ਦਸੂਹਾ, (ਸੰਜੇ ਰੰਜਨ)- ਰਾਸ਼ਟਰੀ ਮਾਰਗ ਜੀ. ਟੀ. ਰੋਡ 'ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਬਿਜਲੀ ਦਫ਼ਤਰ ਵਾਲੀ ਸਾਈਡ 'ਤੇ ਜੋ ਨਾਲਾ ਦੁਕਾਨਾਂ ਦੇ ਅੱਗੇ ਤੋਂ ਲੰਘਦਾ ਹੈ, ਉਸ 'ਤੇ ਸਲੈਬਾਂ ਪਈਆਂ ਹੋਈਆਂ ਹਨ, ਥੱਲੇ ਤੋਂ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਪਾ ਰਹੀ, ਇਸ ਕਾਰਨ ਇਹ ਗੰਦਾ ਪਾਣੀ ਓਵਰਫਲੋਅ ਹੋ ਰਿਹਾ ਹੈ। ਥੋੜ੍ਹੀ ਜਿਹੀ ਬਰਸਾਤ 'ਤੇ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕ 'ਤੇ ਆ ਜਾਂਦਾ ਹੈ। ਕਈ ਵਾਰ ਦੁਕਾਨਾਂ ਅੰਦਰ ਵੀ ਚਲਾ ਜਾਂਦਾ ਹੈ। ਇਸ ਕਰ ਕੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਓਵਰਫਲੋਅ ਹੋ ਰਹੇ ਗੰਦੇ ਪਾਣੀ ਦੀ ਬਦਬੂ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੰਦੀ ਹੈ ਅਤੇ ਦੁਕਾਨਦਾਰਾਂ ਦਾ ਆਪਣੀ ਦੁਕਾਨ 'ਤੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਥੋਂ ਲੰਘਣ ਵਾਲੇ ਰਾਹਗੀਰ ਵੀ ਆਪਣੇ ਨੱਕ ਨੂੰ ਢੱਕ ਕੇ ਲੰਘਦੇ ਹਨ। ਪਿਛਲੇ ਕਾਫੀ ਸਮੇਂ ਤੋਂ ਇਹ ਸਮੱਸਿਆ ਲਗਾਤਾਰ ਜਾਰੀ ਹੈ ਪਰ ਨਾ ਤਾਂ ਨਗਰ ਕੌਂਸਲ ਤੇ ਨਾ ਹੀ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ। ਸਿਰਫ਼ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖਿਆ ਜਾ ਰਿਹਾ ਹੈ। ਪਿਛਲੇ ਸਾਲ ਵੀ ਬਰਸਾਤ ਦੇ ਦਿਨਾਂ 'ਚ ਇਹ ਸਮੱਸਿਆ ਗੰਭੀਰ ਹੋ ਗਈ ਸੀ ਅਤੇ ਕੁਝ ਹਿੱਸਿਆਂ ਦੀ ਸਫ਼ਾਈ ਕਰਵਾਈ ਗਈ ਸੀ ਪਰ ਬਾਕੀ ਦੇ ਹਿੱਸਿਆਂ ਨੂੰ ਛੱਡ ਦਿੱਤਾ ਗਿਆ ਸੀ। ਕਈ ਵਾਰ ਤਾਂ ਓਵਰਫਲੋਅ ਪਾਣੀ ਬਿਜਲੀ ਦਫ਼ਤਰ ਦੇ ਮੁੱਖ ਗੇਟ ਦੇ ਬਾਹਰ ਵੀ ਭਾਰੀ ਮਾਤਰਾ 'ਚ ਇਕੱਠਾ ਹੋ ਜਾਂਦਾ ਹੈ ਤੇ ਲੋਕਾਂ ਨੂੰ ਦਫ਼ਤਰ ਅੰਦਰ ਜਾਣਾ ਵੀ ਮੁਸ਼ਕਲ ਹੁੰਦਾ ਹੈ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ : ਇਸ ਸਬੰਧ 'ਚ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਡਾ. ਹਰਸਿਮਰਤ ਸਾਹੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਾਲੇ ਦੀ ਸਫ਼ਾਈ ਰਾਸ਼ਟਰੀ ਹਾਈਵੇ ਅਥਾਰਟੀ ਨੇ ਕਰਵਾਉਣੀ ਹੈ। ਉਨ੍ਹਾਂ ਨੂੰ 2 ਵਾਰ ਪੱਤਰ ਲਿਖਿਆ ਜਾ ਚੁੱਕਾ ਹੈ ਪਰ ਫ਼ਿਰ ਵੀ ਸਮੱਸਿਆ ਨੂੰ ਦੇਖਦੇ ਹੋਏ ਉਹ ਜਲਦ ਹੀ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਤੋਂ ਸਫ਼ਾਈ ਕਰਵਾ ਦੇਣਗੇ।
ਰੇਹੜੀ ਫੜ੍ਹੀ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਦੇ ਸਕੱਤਰ ਵਿਰੁੱਧ ਪ੍ਰਦਰਸ਼ਨ
NEXT STORY