ਸ੍ਰੀ ਮੁਕਤਸਰ ਸਾਹਿਬ (ਪਵਨ) - ਸੰਤ ਕਬੀਰ ਕਾਲਜ ਆਫ਼ ਐਜੂਕੇਸ਼ਨ ਰਹੂੜਿਆਂਵਾਲੀ ਦੇ ਐੱਸ. ਸੀ. ਵਿਦਿਆਰਥੀਆਂ ਕੋਲੋਂ ਕਾਲਜ ਵੱਲੋਂ ਨਾਜਾਇਜ਼ ਫੀਸਾਂ ਲੈਣ ਦੇ ਰੋਸ ਵਜੋਂ ਬੀਤੇ ਦਿਨੀਂ ਉਕਤ ਵਿਦਿਆਰਥੀਆਂ ਵੱਲੋਂ ਐੱਸ. ਡੀ. ਐੱਮ. ਨਾਲ ਮੁਲਾਕਾਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਗਿਆ, ਜਿਸ ਕਾਰਨ ਵਿਦਿਆਰਥੀਆਂ ਦੀ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਵੀਰਵਾਰ ਨੂੰ ਐੱਸ. ਸੀ. ਕਮਿਸ਼ਨ ਦੇ ਸੀਨੀਅਰ ਮੈਂਬਰ ਬਾਬੂ ਸਿੰਘ ਪੰਜਾਵਾ ਅਤੇ ਅਸ਼ੋਕ ਮਹਿੰਦਰਾ ਦਲਿਤ ਹਿਊਮਨ ਰਾਈਟਸ ਦੇ ਸਟੇਟ ਕੋਆਰਡੀਨੇਟਰ ਵੱਲੋਂ ਕਾਲਜ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਕਤ ਆਗੂਆਂ ਵੱਲੋਂ ਜਿਥੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਉਥੇ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਕੋਲੋਂ ਕਾਲਜ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਲਿਖਤੀ ਸ਼ਿਕਾਇਤ ਵੀ ਲਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਸਾਡੇ ਨਾਲ ਜਾਤੀ ਤੌਰ 'ਤੇ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਜ਼ਬਰਦਸਤੀ ਫੀਸ ਜਮ੍ਹਾ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਵੱਲੋਂ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਕਾਲਜ ਚੇਅਰਮੈਨ ਨੇ ਕਿਹਾ ਕਿ ਉਹ ਤਾਂ ਸਿਰਫ਼ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਹਿ ਰਹੇ ਹਨ, ਜੋ ਕਿ ਰਿਫੰਡ ਕਰ ਦਿੱਤੇ ਜਾਣਗੇ। ਬਾਬੂ ਸਿੰਘ ਪੰਜਾਵਾ ਨੇ ਕਿਹਾ ਕਿ ਕਾਨੂੰਨ ਅਨੁਸਾਰ ਐੱਸ. ਸੀ. ਬੱਚਿਆਂ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾ ਸਕਦੀ। ਉਨ੍ਹਾਂ ਕਾਲਜ ਮੈਨੇਜਮੈਂਟ ਨੂੰ ਹਦਾਇਤ ਕੀਤੀ ਕਿ ਉਕਤ ਐੱਸ. ਸੀ. ਬੱਚਿਆਂ ਦੇ ਰੋਲ ਨੰਬਰ ਜਲਦ ਜਾਰੀ ਕੀਤੇ ਜਾਣ ਤੇ ਉਨ੍ਹਾਂ ਨੂੰ ਪੇਪਰ 'ਚ ਬੈਠਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਾਲਜ ਮੈਨੇਜਮੈਂਟ ਵੱਲੋਂ ਫਿਰ ਵੀ ਵਿਦਿਆਰਥੀਆਂ 'ਤੇ ਫੀਸ ਜਮ੍ਹਾ ਕਰਵਾਉਣ ਦਾ ਦਬਾਅ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਅਸ਼ੋਕ ਮਹਿੰਦਰਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਅਤੇ ਜ਼ਿਲਾ ਭਲਾਈ ਅਫ਼ਸਰ ਨੂੰ ਅਪੀਲ ਕੀਤੀ ਕਿ ਉਹ ਜਲਦ ਉਕਤ ਮਸਲੇ 'ਚ ਦਖਲ ਦੇ ਕੇ ਵਿਦਿਆਰਥੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ। ਇਸ ਸਮੇਂ ਰੀਨਾ ਕੌਰ, ਸਪਨਾ, ਗੁਰਮੀਤ ਕੌਰ, ਲਖਵੀਰ ਕੌਰ, ਪਰਮਿੰਦਰ ਕੌਰ, ਵੀਰਪਾਲ ਕੌਰ, ਰਵਿੰਦਰ ਕੌਰ, ਕੰਵਲਜੀਤ ਕੌਰ, ਹਰਿੰਦਰ ਸਿੰਘ, ਗਗਨਦੀਪ ਕੌਰ, ਹਰਪ੍ਰੀਤ ਕੌਰ, ਲਖਵਿੰਦਰ ਕੌਰ, ਮਹਿੰਦਰਜੀਤ ਕੌਰ, ਸੁਖਪਾਲ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਲਜ ਦੇ ਐੱਸ. ਸੀ. ਵਿਦਿਆਰਥੀ ਮੌਜੂਦ ਸਨ।
ਮਜ਼ਦੂਰ ਨੇ ਕਿਸਾਨ ਦੇ ਘਰ ਲਿਆ ਫਾਹਾ, ਮੌਤ
NEXT STORY