ਹਿਮਾਚਲ ਪ੍ਰਦੇਸ਼ ’ਚ ਠਾਕੁਰ ਜੈਰਾਮ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਸੰਦਰਭ ’ਚ ਆਯੋਜਿਤ ਜਸ਼ਨ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਗਮਨ ਤੇ ਸੰਬੋਧਨ ਸੂਬੇ ਦੀ ਸਿਆਸਤ ’ਚ ਨਵੇਂ ਰੰਗ ਭਰ ਗਿਆ ਹੈ।
ਲੋਕ ਸਭਾ ਚੋਣਾਂ ਲਈ ਤਾਲ ਠੋਕਣ ਦੀ ਤਿਆਰੀ ਕਰ ਰਹੀ ਭਾਜਪਾ ਵਾਸਤੇ ਤਾਂ ਮੋਦੀ ਦਾ ਇਹ ਦੌਰਾ ‘ਸੰਜੀਵਨੀ’ ਸਿੱਧ ਹੋਇਆ ਹੈ ਪਰ ਨਾਲ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਸੂਬਾਈ ਭਾਜਪਾ ਨੂੰ ਵੀ ਮੋਦੀ ਨਵੀਂ ਊਰਜਾ ਨਾਲ ਲੈਸ ਕਰ ਕੇ ਇਹ ਸੰਦੇਸ਼ ਦੇ ਗਏ ਹਨ ਕਿ ਸੂਬੇ ’ਚ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਭਰੋਸਾ ਤੇ ਸਮਰਥਨ ਹਾਸਿਲ ਹੈ।
ਇਹੋ ਨਹੀਂ, ਮੁੱਖ ਮੰਤਰੀ ਨੂੰ ਆਪਣਾ ‘ਪੱਕਾ ਮਿੱਤਰ’ ਅਤੇ ‘ਤੇਜਸਵੀ ਮੁੱਖ ਮੰਤਰੀ’ ਕਹਿ ਕੇ ਮੋਦੀ ਸੂਬੇ ਦੇ ਸਿਆਸੀ ਹਲਕਿਅਾਂ ਨੂੰ ਵੀ ਭਵਿੱਖੀ ਸਿਆਸੀ ਸਮੀਕਰਨਾਂ ਦਾ ਸਾਫ ਸੰਕੇਤ ਦੇ ਗਏ ਹਨ, ਭਾਵ ਮੋਦੀ ਦੇ ਇਸ ਦੌਰੇ ਨਾਲ ਮੁੱਖ ਮੰਤਰੀ ਜੈਰਾਮ ਠਾਕੁਰ ਸੂਬੇ ਦੀ ਭਾਜਪਾ ਸਿਆਸਤ ’ਚ ਮਜ਼ਬੂਤ ਹੋ ਕੇ ਉੱਭਰੇ ਹਨ ਤੇ ਉਨ੍ਹਾਂ ਨੇ ਵਿਰੋਧੀਅਾਂ ਨੂੰ ਵੀ ਇਹ ਸੰਕੇਤ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਗੈਰ-ਤਜਰਬੇਕਾਰ ਜਾਂ ਘੱਟ ਕਰ ਕੇ ਨਾ ਜਾਣਿਆ ਜਾਵੇ।
ਕਾਂਗਰਸ ਕੋਲ ਕੋਈ ਠੋਸ ਮੁੱਦਾ ਨਹੀਂ
ਮੋਦੀ ਦੇ ਇਸ ਦੌਰੇ ਅਤੇ ਸੂਬਾ ਸਰਕਾਰ ਵਲੋਂ ਧਰਮਸ਼ਾਲਾ ’ਚ ਆਯੋਜਿਤ ‘ਜਨ ਆਭਾਰ ਰੈਲੀ’ ਨੂੰ ਲੈ ਕੇ ਹਾਲਾਂਕਿ ਪ੍ਰਮੁੱਖ ਸਿਆਸੀ ਪਾਰਟੀ ਕਾਂਗਰਸ ਵਲੋਂ ਲਗਾਤਾਰ ਨਿਸ਼ਾਨੇ ਲਾਏ ਜਾ ਰਹੇ ਹਨ ਪਰ ਸਿਆਸੀ ਆਬਜ਼ਰਵਰ ਵੀ ਇਹ ਮੰਨਦੇ ਹਨ ਕਿ ਸੂਬੇ ’ਚ ਲੀਡਰਸ਼ਿਪ ਦੀ ਲੜਾਈ ’ਚ ਉਲਝੀ ਕਾਂਗਰਸ ਕੋਲ ਫਿਲਹਾਲ ਜੈਰਾਮ ਠਾਕੁਰ ਦੀ ਸਰਕਾਰ ਵਿਰੁੱਧ ਕੋਈ ਠੋਸ ਮੁੱਦਾ ਨਹੀਂ ਹੈ। ਇਸ ਰੈਲੀ ’ਚ ਪੁੱਜੀ ਭੀੜ ਨੇ ਵੀ ਭਾਜਪਾ ਵਰਕਰਾਂ ਨੂੰ ਉਦੋਂ ਇਕ ਨਵੀਂ ਊਰਜਾ ਦਿੱਤੀ ਹੈ, ਜਦੋਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ’ਚ ਪਾਰਟੀ ਦੇ ਹਾਰਨ ਤੋਂ ਬਾਅਦ ਵਰਕਰ ਨਿਰਾਸ਼ ਸਨ।
ਮੋਦੀ ਵਲੋਂ ਇਸ ਰੈਲੀ ’ਚ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀਅਾਂ ਗਈਅਾਂ ਯੋਜਨਾਵਾਂ ਦੀ ਖੁੱਲ੍ਹੇ ਦਿਲ ਨਾਲ ਕੀਤੀ ਤਾਰੀਫ ਨੇ ਵੀ ਮੁੱਖ ਮੰਤਰੀ ਦਾ ਆਤਮ-ਵਿਸ਼ਵਾਸ ਵਧਾਇਆ ਹੈ। ਇਸ ਰੈਲੀ ’ਚ ਆ ਕੇ ਮੋਦੀ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਏ ਹਨ। ਜਿਥੇ ਉਨ੍ਹਾਂ ਨੇ ਕਾਂਗਰਸ ਨੂੰ ਕਟਹਿਰੇ ’ਚ ਖੜ੍ਹੀ ਕੀਤਾ ਹੈ, ਉਥੇ ਹੀ ‘ਪਹਾੜ ਦਾ ਪਾਣੀ ਅਤੇ ਪਹਾੜ ਦੀ ਜਵਾਨੀ ਪਹਾੜ ਦੇ ਹੀ ਕੰਮ ਆਉਣ’ ਦੀ ਗੱਲ ਕਹਿ ਕੇ ਪਹਾੜੀ ਲੋਕਾਂ ਦੀਅਾਂ ਸੰਵੇਦਨਾਵਾਂ ਨੂੰ ਵੀ ਛੂਹ ਲਿਆ।
ਇਹੋ ਨਹੀਂ, ‘ਇਕ ਰੈਂਕ ਇਕ ਪੈਨਸ਼ਨ’ ਦੀ ਗੱਲ ਕਰ ਕੇ ਉਨ੍ਹਾਂ ਨੇ ਕਾਂਗਰਸ ’ਤੇ ਵੀ ਖੂਬ ਨਿਸ਼ਾਨਾ ਲਾਇਆ। ਮੋਦੀ ਇਸ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਹਿਮਾਚਲ ਪ੍ਰਦੇਸ਼ ਇਕ ਅਜਿਹਾ ਸੂਬਾ ਹੈ, ਜਿਥੋਂ ਬਹੁਤ ਸਾਰੇ ਲੋਕ ਫੌਜ ’ਚ ਨੌਕਰੀ ਕਰਦੇ ਹਨ ਅਤੇ ਇਥੋਂ ਦੇ ਕਈ ਪਰਿਵਾਰਾਂ ’ਚ ਤਾਂ ਫੌਜ ’ਚ ਭਰਤੀ ਹੋਣਾ ਪ੍ਰੰਪਰਾ ਰਹੀ ਹੈ, ਇਸੇ ਲਈ ਉਨ੍ਹਾਂ ਨੇ ਸਾਬਕਾ ਫੌਜੀਅਾਂ ਦੇ ਹਿੱਤ ਨਾਲ ਜੁੜੀ ਗੱਲ ਕਹਿ ਕੇ ਭਾਜਪਾ ਨੂੰ ਸਾਬਕਾ ਫੌਜੀਅਾਂ ਦੀ ਹਿਤੈਸ਼ੀ ਸਿੱਧ ਕਰਨ ’ਚ ਕੋਈ ਕਸਰ ਨਹੀਂ ਛੱਡੀ।
ਕਾਂਗਰਸ ਨੇ ਰਾਜਪਾਲ ਨੂੰ ਸੌਂਪੀ ਚਾਰਜਸ਼ੀਟ
ਹਿਮਾਚਲ ਪ੍ਰਦੇਸ਼ ਕਾਂਗਰਸ ਨੇ ਵੀ ਮੀਡੀਆ ’ਚ ਸੁੁਰਖੀਅਾਂ ਬਟੋਰਨ ਲਈ ਰਾਜਪਾਲ ਨੂੰ ਸੂਬਾ ਸਰਕਾਰ ਵਿਰੁੱਧ ਚਾਰਜਸ਼ੀਟ ਸੌਂਪਣ ਦਾ ਉਹੀ ਦਿਨ ਚੁਣਿਆ, ਜਿਸ ਦਿਨ ਜੈਰਾਮ ਠਾਕੁਰ ਸਰਕਾਰ ਧਰਮਸ਼ਾਲਾ ’ਚ ਜਸ਼ਨ ਮਨਾਉਣ ਜਾ ਰਹੀ ਸੀ। ਕਾਂਗਰਸ ਵਲੋਂ ਸੌਂਪੀ ਗਈ ਚਾਰਜਸ਼ੀਟ ਦੀ ਖ਼ਬਰ ਨੂੰ ਮੀਡੀਆ ’ਚ ਵੀ ਜਗ੍ਹਾ ਮਿਲੀ ਪਰ ਜਸ਼ਨ ਰੈਲੀ ’ਚ ਪੁੱਜੀ ਭੀੜ ਤੇ ਮੋਦੀ ਵਲੋਂ ਦਿੱਤੇ ਗਏ ਭਾਸ਼ਣ ਦੇ ਮੀਡੀਆ ’ਚ ਛਾਏ ਰਹਿਣ ਕਾਰਨ ਕਾਂਗਰਸ ਸਿਰਫ ਚਾਰਜਸ਼ੀਟ ਦੀ ਸੁਰਖ਼ੀ ਹੀ ਬਟੋਰ ਸਕੀ ਤੇ ਕੋਈ ਸਨਸਨੀ ਪੈਦਾ ਕਰਨ ’ਚ ਨਾਕਾਮ ਰਹੀ।
ਸਿਆਸੀ ਆਬਜ਼ਰਵਰ ਵੀ ਇਹ ਮੰਨਦੇ ਹਨ ਕਿ ਹਿਮਾਚਲ ’ਚ ਜੈਰਾਮ ਸਰਕਾਰ ਦਾ ਇਕ ਵਰ੍ਹੇ ਦਾ ਕਾਰਜਕਾਲ ਲੋਕਾਂ ਦੀਅਾਂ ਇੱਛਾਵਾਂ ਦੀ ਕਸੌਟੀ ’ਤੇ ਖਰਾ ਉਤਰਿਆ ਹੈ ਤੇ ਮੁੱਖ ਮੰਤਰੀ ਦੇ ਸਾਫ-ਸੁਥਰੇ ਅਕਸ ਤੇ ਉਨ੍ਹਾਂ ਦੀ ਈਮਾਨਦਾਰ ਸੋਚ ਨੇ ਸੂਬੇ ਦੇ ਹਰੇਕ ਨਾਗਰਿਕ ਨੂੰ ਕਾਇਲ ਕੀਤਾ ਹੈ।
ਜਿਸ ਤਰ੍ਹਾਂ ਜੈਰਾਮ ਠਾਕੁਰ ਨੇ ਸੂਬੇ ’ਚ ਖੇਤਰਵਾਦ ਦੀ ਕੰਧ ਤੋੜੀ ਹੈ ਅਤੇ ਕੇਂਦਰ ਸਰਕਾਰ ਤੋਂ ਸੂਬੇ ਲਈ ਕਈ ‘ਤੋਹਫੇ’ ਮਨਜ਼ੂਰ ਕਰਵਾਉਣ ’ਚ ਸਫਲ ਰਹੇ ਹਨ, ਉਸ ਤੋਂ ਉਨ੍ਹਾਂ ਦੇ ਸਿਆਸੀ ਵਿਰੋਧੀ ਵੀ ਹੈਰਾਨ ਹਨ। ਜਿਸ ਤਰ੍ਹਾਂ ਜੈਰਾਮ ਵਿਰੋਧੀ ਧਿਰ ਦੇ ਹਮਲਿਅਾਂ ਦਾ ਕਰਾਰੇ ਸ਼ਬਦਾਂ ’ਚ ਜਵਾਬ ਦੇ ਰਹੇ ਹਨ, ਉਸ ਨਾਲ ਉਨ੍ਹਾਂ ਦਾ ਇਕ ਜੁਝਾਰੂ ਨੇਤਾ ਵਾਲਾ ਅਕਸ ਵੀ ਪੁਖਤਾ ਹੋ ਰਿਹਾ ਹੈ ਤੇ ਉਨ੍ਹਾਂ ਦਾ ਇਹ ਅੰਦਾਜ਼ ਭਾਜਪਾ ਵਰਕਰਾਂ ਨੂੰ ਵੀ ਪਸੰਦ ਆ ਰਿਹਾ ਹੈ।
ਸਿਆਸੀ ਆਬਜ਼ਰਵਰ ਇਹ ਵੀ ਮੰਨਦੇ ਹਨ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅਗਲੇ ਸਾਲ ਹੋਣ ਵਾਲੀਅਾਂ ਲੋਕ ਸਭਾ ਚੋਣਾਂ ’ਚ ਸੂਬੇ ਦੀਅਾਂ ਚਾਰੇ ਸੀਟਾਂ ਲਈ ਹੁਣ ਤੋਂ ਹੀ ਭਾਜਪਾ ਦੀ ਸਿਆਸੀ ਪਿੱਚ ਤਿਆਰ ਕਰ ਦਿੱਤੀ ਹੈ, ਜਦਕਿ ਕਾਂਗਰਸ ਨੂੰ ਅੰਦਰੂਨੀ ਕਲੇਸ਼ ਤੋਂ ਹੀ ਵਿਹਲ ਨਹੀਂ ਮਿਲ ਰਹੀ। ਮੋਦੀ ਵਲੋਂ ਮੁੱਖ ਮੰਤਰੀ ਦੀ ਪਿੱਠ ਥਾਪੜਨਾ ਅਤੇ ਭਾਜਪਾ ਹਾਈਕਮਾਨ ਦਾ ਮੁੱਖ ਮੰਤਰੀ ਨੂੰ ‘ਫ੍ਰੀ ਹੈਂਡ’ ਮਿਲਣਾ ਪਾਰਟੀ ਦੇ ਅੰਦਰ ਅਤੇ ਬਾਹਰ ਜੈਰਾਮ ਠਾਕੁਰ ਦੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕਰ ਗਿਆ।
ਭਾਜਪਾ ਲਈ ਨਵੇਂ ਵਰ੍ਹੇ ’ਚ ਨਵੀਅਾਂ ਚੁਣੌਤੀਅਾਂ
NEXT STORY