ਜਲੰਧਰ, (ਸ਼ੋਰੀ)- ਸੁਲਤਾਨਪੁਰ ਵਿਚ ਪੈਂਦੇ ਪਿੰਡ ਸਰਾਏ ਜੱਟਾਂ ਵਿਚ ਇਕ ਵਿਅਕਤੀ ਕਰਜ਼ੇ ਦੇ ਬੋਝ ਹੇਠਾਂ ਇੰਨਾ ਦੱਬਿਆ ਗਿਆ ਕਿ ਉਸ ਨੇ ਆਪਣੀ ਜੀਵਨ ਲੀਲਾ ਹੀ ਖਤਮ ਕਰਨ ਦੀ ਸੋਚੀ ਤੇ ਲੋਹੇ ਦੇ ਗਾਰਡਰ ਨਾਲ ਰੱਸੀ ਦੇ ਸਹਾਰੇ ਮੌਤ ਨੂੰ ਗਲੇ ਲਗਾਉਣਾ ਚਾਹਿਆ। ਇਸ ਦੌਰਾਨ ਪਤਨੀ ਨੇ ਦੇਖਿਆ ਕਿ ਉਸ ਦਾ ਪਤੀ ਰੱਸੀ ਦੇ ਸਹਾਰੇ ਲਟਕ ਰਿਹਾ ਹੈ ਤਾਂ ਉਸ ਨੇ ਤੁਰੰਤ ਪਤੀ ਨੂੰ ਦੋਵਾਂ ਪੈਰਾਂ ਤੋਂ ਫੜ ਕੇ ਬਚਾਇਆ। ਵਿਗੜੀ ਹਾਲਤ ਵਿਚ ਚਰਨਜੀਤ ਸਿੰਘ (50) ਪੁੱਤਰ ਸਾਧੂ ਸਿੰਘ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੀੜਤ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ। ਜਦੋਂ ਉਸ ਦਾ ਕੰਮਕਾਜ ਠੀਕ ਸੀ ਤਾਂ ਉਸ ਨੇ ਵਾਸ਼ਿੰਗ ਮਸ਼ੀਨ, ਮੋਟਰਸਾਈਕਲ ਕਿਸ਼ਤਾਂ 'ਤੇ ਲੈ ਕੇ ਤੇ ਬੈਂਕ ਤੋਂ ਲੋਨ ਲੈ ਕੇ ਬੇਟੇ ਦਾ ਵਿਆਹ ਕੀਤਾ ਸੀ। ਉਸ ਤੋਂ ਬਾਅਦ ਕੰਮਕਾਜ ਪ੍ਰਭਾਵਿਤ ਹੋਣ ਕਾਰਨ ਉਸ ਕੋਲੋਂ ਲੋਨ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ। ਪੈਸੇ ਲੈਣ ਵਾਲੇ ਲਗਾਤਾਰ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਉਸ ਦੀ ਪਤਨੀ ਨੇ ਵੇਖ ਲਿਆ ਤੇ ਉਸ ਨੂੰ ਬਚਾਅ ਲਿਆ।
ਨਸ਼ੀਲੇ ਪਦਾਰਥਾਂ ਸਣੇ 4 ਗ੍ਰਿਫਤਾਰ
NEXT STORY