ਸੰਗਤ ਮੰਡੀ(ਮਨਜੀਤ)-ਬੀਤੀ ਰਾਤ ਹਲਕੀ ਬਰਸਾਤ ਤੇ ਆਈ ਹਨੇਰੀ ਨੇ ਅਗੇਤੀ ਕਣਕ ਦੀ ਫਸਲ ਨੂੰ ਜ਼ਮੀਨ 'ਤੇ ਵਿਛਾ ਦਿੱਤਾ, ਜਿਸ ਕਾਰਨ ਕਿਸਾਨ ਵਿਗੜੇ ਮੌਸਮ ਕਾਰਨ ਚਿੰਤਾਂ 'ਚ ਡੁੱਬ ਗਏ ਹਨ। ਪੱਕੀ ਕਣਕ ਦੀ ਫਸਲ ਦਾ ਜ਼ਮੀਨ 'ਤੇ ਵਿਛਣ ਕਾਰਨ ਉਸ ਦੇ ਝਾੜ 'ਤੇ ਵੀ ਅਸਰ ਪਵੇਗਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤੇ ਰਾਤ ਸਮੇਂ ਇਲਾਕੇ 'ਚ ਹਲਕੀ ਬਰਸਾਤ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਝੋਨੇ ਦੇ ਵੱਢ ਵਾਲੀਆਂ ਕਣਕਾਂ ਨੂੰ ਧਰਤੀ 'ਤੇ ਵਿਛਾ ਦਿੱਤਾ। ਇਕ ਪਾਸੇ ਬੱਦਲਵਾਈ ਤੇ ਘਟੇ ਤਾਪਮਾਨ ਕਾਰਨ ਕਿਸਾਨ ਖੁਸ਼ ਵੀ ਹਨ ਪਰ ਦੂਸਰੇ ਪਾਸੇ ਇਸ ਗੱਲ ਤੋਂ ਵੀ ਡਰੇ ਹੋਏ ਹਨ ਕਿ ਜੇਕਰ ਬਰਸਾਤ ਨਾਲ ਤੇਜ਼ ਹਵਾਵਾਂ ਚੱਲ ਪਈਆਂ ਤਾਂ ਕਣਕ ਦੀ ਫਸਲ ਨੂੰ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹੋ ਜਾਣਾ ਹੈ। ਪਿੰਡ ਜੈ ਸਿੰਘ ਵਾਲਾ ਦੇ ਕਿਸਾਨ ਜਗਜੀਤ ਸਿੰਘ ਤੇ ਪਿੰਡ ਨਰੂਆਣਾ ਦੇ ਕਿਸਾਨ ਕੁਲਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਨ੍ਹਾਂ ਨੇ ਕਣਕ ਦੀ ਫਸਲ ਨੂੰ ਪਾਣੀ ਲਾਇਆ ਸੀ, ਉਹ ਤੇਜ਼ ਹਵਾਵਾਂ ਕਾਰਨ ਜ਼ਮੀਨ 'ਤੇ ਵਿਛ ਗਈਆਂ, ਜਿਸ ਕਾਰਨ ਕਣਕ ਦੇ ਝਾੜ 'ਤੇ ਵੀ ਅਸਰ ਪਵੇਗਾ। ਉਨ੍ਹਾਂ ਘਟੇ ਤਾਪਮਾਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬੇਸ਼ੱਕ ਘਟਿਆ ਤਾਪਮਾਨ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਹੈ ਪਰ ਜੇਕਰ ਬਰਸਾਤ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਫਸਲ ਦਾ ਨੁਕਸਾਨ ਹੋ ਜਾਵੇਗਾ।
ਕੀ ਕਹਿਣਾ ਹੈ ਬਲਾਕ ਸੰਗਤ ਦੇ ਖ਼ੇਤੀਬਾੜੀ ਅਫ਼ਸਰ ਸੁਸ਼ੀਲ ਕੁਮਾਰ ਦਾ
ਜਦ ਇਸ ਸਬੰਧੀ ਬਲਾਕ ਸੰਗਤ ਦੇ ਖ਼ੇਤੀਬਾੜੀ ਅਫ਼ਸਰ ਸੁਸ਼ੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਲਕੀ ਬਰਸਾਤ ਕਾਰਨ ਘਟਿਆ ਤਾਪਮਾਨ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਣਕ ਦੀ ਫਸਲ ਨੂੰ ਪਾਣੀ ਮੌਸਮ ਵੇਖ ਕੇ ਲਾਉਣ। ਉਨ੍ਹਾਂ ਮੰਨਿਆ ਕਿ ਜੋ ਫਸਲਾਂ ਹਨੇਰੀ ਕਾਰਨ ਜ਼ਮੀਨ 'ਤੇ ਵਿਛ ਗਈਆਂ ਹਨ ਉਨ੍ਹਾਂ ਦੇ ਥੋੜ੍ਹੇ ਬਹੁਤ ਝਾੜ 'ਤੇ ਫਰਕ ਪੈ ਸਕਦਾ ਹੈ, ਵੈਸੇ ਘਟਿਆ ਤਾਪਮਾਨ ਕਣਕਾਂ ਲਈ ਬਹੁਤ ਲਾਹੇਵੰਦ ਹੈ।
ਕਤਲ ਕੇਸ 'ਚ ਸ਼ਾਮਲ 3 ਲੋੜੀਂਦੇ ਦੋਸ਼ੀ ਕਾਬੂ
NEXT STORY