ਫਿਰੋਜ਼ਪੁਰ (ਮਲਹੋਤਰਾ) : ਜੰਗਲੀ ਸੂਰਾਂ ਨੂੰ ਖੇਤਾਂ ਵਿਚ ਵੜਣ ਤੋਂ ਰੋਕਣ ਲਈ ਲਗਾਈ ਗਈ ਬਿਜਲੀ ਦੀ ਤਾਰ ਤੋਂ ਕਰੰਟ ਪੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਪਿੰਡ ਝੋਕ ਹਰੀਹਰ ਦੇ ਕੋਲ ਬਸਤੀ ਪੰਡਤਾਂ ਵਾਲੀ ਵਿਚ ਵਾਪਰਿਆ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਕਰੰਟ ਵਾਲੀ ਤਾਰ ਵਿਛਾਉਣ ਵਾਲੇ ਤਿੰਨ ਦੋਸ਼ੀਆਂ ਖ਼ਿਲਾਫ ਪਰਚਾ ਦਰਜ ਕਰਵਾਇਆ ਹੈ। ਥਾਣਾ ਕੁੱਲਗੜੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੇਜਰ ਸਿੰਘ ਪਿੰਡ ਫੱਤੂਵਾਲਾ ਨੇ ਦੱਸਿਆ ਕਿ ਉਸਦੇ ਖੇਤਾਂ ਨਾਲ ਲੱਗਦੀ ਜ਼ਮੀਨ ਨੂੰ ਦਲਬੀਰ ਸਿੰਘ, ਦਲੀਪ ਸਿੰਘ ਅਤੇ ਮੁਖਤਿਆਰ ਸਿੰਘ ਨੇ ਠੇਕੇ ’ਤੇ ਲਿਆ ਹੋਇਆ ਹੈ, ਅਤੇ ਇਨ੍ਹਾਂ ਨੇ ਉਥੇ ਜੰਗਲੀ ਸੂਰਾਂ ਨੂੰ ਮਾਰਨ ਲਈ ਬਿਜਲੀ ਦੀ ਕਰੰਟ ਦੀ ਤਾਰ ਵਿਛਾਈ ਹੋਈ ਹੈ।
ਉਕਤ ਨੇ ਦੱਸਿਆ ਕਿ ਉਸ ਨੇ ਕਈ ਵਾਰ ਉਕਤ ਲੋਕਾਂ ਨੂੰ ਜਾਨਲੇਵਾ ਤਾਰ ਹਟਾਉਣ ਲਈ ਕਿਹਾ ਪਰ ਉਹ ਉਸਦੀ ਗੱਲ ਨਹੀਂ ਮੰਨਦੇ ਸਨ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਉਸਦਾ ਲੜਕਾ ਬਲਵਿੰਦਰ ਸਿੰਘ ਆਪਣੇ ਦੋਸਤ ਅਮਰੀਕ ਸਿੰਘ ਨਾਲ ਖੇਤਾਂ ਵਿਚ ਗਿਆ ਤਾਂ ਉਸ ਨੂੰ ਤਾਰ ਤੋਂ ਕਰੰਟ ਲੱਗ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਲਿਆਉਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏ.ਐੱਸ.ਆਈ. ਅਮਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਤਿੰਨਾਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।
ਮੁਸ਼ਕਿਲਾਂ ’ਚ ਘਿਰੇ ਜਲੰਧਰ ਦੇ DCP ਨਰੇਸ਼ ਡੋਗਰਾ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤਾ ਤਲਬ
NEXT STORY