ਜਲੰਧਰ, (ਅਮਿਤ ਕੁਮਾਰ)- ਪ੍ਰਸ਼ਾਸਨ, ਹਾਈਵੇ ਅਥਾਰਟੀ ਤੇ ਸਰਕਾਰ ਦੀਆਂ ਅਨੇਕਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਰਾਮਾ ਮੰਡੀ ਤੇ ਪੀ. ਏ. ਪੀ. ਫਲਾਈਓਵਰ ਦਾ ਰਸਤਾ 2017 ਵਿਚ ਜਨਤਾ ਲਈ ਨਹੀਂ ਖੁੱਲ੍ਹ ਸਕਿਆ ਪਰ ਹੁਣ ਕੰਮ ਵਿਚ ਕੁਝ ਤੇਜ਼ੀ ਆਉਣ ਦੀ ਉਮੀਦ ਜਾਗੀ ਹੈ ਕਿ ਨਵਾਂ ਸਾਲ ਫਲਾਈਓਵਰ ਦੇ ਬਣਨ ਦੀਆਂ ਖੁਸ਼ੀਆਂ ਲੈ ਕੇ ਆਵੇ। ਸਾਲਾਂ ਤੋਂ ਧੂੜ ਫੱਕ ਰਹੀ ਜਨਤਾ ਤੇ ਘੰਟਿਆਂਬਧੀ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਵੀ ਛੁਟਕਾਰਾ ਮਿਲੇਗਾ। ਇਹ ਪ੍ਰਾਜੈਕਟ ਪਿਛਲੇ 8 ਸਾਲ ਤੋਂ ਲਟਕ ਰਿਹਾ ਹੈ। ਹੁਣ ਰਾਮਾ ਮੰਡੀ ਤੋਂ ਲੈ ਕੇ ਪੀ. ਏ. ਪੀ. ਚੌਕ ਵਿਚ ਅਧੂਰੇ ਪਏ ਫਲਾਈਓਵਰ ਤੇ ਸਰਵਿਸ ਲੇਨ ਦਾ ਨਿਰਮਾਣ ਅਗਲੇ ਕੁਝ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਉਸਾਰੀ ਕਰਨ ਵਾਲੀ ਸੋਮਾ ਕੰਸਟਰੱਕਸ਼ਨ ਕੰਪਨੀ ਨੂੰ ਦੋਵੇਂ ਕੰਮ ਪੂਰੇ ਕਰਨ ਲਈ 31 ਮਾਰਚ ਦੀ ਡੈੱਡਲਾਈਨ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਨੀਪਤ ਤੋਂ ਲੈ ਕੇ ਜਲੰਧਰ ਸ਼ਹਿਰ ਦੇ ਬਿਧੀਪੁਰ ਫਾਟਕ ਤੱਕ 2009 ਵਿਚ 3400 ਕਰੋੜ ਦੀ ਲਾਗਤ ਨਾਲ ਸਿਕਸ ਲੇਨ ਨੈਸ਼ਨਲ ਹਾਈਵੇ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਹ ਯੋਜਨਾ 11 ਨਵੰਬਰ 2011 ਤੱਕ ਪੂਰੀ ਕਰਨੀ ਸੀ ਪਰ ਜਲੰਧਰ ਵਿਚ ਰਾਮਾ ਮੰਡੀ ਤੋਂ ਲੈ ਕੇ ਪੀ. ਏ. ਪੀ. ਚੌਕ ਦਰਮਿਆਨ ਫੌਜ ਦਾ ਟੈਂਕ ਸਰਵਿਸ ਲੇਨ ਦਰਮਿਆਨ ਆ ਰਿਹਾ ਸੀ, ਜਿਸ ਕਾਰਨ ਇਸ ਇਲਾਕੇ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਅਧੂਰਾ ਛੱਡ ਦਿੱਤਾ ਗਿਆ ਸੀ। ਉਦੋਂ ਤੋਂ ਇਹ ਕੰਮ ਇੰਝ ਲਟਕ ਰਿਹਾ ਸੀ ਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਾ ਇਸ ਰੋਡ 'ਤੇ ਬੁਰਾ ਹਾਲ ਸੀ।
6 ਮਹੀਨਿਆਂ ਤਕ ਪੂਰਾ ਹੋ ਜਾਵੇਗਾ ਪੀ. ਏ. ਪੀ.-ਰਾਮਾ ਮੰਡੀ ਪ੍ਰਾਜੈਕਟ
ਐੱਨ. ਐੱਚ. ਏ. ਆਈ. ਵਲੋਂ ਪੀ. ਏ. ਪੀ. ਫਲਾਈਓਵਰ ਦਾ ਕੰਮ ਪੂਰਾ ਕਰਨ ਲਈ 31 ਮਾਰਚ 2018 ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਤਰ੍ਹਾਂ ਰਾਮਾ ਮੰਡੀ ਫਲਾਈਓਵਰ ਦਾ ਕੰਮ ਪੂਰਾ ਕਰਨ ਲਈ 30 ਮਈ 2018 ਦਾ ਟੀਚਾ ਰੱਖਿਆ ਗਿਆ ਹੈ। ਪੀ. ਏ. ਪੀ. ਫਲਾਈਓਵਰ ਦਾ ਕੰਮ ਪੂਰਾ ਹੋ ਚੁੱਕਾ ਹੈ। ਜ਼ਿਲਾ ਪ੍ਰਸ਼ਾਸਨ ਤੇ ਪੁਲਸ ਦੇ ਸਾਂਝੇ ਉਪਰਾਲਿਆਂ ਨਾਲ ਪੀ. ਏ. ਪੀ. ਦੇ ਨਾਲ ਹਾਈਟੈਂਸ਼ਨ ਵਾਇਰ ਹਟਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ, ਜਿਸ ਕਾਰਨ ਪੀ. ਏ. ਪੀ. ਫਲਾਈਓਵਰ ਦਾ ਕੰਮ ਪੂਰੀ ਤੇਜ਼ੀ ਨਾਲ ਜਾਰੀ ਹੈ। ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ 6 ਮਹੀਨਿਆਂ ਤੱਕ ਪੀ. ਏ. ਪੀ.-ਰਾਮਾ ਮੰੰਡੀ ਪ੍ਰਾਜੈਕਟ ਪੂਰਾ ਹੋ ਜਾਵੇਗਾ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਰਾਮਾ ਮੰਡੀ ਵਿਚ 3 ਸਾਲ ਪਹਿਲਾਂ ਹੀ ਪਿੱਲਰ ਬਣਾ ਕੇ ਚੌਕ ਦੇ ਸਪੈਨ ਬਣਾ ਲਏ ਹਨ। ਮੇਨ ਢਲਾਨ 'ਤੇ ਲੈਂਟਰ ਪਾਉਣ ਦਾ ਕੰਮ ਸਿਰਫ ਇਸ ਲਈ ਬਚਿਆ ਸੀ ਕਿਉਂਕਿ ਆਰਮੀ ਕੋਲੋਂ ਜ਼ਮੀਨ ਚਾਹੀਦੀ ਹੈ। ਇਹੀ ਹਾਲ ਪੀ. ਏ. ਪੀ. ਚੌਕ ਦੇ ਪੁਲ ਦਾ ਰਿਹਾ। ਪਿਛਲੇ ਸਾਲ ਅਪ੍ਰੈਲ ਵਿਚ ਆਰਮੀ ਕੋਲੋਂ ਜ਼ਮੀਨ ਦੇਣ ਦੀ ਮਨਜ਼ੂਰੀ ਆਉਣ ਤੋਂ ਬਾਅਦ ਕੰਧਾਂ ਬਣਾਉਣ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਆਰਮੀ ਦੀਆਂ ਪੁਰਾਣੀਆਂ ਕੰਧਾਂ ਤੋੜ ਕੇ ਹਾਈਵੇ ਦੀ 8 ਮੀਟਰ ਚੌੜੀ ਲੇਨ ਬਣਨੀ ਹੈ। ਹੁਣ ਆਰਮੀ ਨੇ ਆਪਣੀਆਂ ਸਾਰੀਆਂ ਕੰਧਾਂ ਤਿਆਰ ਕਰ ਲਈਆਂ ਹਨ ਤੇ ਟੈਂਕ ਨੂੰ ਹਟਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ।
15 ਦਿਨਾਂ 'ਚ ਪੂਰੇ ਹੋ ਜਾਵੇਗਾ ਫੌਜ ਦਾ ਟੈਂਕ ਹਟਾਉਣ ਦਾ ਕੰਮ
ਇਸ ਪ੍ਰਾਜੈਕਟ ਵਿਚ ਰੁਕਾਵਟ ਬਣ ਰਹੇ ਫੌਜ ਦੇ ਟੈਂਕ ਨੂੰ ਹੁਣ ਸ਼ਿਫਟ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਹਟਾਉਣ ਦਾ ਕੰਮ ਲਗਭਗ 15 ਦਿਨਾਂ ਵਿਚ ਪੂਰਾ ਹੋ ਜਾਵੇਗਾ ਤੇ ਟ੍ਰੈਫਿਕ ਜਾਮ ਤੋਂ ਲਗਭਗ 50 ਫੀਸਦੀ ਤੱਕ ਆਮ ਜਨਤਾ ਨੂੰ ਰਾਹਤ ਮਿਲੇਗੀ ਪਰ ਇਸ ਰਸਤੇ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਪੂਰੀ ਤਰ੍ਹਾਂ ਛੁਟਕਾਰੇ ਲਈ ਲੋਕਾਂ ਨੂੰ 2-3 ਮਹੀਨੇ ਦੀ ਹੋਰ ਉਡੀਕ ਕਰਨੀ ਪੈ ਸਕਦੀ ਹੈ।
2.6 ਕਿਲੋਮੀਟਰ ਦੇ ਸਪੈਨ ਨੂੰ ਪੂਰਾ ਕਰਨ ਲਈ ਆਏਗਾ 150 ਕਰੋੜ ਦਾ ਖਰਚਾ
ਪੀ. ਏ. ਪੀ. ਤੋਂ ਰਾਮਾ ਮੰਡੀ ਤੱਕ ਕੁਲ 2.6 ਕਿਲੋਮੀਟਰ ਦੇ ਏਰੀਏ 'ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਲਗਭਗ 150 ਕਰੋੜ ਰੁਪਏ ਖਰਚ ਹੋਵੇਗਾ, ਜਿਸ ਵਿਚ ਦੋ ਫਲਾਈਓਵਰਾਂ ਦੇ ਢਾਂਚੇ ਦਾ ਨਿਰਮਾਣ ਤੇ ਹਾਈਵੇ ਕੀਮਤ ਸ਼ਾਮਲ ਹੈ ਪਰ ਇਸ ਪੂਰੀ ਰਕਮ ਵਿਚ 45-50 ਕਰੋੜ ਰੁਪਏ ਸਟਰਕਚਰਲ ਤੇ ਹਾਈਵੇ ਕੀਮਤ ਦੇ ਤੌਰ 'ਤੇ ਖਰਚ ਹੋਵੇਗਾ, ਜਦੋਂਕਿ 90-100 ਕਰੋੜ ਰੁਪਏ ਫੌਜ ਕੋਲੋਂ ਜ਼ਮੀਨ ਐਕਵਾਇਰ ਲਈ ਦੇਣੇ ਪੈ ਰਹੇ ਹਨ। ਇਸ ਰਕਮ ਵਿਚ ਫੌਜ ਦੀਆਂ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵੀ ਐੱਨ. ਐੱਚ. ਏ. ਆਈ. ਨੂੰ ਲਗਭਗ 15 ਕਰੋੜ ਰੁਪਏ ਖਰਚ ਕਰਨੇ ਪਏ ਹਨ। ਐੱਨ. ਐੱਚ. ਏ. ਆਈ. ਵਲੋਂ 31 ਦਸੰਬਰ ਨੂੰ 2017 ਤੋਂ ਫੌਜ ਨੂੰ 1-1 ਕਰ ਕੇ ਨਵੀਆਂ ਬਣਾਈਆਂ ਜਾ ਰਹੀਆਂ ਬਿਲਡਿੰਗਾਂ ਨੂੰ ਸੌਂਪਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਬਿਲਡਿੰਗ ਬਣਾਉਣ ਦਾ ਲਗਭਗ 80-85 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਸਿਰਫ ਫਿਨਿਸ਼ਨਿੰਗ ਜੌਬ ਜਿਵੇਂ ਕਿ ਬਾਥਰੂਮ, ਫਲੋਰਿੰਗ, ਇਲੈਕਟ੍ਰੀਕਲ ਤੇ ਦਰਵਾਜ਼ਿਆਂ ਆਦਿ ਦਾ ਕੰਮ ਬਾਕੀ ਬਚਿਆ ਹੈ, ਜਿਸਦੇ 31 ਮਾਰਚ 2018 ਤੱਕ ਪੂਰੇ ਹੋਣ ਦੀ ਸੰਭਾਵਨਾ ਹੈ।
ਕੰਮ ਪੂਰਾ ਹੋਣ ਤਕ ਟ੍ਰੈਫਿਕ ਨਹੀਂ ਹੋਵੇਗਾ ਸੁਚਾਰੂ
ਅਜੇ ਤੱਕ ਰਾਮਾ ਮੰਡੀ ਫਲਾਈਓਵਰ ਨਾ ਬਣਨ ਨਾਲ ਲੁਧਿਆਣਾ ਤੋਂ ਜਲੰਧਰ ਤੇ ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲੇ ਲੋਕਾਂ ਨੂੰ ਕਾਫੀ ਤਕਲੀਫ ਵਿਚੋਂ ਲੰਘਣਾ ਪੈ ਰਿਹਾ ਹੈ। ਘੰਟਿਆਂਬੱਧੀ ਟ੍ਰੈਫਿਕ ਜਾਮ ਨਾਲ ਜੂਝਣਾ ਪੈਂਦਾ ਹੈ। ਧੂੜ ਮਿੱਟੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਤੇ ਲੱਖਾਂ ਦਾ ਪੈਟਰੋਲ ਹਰ ਸਾਲ ਵਾਹਨਾਂ 'ਤੇ ਐਕਸਟ੍ਰਾ ਖਰਚ ਹੋ ਰਿਹਾ ਹੈ। ਜਦੋਂ ਤੱਕ ਰਾਮਾ ਮੰਡੀ ਫਲਾਈਓਵਰ ਦੀ ਕੁਨੈਕਟੀਵਿਟੀ ਨਹੀਂ ਹੁੰਦੀ ਤੱਦ ਤੱਕ ਟ੍ਰੈਫਿਕ ਸੁਚਾਰੂ ਨਹੀਂ ਹੋ ਸਕਦਾ। ਇਸ ਪੁਲ ਦੇ ਨਾ ਬਣਨ ਨਾਲ ਹਾਦਸਿਆਂ ਵਿਚ ਭਾਰੀ ਵਾਧਾ ਹੋ ਰਿਹਾ ਹੈ।
ਅਮਨ ਤੇ ਕਾਨੂੰਨ ਵਿਵਸਥਾ ਪੁਲਸ ਲਈ 2017 'ਚ ਰਹੀ ਚੁਣੌਤੀਪੂਰਨ
NEXT STORY