ਭੁੱਚੋ ਮੰਡੀ, (ਨਾਗਪਾਲ)- ਪਿੰਡ ਲਹਿਰਾ ਖਾਨਾਂ ਵਿਖੇ ਪਿਛਲੇ ਦਿਨੀਂ ਆਪਸੀ ਝਗੜੇ ਦੌਰਾਨ ਹੋਈ ਕੁੱਟ-ਮਾਰ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਬਾਅਦ ਦੁਪਹਿਰ ਭੁੱਚੋ ਮੰਡੀ ਪੁਲਸ ਚੌਕ ਅੱਗੇ ਧਰਨਾ ਲਾ ਦਿੱਤਾ ਅਤੇ ਪੁਲਸ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਧਰਨੇ 'ਚ ਔਰਤਾਂ ਵੀ ਭਾਰੀ ਗਿਣਤੀ 'ਚ ਸ਼ਾਮਲ ਸੀ। ਧਰਨਾਕਾਰੀਆਂ ਨੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਧਰਨੇ 'ਚ ਸ਼ਾਮਲ ਬਲਬੀਰ ਸਿੰਘ, ਛਿੰਦਰ ਸਿੰਘ, ਚੀਨਾ ਸਿੰਘ, ਭੋਲਾ ਸਿੰਘ, ਜਗਤਾਰ ਸਿੰਘ, ਰਾਮ ਸਿੰਘ, ਮਨਪ੍ਰੀਤ ਕੌਰ, ਭਿੰਦਰ ਕੌਰ, ਰਿੰਪੀ ਕੌਰ, ਭਜਨ ਕੌਰ, ਕਿਰਨਦੀਪ ਕੌਰ ਅਤੇ ਸੁਚਿਆ ਕੌਰ ਨੇ ਦੱਸਿਆ ਕਿ ਪੁਲਸ ਨੇ ਭਾਵੇਂ ਕੇਸ ਦਰਜ ਕਰ ਲਿਆ ਹੈ ਪਰ ਉਨ੍ਹਾਂ 'ਚੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਕਰ ਕੇ ਇਹ ਧਰਨਾ ਦੇਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਰਾਜੂ ਜੋ ਮਕਾਨ ਉਸਾਰੀ ਦਾ ਕੰਮ ਕਰਦਾ ਹੈ ਨੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਦੇ ਕਹਿਣ 'ਤੇ ਮਸ਼ੀਨ ਨਾਲ ਲੈਂਟਰ ਪਾਇਆ ਸੀ ਪਰ ਉਸ ਨੇ ਇਸ ਦੀ ਲੇਬਰ ਦੇ ਪੈਸੇ ਨਹੀਂ ਦਿੱਤੇ ਅਤੇ ਪੈਸੇ ਮੰਗਣ 'ਤੇ ਕਰੀਬ 15 ਦਿਨ ਪਹਿਲਾਂ ਰਾਤ ਸਮੇਂ ਗੁਰਪ੍ਰੀਤ ਸਿੰਘ ਆਪਣੇ ਸਾਥੀ ਪ੍ਰੇਮ ਸਿੰਘ, ਅਰਸ਼ਦੀਪ ਸਿੰਘ ਅਤੇ ਏਕਮ ਸਿੰਘ ਨੂੰ ਲੈ ਕੇ ਰਾਜੂ ਦੇ ਘਰ ਆਇਆ ਅਤੇ ਰਾਜੂ ਸਮੇਤ ਪਰਿਵਾਰ ਦੇ ਮੈਂਬਰਾਂ ਨਾਲ ਕੁੱਟ-ਮਾਰ ਕੀਤੀ। ਇਸ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਪੁਲਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਪਰ ਕੁੱਟ-ਮਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕਰਨ 'ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਪੁਲਸ ਚੌਕੀ ਇੰਚਾਰਜ ਜਸਪਾਲ ਸਿੰਘ ਨੇ ਧਰਨਾਕਾਰੀਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਪੁਲਸ ਵੱਲੋਂ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ ਅਤੇ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਆਹੁਤਾ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਇਕ ਨਾਮਜ਼ਦ
NEXT STORY