾਸ ਕਾਰਜ ਠੱਪ ਪਏ ਹਨ ਪਰ ਮੇਅਰ ਕਥਿਤ ਤੌਰ 'ਤੇ ਇਸ ਵੱਲ ਧਿਆਨ ਨਹੀਂ ਦੇ ਰਿਹਾ। ਭਾਜਪਾ ਦੇ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਕੌਂਸਲਰ ਨਗਰ ਨਿਗਮ ਮੋਗਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਦਾ ਖਮਿਆਜ਼ਾ ਮੋਗਾ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ 2013 ਵਿਚ ਵਿਧਾਇਕ ਜੈਨ ਨੂੰ ਕਾਂਗਰਸ ਤੋਂ ਅਕਾਲੀ ਦਲ 'ਚ ਸ਼ਾਮਲ ਕਰ ਕੇ ਵਿਧਾਇਕ ਬਣਾਇਆ ਅਤੇ ਬਾਅਦ 'ਚ ਵਿਧਾਇਕ ਜੈਨ ਦੇ ਪੁੱਤ ਨੂੰ ਨਿਗਮ ਦਾ ਮੇਅਰ ਬਣਾਇਆ।
ਉਨ੍ਹਾਂ ਮੇਅਰ ਨੂੰ ਸਵਾਲ ਕੀਤਾ ਕਿ ਉਹ ਹੁਣ ਸਥਿਤੀ ਸਪੱਸ਼ਟ ਕਰਨ ਕਿ ਉਹ ਅਕਾਲੀ ਹਨ ਜਾਂ ਕਾਂਗਰਸੀ। ਉਨ੍ਹਾਂ ਵੱਲੋਂ ਮੋਗਾ ਸ਼ਹਿਰ ਦੀ ਹੋ ਰਹੀ ਦੁਰਦਸ਼ਾ ਦਾ ਮਾਮਲਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਸ. ਸਿੱਧੂ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਮੋਗਾ ਸ਼ਹਿਰ ਦੇ ਵਿਕਾਸ ਸਬੰਧੀ ਅਧਿਕਾਰੀਆਂ ਤੋਂ ਰਿਪੋਰਟ ਹਾਸਲ ਕਰ ਕੇ ਕਾਰਵਾਈ ਕਰਨਗੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਦੀਪਿੰਦਰ ਸੰਧੂ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਗਦੀਸ਼ ਲਾਲ ਛਾਬੜਾ ਸਾਬਕਾ ਚੇਅਰਮੈਨ, ਕੌਂਸਲਰ ਸ਼ਿੰਦਰ ਗਿੱਲ, ਕਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕੌਂਸਲਰ ਅਤੇ ਅਕਾਲੀ-ਭਾਜਪਾ ਆਗੂ ਮੌਜੂਦ ਸਨ।
ਹਾਲ-ਏ-ਸਰਕਾਰੀ ਰਾਜਿੰਦਰਾ ਹਸਪਤਾਲ 4 ਘੰਟੇ ਸਟ੍ਰੈਚਰ 'ਤੇ ਤੜਪਦਾ ਰਿਹਾ ਜ਼ਖਮੀ
NEXT STORY