ਮੁੰਬਈ 'ਚ ਸਾਢੇ 6 ਸਾਲਾਂ ਦੌਰਾਨ ਔਰਤਾਂ ਵਿਰੁੱਧ ਅਪਰਾਧਾਂ ਵਿਚ 85 ਫੀਸਦੀ ਵਾਧਾ ਹੋਇਆ ਹੈ। ਸੰਨ 2018 ਦੇ ਪਹਿਲੇ 6 ਮਹੀਨਿਆਂ ਵਿਚ 3047 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਇਸ ਦੇ ਉਲਟ 2012 ਵਿਚ 1649 ਮਾਮਲੇ ਦਰਜ ਕੀਤੇ ਗਏ ਸਨ।
ਮੁੰਬਈ ਪੁਲਸ ਕੋਲ ਮੁਹੱਈਆ ਅੰਕੜਿਆਂ ਮੁਤਾਬਿਕ ਔਰਤਾਂ ਵਿਰੁੱਧ ਅਪਰਾਧਾਂ, ਜਿਨ੍ਹਾਂ ਵਿਚ ਬਲਾਤਕਾਰ, ਛੇੜਖਾਨੀ, ਅਗਵਾ, ਸਹੁਰਿਆਂ ਵਲੋਂ ਅੱਤਿਆਚਾਰ ਅਤੇ ਕਤਲ ਸ਼ਾਮਿਲ ਹਨ, ਵਿਚ 2012 ਤੋਂ ਲਗਾਤਾਰ ਵਾਧਾ ਹੋਇਆ ਹੈ।
2017 ਵਿਚ ਪੂਰੇ ਸੂਬੇ 'ਚ ਦਰਜ ਬਲਾਤਕਾਰ ਦੇ 4356 ਅਤੇ ਛੇੜਖਾਨੀ ਦੇ 12238 ਮਾਮਲਿਆਂ 'ਚੋਂ ਕ੍ਰਮਵਾਰ 20 ਅਤੇ 15 ਫੀਸਦੀ ਮੁੰਬਈ ਤੋਂ ਸਨ। ਕੌਮੀ ਰਾਜਧਾਨੀ 'ਚ ਪਿਛਲੇ ਸਾਲ ਔਰਤਾਂ ਵਿਰੁੱਧ ਅਪਰਾਧਾਂ ਦੇ 8644 ਮਾਮਲੇ ਦਰਜ ਕੀਤੇ ਗਏ ਤੇ ਇਸੇ ਸਮੇਂ ਦੌਰਾਨ ਮੁੰਬਈ 'ਚ 5425 ਮਾਮਲੇ ਦਰਜ ਕੀਤੇ ਗਏ।
ਪੁਲਸ ਦਾ ਮੰਨਣਾ ਹੈ ਕਿ ਇਸ ਗਿਣਤੀ 'ਚ ਵਾਧੇ ਦੀ ਇਕ ਵਜ੍ਹਾ ਲੋਕਾਂ 'ਚ ਅਪਰਾਧਾਂ ਬਾਰੇ ਰਿਪੋਰਟ ਦਰਜ ਕਰਵਾਉਣ ਦੀ ਜਾਗਰੂਕਤਾ ਅਤੇ ਨਿਆਂ ਪ੍ਰਣਾਲੀ ਵਿਚ 'ਭਰੋਸਾ' ਹੈ। ਪੁਲਸ ਕਮਿਸ਼ਨਰ ਅਤੇ ਮੁੰਬਈ ਪੁਲਸ ਦੇ ਬੁਲਾਰੇ ਮੰਜੂ ਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਹਰੇਕ ਪੁਲਸ ਥਾਣੇ ਵਿਚ ਔਰਤਾਂ ਲਈ ਇਕ ਵੱਖਰਾ ਸੈੱਲ ਬਣਾਇਆ ਹੋਇਆ ਹੈ।
ਔਰਤਾਂ ਵਿਰੁੱਧ ਮਾਮਲਿਆਂ ਨਾਲ ਨਜਿੱਠਣਾ ਉਨ੍ਹਾਂ ਦੀ ਤਰਜੀਹ ਹੈ। ਉਹ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਤੁਰੰਤ ਮਾਮਲੇ ਦਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਅਪਰਾਧਾਂ ਬਾਰੇ ਰਿਪੋਰਟ ਕਰਨਾ ਸਾਡੀਆਂ ਜਾਗੂਰਕਤਾ ਮੁਹਿੰਮਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਦੱਸਦੀ ਹੈ ਕਿ ਜਿਥੇ ਜਾਗਰੂਕਤਾ ਮੁਹਿੰਮਾਂ ਨੇ ਔਰਤਾਂ ਨੂੰ ਆਪਣੇ ਵਿਰੁੱਧ ਅਪਰਾਧਾਂ ਦੀ ਰਿਪੋਰਟ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ ਹੈ, ਉਥੇ ਹੀ ਇਕ ਸੁਰੱਖਿਅਤ ਮਾਹੌਲ ਬਣਾਉਣਾ ਬਹੁਤ ਅਹਿਮ ਹੈ। ਇਕ ਸਮਾਜ ਹੋਣ ਦੇ ਨਾਤੇ ਸਾਨੂੰ ਸਮੂਹਿਕ ਤੌਰ 'ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਲੈਣੀ ਪਵੇਗੀ।
ਸਾਬਕਾ ਪੁਲਸ ਕਮਿਸ਼ਨਰ ਐੱਮ. ਐੱਨ. ਸਿੰਘ ਨੂੰ ਛੇੜਖਾਨੀ ਕਰਨ ਵਾਲਿਆਂ ਵਲੋਂ ਔਰਤਾਂ ਦੀਆਂ ਹੱਤਿਆਵਾਂ ਕਰਨ ਦੇ ਮਾਮਲਿਆਂ ਦਾ ਵਧਦੇ ਜਾਣਾ ਜ਼ਿਆਦਾ ਚਿੰਤਾਜਨਕ ਲੱਗਦਾ ਹੈ। ਉਹ ਸ਼ਹਿਰ ਵਿਚ ਅਪਰਾਧਾਂ ਦੇ ਵਧਣ ਲਈ ਛੋਟੇ ਸ਼ਹਿਰਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਪਰਾਧਾਂ ਪਿੱਛੇ ਹੋਰਨਾਂ ਤੋਂ ਇਲਾਵਾ ਸਮਾਜਿਕ ਅਤੇ ਆਰਥਿਕ ਕਾਰਨ ਵੀ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨ ਮੁੰਡਿਆਂ ਨੂੰ ਇਹ ਸਿਖਾਉਣਾ ਅਹਿਮ ਹੈ ਕਿ ਕੁੜੀਆਂ/ਔਰਤਾਂ ਨੂੰ ਉਹ ਆਪਣੀ ਇੱਛਾ ਦੀ ਪੂਰਤੀ ਦੇ ਸਾਧਨ ਵਜੋਂ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਉਨ੍ਹਾਂ ਦੇ ਬਰਾਬਰ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਸਖਤ ਸਜ਼ਾ ਦੇ ਜ਼ਰੀਏ ਮਿਸਾਲ ਕਾਇਮ ਕਰਨਾ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਇਕ ਚਿਰਸਥਾਈ ਉਪਾਅ ਸਿੱਧ ਹੋਵੇਗਾ। (ਮੁੰਮਿ)
ਸ਼ਹੀਦ ਜਵਾਨਾਂ ਦਾ ਸਨਮਾਨ ਕਰਨਾ ਸਿੱਖੋ
NEXT STORY