ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਯੋਗਤਾ ਮਿਤੀ 1.1.2018 ਦੇ ਆਧਾਰ 'ਤੇ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਬੰਧ 'ਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15.11.2017 ਨੂੰ ਕੀਤੀ ਜਾ ਰਹੀ ਹੈ। ਇਸ ਮਿਤੀ ਤੋਂ ਇਹ ਵੋਟਰ ਸੂਚੀ ਜ਼ਿਲਾ ਚੋਣ ਦਫ਼ਤਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਆਮ ਜਨਤਾ ਦੇ ਦੇਖਣ ਲਈ ਉਪਲਬਧ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਕੁਮਾਰ ਜਾਰੰਗਲ ਆਈ. ਏ. ਐੱਸ. ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪਹਿਲਾਂ ਜਾਰੀ ਕੀਤੇ ਪ੍ਰੋਗਰਾਮ ਵਿਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਕਾਰਨ ਕੁਝ ਤਬਦੀਲੀ ਕੀਤੀ ਗਈ ਹੈ, ਨਵੇਂ ਜਾਰੀ ਕੀਤੇ ਗਏ ਪ੍ਰੋਗਰਾਮ ਅਧੀਨ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ ਮਿਤੀ 15.11.2017 ਤੋਂ 14.12.2017 ਨਿਰਧਾਰਿਤ ਕੀਤਾ ਗਿਆ ਹੈ। ਮਿਤੀ 18 ਤੇ 25 ਨਵੰਬਰ 2017 (ਦੋਵੇਂ ਸ਼ਨੀਵਾਰ) ਨੂੰ ਬੀ. ਐੱਲ. ਓਜ਼ ਆਪਣੇ ਪੋਲਿੰਗ ਏਰੀਏ 'ਚ ਪਤਵੰਤੇ ਨਾਗਰਿਕਾਂ ਦੀ ਹਾਜ਼ਰੀ ਵਿਚ ਵੋਟਰ ਸੂਚੀ ਪੜ੍ਹ ਕੇ ਸੁਣਾਉਣਗੇ। ਇਸ ਤੋਂ ਇਲਾਵਾ ਮਿਤੀ 19.11.2017 ਤੇ 26.11.2017 (ਦੋਵੇਂ ਐਤਵਾਰ) ਸਪੈਸ਼ਲ ਕੰਪੇਨ ਮਿਤੀਆਂ ਤੈਅ ਕੀਤੀਆਂ ਗਈਆਂ ਹਨ।
ਇਨ੍ਹਾਂ ਮਿਤੀਆਂ ਨੂੰ ਬੂਥ ਲੈਵਲ ਅਫ਼ਸਰ ਆਪਣੇ ਪੋਲਿੰਗ ਸਟੇਸ਼ਨ 'ਤੇ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਕੋਈ ਵੀ ਵਿਅਕਤੀ ਜਿਸ ਦੀ ਉਮਰ ਮਿਤੀ 01.01.2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਅਤੇ ਉਸ ਦੀ ਵੋਟ ਅਜੇ ਤੱਕ ਨਹੀਂ ਬਣੀ, ਉਹ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰ. 6 (ਸਮੇਤ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਤੇ ਉਮਰ ਸਬੰਧੀ ਦਸਤਾਵੇਜ਼) 'ਚ ਆਪਣਾ ਦਾਅਵਾ ਪੇਸ਼ ਕਰੇਗਾ।
ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟਰ ਦੇ ਵੇਰਵਿਆਂ 'ਚ ਦਰੁਸਤੀ ਲਈ ਫਾਰਮ ਨੰ. 8 ਅਤੇ ਵਿਧਾਨ ਸਭਾ ਹਲਕੇ 'ਚ ਰਿਹਾਇਸ਼ ਤਬਦੀਲੀ ਦੀ ਸੂਰਤ ਵਿਚ ਫਾਰਮ ਨੰ. 8-ਓ ਭਰਿਆ ਜਾ ਸਕਦਾ ਹੈ। ਇਹ ਫਾਰਮ ਆਨਲਾਈਨ ਵੀ ਭਰੇ ਜਾ ਸਕਦੇ ਹਨ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 4 ਵਿਧਾਨ ਸਭਾ ਚੋਣ ਹਲਕੇ ਪੈਂਦੇ ਹਨ।
ਲੰਗਾਹ ਕੈਂਪਸ 'ਚ ਡੇਢ ਘੰਟਾ ਪੁਲਸ ਨੇ ਕੀਤੀ ਜਾਂਚ
NEXT STORY