ਜਲੰਧਰ (ਪੁਨੀਤ)-15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਵੋਲਵੋ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਏਅਰਪੋਰਟ ਲਈ ਰਵਾਨਾ ਕੀਤਾ ਸੀ, ਜਿਸ ਨੂੰ ਸਰਕਾਰ ਇਕ ਵੱਡੀ ਉਪਲੱਬਧੀ ਗਿਣਵਾ ਰਹੀ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਉਕਤ ਵੋਲਵੋ ਦਾ ਕਿਰਾਇਆ ਪ੍ਰਾਈਵੇਟ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰੱਖਿਆ ਗਿਆ ਹੈ। ਉਥੇ ਹੀ, ਦਿੱਲੀ ਏਅਰਪੋਰਟ ’ਤੇ ਵੋਲਵੋ ਤੋਂ ਪ੍ਰਤੀ ਬੱਸ ਜਿਹੜੀ ਫ਼ੀਸ ਲਈ ਜਾ ਰਹੀ ਹੈ, ਉਹ ਪ੍ਰਾਈਵੇਟ ਦੇ ਮੁਕਾਬਲੇ 100 ਗੁਣਾ ਤੋਂ ਵੀ ਵੱਧ ਹੈ, ਜਿਸ ਨਾਲ ਮਹਿਕਮੇ ਨੂੰ ਚੂਨਾ ਲੱਗ ਰਿਹਾ ਹੈ। ਪ੍ਰਾਈਵੇਟ ਬੱਸਾਂ ਨੂੰ ਟਰਮੀਨਲ 3 ਕੋਲ ਪਾਰਕਿੰਗ ਦੀ ਇਜਾਜ਼ਤ ਹੈ, ਜਦਕਿ ਸਰਕਾਰੀ ਬੱਸਾਂ 3 ਕਿਲੋਮੀਟਰ ਦੂਰ ਖੜ੍ਹੀਆਂ ਰਹਿੰਦੀਆਂ ਹਨ। ਜਿਹੜੇ ਯਾਤਰੀਆਂ ਨੂੰ ਸਰਕਾਰੀ ਬੱਸਾਂ ਦੇ ਖੜ੍ਹੇ ਹੋਣ ਦੀ ਥਾਂ ਦਾ ਪਤਾ ਨਹੀਂ ਹੁੰਦਾ, ਉਹ ਅਜੇ ਵੀ ਪ੍ਰਾਈਵੇਟ ਬੱਸਾਂ ’ਚ ਸਫ਼ਰ ਕਰਨ ਨੂੰ ਮਜਬੂਰ ਹਨ ਅਤੇ ਜ਼ਿਆਦਾ ਕਿਰਾਇਆ ਅਦਾ ਕਰ ਰਹੇ ਹਨ।
ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਏਅਰਪੋਰਟ ਅਥਾਰਿਟੀ ਨਾਲ ਕੀਤੇ ਗਏ ਐਗਰੀਮੈਂਟ ਮੁਤਾਬਕ ਫ਼ੀਸ ਅਦਾ ਕੀਤੀ ਜਾ ਰਹੀ ਹੈ ਪਰ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਪ੍ਰਾਈਵੇਟ ਤੋਂ ਬਹੁਤ ਘੱਟ ਰਾਸ਼ੀ ਲੈ ਕੇ ਸਰਕਾਰੀ ਬੱਸਾਂ ਤੋਂ ਇੰਨੀ ਮੋਟੀ ਵਸੂਲੀ ਕਿਉਂ ਕੀਤੀ ਜਾ ਰਹੀ ਹੈ? ਦਿੱਲੀ ਏਅਰਪੋਰਟ ’ਤੇ ਵੇਖਣ ’ਚ ਆਇਆ ਕਿ ਟਰਮੀਨਲ 3 ਨੇੜੇ ਜਿਹੜਾ ਬੱਸ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਹੈ, ਉਸ ’ਤੇ 30 ਮਿੰਟ ਤਕ ਦੇ 200 ਰੁਪਏ, 2 ਘੰਟੇ ਤਕ ਦੇ 500 ਰੁਪਏ ਅਤੇ 8 ਤੋਂ 24 ਘੰਟੇ ਤਕ ਦੇ 2400 ਰੁਪਏ ਸਬੰਧੀ ਰੇਟ ਨਿਰਧਾਰਿਤ ਕੀਤੇ ਗਏ ਹਨ, ਉਥੇ ਹੀ ਸਰਕਾਰੀ ਵੋਲਵੋ ਤੋਂ ਦਿੱਲੀ ਏਅਰਪੋਰਟ ਪਾਰਕਿੰਗ ਸਰਵਿਸ ਵੱਲੋਂ ਜੀ. ਐੱਸ. ਟੀ. ਸਮੇਤ 3540 ਰੁਪਏ ਲਏ ਜਾ ਰਹੇ ਹਨ। ਬੱਸ ਦੇ ਚਾਲਕ ਦਲਾਂ ਮੁਤਾਬਕ ਸਰਕਾਰੀ ਵੋਲਵੋ ਬੱਸਾਂ ਸਿਰਫ਼ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਲਈ ਦਿੱਲੀ ਏਅਰਪੋਰਟ ਦੀ ਪਾਰਕਿੰਗ ਦੀ ਵਰਤੋਂ ਕਰਦੀਆਂ ਹਨ ਪਰ ਉਨ੍ਹਾਂ ਤੋਂ ਇੰਨੀ ਵੱਧ ਵਸੂਲੀ ਕਰਨਾ ਸਮਝ ਤੋਂ ਪਰ੍ਹੇ ਹੈ।
ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ
ਪਿਛਲੇ ਸਮੇਂ ਦੌਰਾਨ ਇਕ ਵਾਰ ਰੋਪੜ ਡਿਪੂ ਦੀ ਵੋਲਵੋ ਬੱਸ ਅੱਧੇ ਘੰਟੇ ਤੋਂ ਵੱਧ ਸਮੇਂ ਤਕ ਪਾਰਕਿੰਗ ਵਿਚੋਂ ਬਾਹਰ ਨਹੀਂ ਨਿਕਲ ਸਕੀ, ਜਿਸ ਕਾਰਨ ਉਸ ਕੋਲੋਂ 10 ਹਜ਼ਾਰ ਤੋਂ ਵੱਧ ਫ਼ੀਸ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਬੱਸ ਨੂੰ ਇਕ ਘੰਟੇ ਤੋਂ ਵੱਧ ਸਮਾਂ ਲੱਗਾ ਸੀ। ਪੰਜਾਬ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰੀ ਬੱਸਾਂ ਤੋਂ 3540 ਰੁਪਏ ਵਸੂਲਣ ਨਾਲ ਮਹਿਕਮੇ ਨੂੰ ਚੂਨਾ ਲੱਗ ਰਿਹਾ ਹੈ। ਵਿਭਾਗ ਨੂੰ ਇਕ ਮਹੀਨੇ ’ਚ ਲੱਖਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ। ਸਰਕਾਰੀ ਬੱਸਾਂ ਨੂੰ ਟਰਮੀਨਲ 3 ਤੋਂ ਲਗਭਗ 2-3 ਕਿਲੋਮੀਟਰ ਦੂਰ ਬੱਸ ਪਾਰਕ ਕਰਨ ਲਈ ਥਾਂ ਮੁਹੱਈਆ ਕਰਵਾਈ ਜਾਂਦੀ ਹੈ, ਜਦਕਿ ਪ੍ਰਾਈਵੇਟ ਬੱਸਾਂ ਟਰਮੀਨਲ 3 ਤੋਂ ਕੁਝ ਦੂਰੀ ’ਤੇ ਹੀ ਪਾਰਕ ਕੀਤੀਆਂ ਜਾਂਦੀਆਂ ਹਨ। ਇਸ ਘਟਨਾਕ੍ਰਮ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟਰਮੀਨਲ 3 ਤੋਂ ਸਰਕਾਰੀ ਬੱਸਾਂ ਦੀ ਪਾਰਕਿੰਗ ਤੱਕ ਆਉਣ ਲਈ ਦਿੱਲੀ ਟਰਾਂਸਪੋਰਟ ਮਹਿਕਮੇ ਦੀਆਂ ਬੱਸਾਂ ਖੜ੍ਹੀਆਂ ਰਹਿੰਦੀਆਂ ਹਨ, ਜੋਕਿ ਯਾਤਰੀਆਂ ਨੂੰ ਬਿਨਾਂ ਫ਼ੀਸ ਸਰਕਾਰੀ ਬੱਸਾਂ ਤਕ ਛੱਡਦੀਆਂ ਹਨ ਪਰ ਕਈ ਯਾਤਰੀ ਸਾਮਾਨ ਵੱਧ ਹੋਣ ਕਾਰਨ ਵਾਰ-ਵਾਰ ਬੱਸਾਂ ਬਦਲਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਦਿੱਲੀ ਟਰਾਂਸਪੋਰਟ ਮਹਿਕਮੇ ਦੀਆਂ ਬੱਸਾਂ ਦੀ ਸਰਵਿਸ ਅਤੇ ਪੰਜਾਬ ਦੀ ਵੋਲਵੋ ਬੱਸਾਂ ਚੱਲਣ ਦੀ ਥਾਂ ਬਾਰੇ ਜਾਣਕਾਰੀ ਨਹੀਂ ਹੈ, ਉਹ ਅਜੇ ਵੀ ਵੱਧ ਕਿਰਾਇਆ ਦੇ ਕੇ ਪ੍ਰਾਈਵੇਟ ਬੱਸਾਂ ’ਚ ਸਫ਼ਰ ਕਰ ਰਹੇ ਹਨ। ਮਹਿਕਮੇ ਦੀਆਂ ਬੱਸਾਂ ਜੇਕਰ ਪ੍ਰਾਈਵੇਟ ਬੱਸਾਂ ਦੇ ਨਾਲ ਖੜ੍ਹੀਆਂ ਕਰਵਾਈਆਂ ਜਾਣ ਤਾਂ ਯਾਤਰੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ ਅਤੇ ਮਹਿਕਮੇ ਪ੍ਰਤੀ ਮਹੀਨਾ ਲੱਖਾਂ ਰੁਪਏ ਵੱਧ ਕਮਾਈ ਕਰ ਸਕੇਗਾ।
ਇਹ ਵੀ ਪੜ੍ਹੋ: ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਬਿਸਤ ਦੋਆਬ ਨਹਿਰ ’ਚ ਡੁੱਬੀਆਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਮਿਲੀਆਂ
ਪਾਰਕਿੰਗ ਫ਼ੀਸ ਦੀ 27.50 ਲੱਖ ਸਕਿਓਰਿਟੀ ਜਮ੍ਹਾ ਕਰਵਾ ਚੁੱਕਿਐ ਮਹਿਕਮਾ
ਬੱਸਾਂ ਦੇ ਚੱਲਣ ਦੀ ਸ਼ੁਰੂਆਤ 15 ਜੂਨ ਤੋਂ ਹੋਈ ਸੀ ਪਰ ਏਅਰਪੋਰਟ ਅਥਾਰਿਟੀ ਨਾਲ ਹੋਏ ਸਮਝੌਤੇ ਮੁਤਾਬਕ ਮਹਿਕਮੇ ਨੇ 27.50 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਮ੍ਹਾ ਕਰਵਾ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਰਾਸ਼ੀ ਖਤਮ ਹੋਣ ਤੋਂ ਪਹਿਲਾਂ ਮਹਿਕਮੇ ਨੂੰ ਐਡਵਾਂਸ ’ਚ ਰਾਸ਼ੀ ਜਮ੍ਹਾ ਕਰਵਾਉਣੀ ਹੋਵੇਗੀ। ਅੰਦਾਜ਼ਨ ਪ੍ਰਤੀ ਮਹੀਨਾ ਆਉਣ ਵਾਲੇ ਖਰਚ ’ਚ ਵਾਧਾ ਹੋਣ ਵਾਲਾ ਹੈ ਕਿਉਂਕਿ ਮਹਿਕਮਾ ਬੱਸਾਂ ਦੀ ਗਿਣਤੀ ਵਧਾਉਣ ’ਤੇ ਵਿਚਾਰ ਕਰ ਰਿਹਾ ਹੈ। ਜਦੋਂ ਯਾਤਰੀਆਂ ਦੀ ਗਿਣਤੀ ਅਤੇ ਸੀਟਾਂ ਭਰਨ ਲੱਗਣਗੀਆਂ ਤਾਂ ਮਹਿਕਮਾ ਉਸ ਬੱਸ ਨਾਲ ਸਬੰਧਤ ਡਿਪੂ ਤੋਂ ਏਅਰਪੋਰਟ ਲਈ ਆਪਣੀ ਸਰਵਿਸ ਨੂੰ ਵਧਾ ਦੇਵੇਗਾ।
ਯਾਤਰੀਆਂ ਤੋਂ 100 ਰੁਪਏ ਪਾਰਕਿੰਗ ਖਰਚ ਵਸੂਲ ਰਿਹੈ ਵਿਭਾਗ : ਡਿਪਟੀ ਡਾਇਰੈਕਟਰ
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਸਰਕਾਰੀ ਵੋਲਵੋ ਤੋਂ 3540 ਰੁਪਏ ਫ਼ੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਕਮਾ 2018 ’ਚ 4500 ਰੁਪਏ ਤਕ ਅਦਾ ਕਰ ਰਿਹਾ ਸੀ, ਜਦਕਿ ਇਸ ਵਾਰ ਫ਼ੀਸ ’ਚ ਕਮੀ ਹੋਈ ਹੈ। ਬੱਸ ਤੋਂ ਏਅਰਪੋਰਟ ’ਤੇ ਲਈ ਜਾਣ ਵਾਲੀ ਰਾਸ਼ੀ ਨੂੰ ਯਾਤਰੀਆਂ ਤੋਂ ਵਸੂਲ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪ੍ਰਤੀ ਯਾਤਰੀ 100 ਰੁਪਏ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਭੰਬਲਭੂਸੇ 'ਚ ਪਾਇਆ ਪਰਿਵਾਰ, ਖ਼ਾਤੇ 'ਚੋਂ ਇਸ ਤਰ੍ਹਾਂ ਉਡਾਏ ਲੱਖਾਂ ਰੁਪਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਰੀਦਕੋਟ ਦੇ ਪਿੰਡ ਮੁਮਾਰਾ ਦਾ ਸ਼ਲਾਘਾਯੋਗ ਕਦਮ, ਦੋ ’ਚੋਂ ਇਕ ਸ਼ਮਸ਼ਾਨਘਾਟ ਕੀਤਾ ਬੰਦ
NEXT STORY