ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਸੰਧਿਆ) - ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ 3 ਮਹੀਨੇ ਤੋਂ ਚੋਰੀ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਵਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਥਾਣਾ ਸਦਰ ਦੀ ਪੁਲਸ ਤੋਂ ਡਰ ਕੇ ਉਨ੍ਹਾਂ ਨੇ ਪੁੱਤਰ ਗੁਰਤੇਜ ਸਿੰਘ ਨੇ ਨਹਿਰ 'ਚ ਛਾਲ ਮਾਰੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੇ ਪੁਲਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਨਹਿਰ ਦੇ ਕਿਨਾਰੇ ਤੋਂ ਗੁਰਤੇਜ ਦਾ ਸਾਈਕਲ, ਮੋਬਾਈਲ ਫੋਨ ਅਤੇ ਕੱਪੜੇ ਬਰਾਮਦ ਹੋਏ ਹਨ।

ਗੁਰਤੇਜ ਦੇ ਪਿਤਾ ਨੇ ਦੱਸਿਆ ਕਿ ਫਰਵਰੀ ਮਹੀਨੇ ਉਸ 'ਤੇ ਚੋਰੀ ਦਾ ਮਾਮਲਾ ਦਰਜ ਹੋਣ ਮਗਰੋਂ ਥਾਣੇਦਾਰ ਕਰਮਜੀਤ ਸਿੰਘ ਉਸ ਨੂੰ ਜੇਲ ਭੇਜਣ ਦੀ ਥਾਂ ਥਾਣੇ 'ਚ ਬੁਲਾ ਕੇ ਤੰਗ ਪਰੇਸ਼ਾਨ ਕਰਦਾ ਸੀ। ਬੀਤੇ ਦਿਨ ਵੀ ਥਾਣੇਦਾਰ ਨੇ ਉਸ ਨੂੰ ਥਾਣੇ 'ਚ ਬੁਲਾਇਆ ਸੀ ਪਰ ਉਸ ਨੇ ਥਾਣੇ 'ਚ ਜਾਣ ਦੀ ਥਾਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਦੱਸ ਦੇਈਏ ਕਿ ਗੁਰਤੇਜ ਸਿੰਘ ਪੁੱਤਰ ਭੂਰਾ ਸਿੰਘ 'ਤੇ ਪਿੰਡ ਦੇ ਹੀ ਇਕ ਫੌਜੀ ਨੇ ਚੋਰੀ ਦਾ ਪਰਚਾ ਦਰਜ ਕਰਵਾਇਆ ਸੀ, ਜਿਸ 'ਚ ਉਸ ਨੇ ਉਸ 'ਤੇ ਘਰ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰਨ ਦੀ ਗੱਲ ਕਹੀ ਸੀ, ਜਿਨ੍ਹਾਂ ਦੀ ਕੀਮਤ ਕਰੀਬ ਦੋ ਲੱਖ ਤੋਂ ਵੱਧ ਸੀ। ਇਸ ਮਾਮਲੇ ਨੂੰ ਲੈ ਕੇ ਨੌਜਵਾਨ ਨੂੰ ਬੁੱਧਵਾਰ ਦੀ ਸਵੇਰੇ ਥਾਣੇ 'ਚ ਬੁਲਾਇਆ ਗਿਆ ਸੀ। ਉਥੇ ਪੰਚਾਇਤ ਦੇ ਸਾਹਮਣੇ ਗੱਲ ਹੋਈ ਤਾਂ ਉਸਨੂੰ ਫਿਰ ਤੋਂ ਸ਼ਾਮ ਨੂੰ ਬੁਲਾਇਆ ਗਿਆ ਤਾਂ ਕਿ ਬੈਠ ਕੇ ਇਸ ਮਾਮਲੇ ਦਾ ਹੱਲ ਕੀਤਾ ਜਾ ਸਕੇ ਪਰ ਉਕਤ ਨੌਜਵਾਨ ਜਾਣ ਤੋਂ ਪਹਿਲਾਂ ਗਾਇਬ ਹੋ ਗਿਆ। ਉਧਰ ਉਸ ਦੀ ਪਤਨੀ ਲਕਸ਼ਮੀ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਚੋਰੀ ਨਹੀਂ ਕੀਤੀ ਸਗੋਂ ਉਸ 'ਤੇ ਝੂਠਾ ਦੋਸ਼ ਲਾ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੱਕਿਆ। ਥਾਣਾ ਸਦਰ ਦੇ ਮੁਖੀ ਪ੍ਰਤਾਪਲ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਬੁਲਾਇਆ ਜਰੂਰ ਗਿਆ ਸੀ ਪਰ ਉਸ ਨਾਲ ਅਜਿਹੀ ਕੋਈ ਗੱਲ ਨਹੀਂ ਕੀਤੀ ਗਈ।
ਬੁਨਿਆਦੀ ਸਹੂਲਤਾਂ ਤੋਂ ਹਾਲੇ ਵੀ ਵਾਂਝੇ ਹਨ ਸਰਹੱਦੀ ਖੇਤਰ ਦੇ ਵਸਨੀਕ
NEXT STORY