ਮਿੱਟੀ ਦੀ ਗਾਰ ’ਚ ਚਕਨਾਚੂਰ ਹੋਈ ਜ਼ਿੰਦਗੀ ਅਤੇ ਉਸ ਦੇ ਜ਼ਖਮ ਤਾਉਮਰ ਹਿਮਾਚਲ ਦੇ ਉਨ੍ਹਾਂ ਲੋਕਾਂ ਨੂੰ ਹਲੂਣਦੇ ਰਹਿਣਗੇ ਜਿਨ੍ਹਾਂ ਨੇ ਤਿਨਕਾ-ਤਿਨਕਾ ਜੋੜ ਕੇ ਆਲ੍ਹਣਾ ਬਣਾਇਆ ਸੀ ਅਤੇ ਉਨ੍ਹਾਂ ਦੇ ਸੁਪਨੇ ਇਕ ਪਲ ’ਚ ਆਈ ਪਰਲੋ ਨਾਲ ਟੁੱਟ ਗਏ। ਹਿਮਾਚਲ ਪ੍ਰਦੇਸ਼ ’ਚ ਆਫਤਾਂ ਦੀ ਇਹ ਘੜੀ ਇਕ ਵਾਰ ਨਹੀਂ ਵਾਰ-ਵਾਰ ਆਉਂਦੀ ਹੈ। ਇਸ ਦੀ ਤੀਬਰਤਾ ਕਦੀ ਜ਼ਿਆਦਾ ਤੇ ਕਦੀ ਘੱਟ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਤਬਾਹੀ ਦਾ ਤਾਂਡਵ ਪੂਰੇ ਪ੍ਰਦੇਸ਼ ਨੂੰ ਹਲੂਣ ਗਿਆ ਹੈ। ਦੋ ਦਿਨਾਂ ਦੀ ਬਰਸਾਤ ਨਾਲ ਉਝੜੇ ਪਰਿਵਾਰਾਂ ਦਾ ਦਰਦ ਤਾਂ ਅਸਹਿਣਯੋਗ ਹੈ, ਉੱਥੇ ਹੀ ਆਉਣ ਵਾਲਾ ਸਮਾਂ ਵੀ ਮੁਸ਼ਕਲਾਂ ਭਰਿਆ ਹੈ। ਪਕ ਚੁੱਕੀ ਸੇਬ ਦੀ ਫਸਲ ਤੋਂ ਲੈ ਕੇ ਸੈਰ-ਸਪਾਟਾ ਕਾਰੋਬਾਰ ਤਕ ਦਾ ਕੰਮਕਾਜ ਪ੍ਰਭਾਵਿਤ ਹੋਣਾ ਤੈਅ ਹੈ ਪਰ ਸਭ ਤੋਂ ਵੱਡੀ ਚੁਣੌਤੀ ਤਾਂ ਜਲ, ਬਿਜਲੀ ਅਤੇ ਸੰਚਾਰ ਦੀ ਬਹਾਲੀ ਹੈ। ਹਾਲਾਂਕਿ ਮੌਸਮ ਵਿਭਾਗ ਦੀ ਚਿਤਾਵਨੀ ਨਾਲ ਕਾਫੀ ਕੁਝ ਨੁਕਸਾਨ ਹੋਣ ਤੋਂ ਬਚਾਅ ਵੀ ਲਿਆ ਗਿਆ ਹੈ ਪਰ ਫਿਰ ਵੀ ਹਿਮਾਚਲ ਵਰਗਾ ਛੋਟਾ ਜਿਹਾ ਪਹਾੜੀ ਸੂਬਾ, ਵਿਕਾਸ ਲਈ ਪਤਾ ਨਹੀਂ ਕਿੰਨੇ ਤਿਆਗ ਕਰਦਾ ਰਿਹਾ। ਇਹ ਤਿਆਗ ਜ਼ਿੰਦਗੀ ਦਾ ਵੀ ਹੈ ਅਤੇ ਜਾਇਦਾਦ ਦਾ ਵੀ ਹੈ। ਪਹਾੜਾਂ ਦੀ ਸਾਰ ਸ਼ਾਇਦ ਹੀ ਮੈਦਾਨ ਸਮਝਣ। ਇਹ ਸੂਬਾ ਖੁਦ ਆਫਤ ਦੇ ਸੰਘਣੇ ਹਨੇਰੇ ’ਚੋਂ ਹੋ ਕੇ ਲੰਘਦਾ ਹੈ ਤਦ ਜਾ ਕੇ ਦੇਸ਼ ਨੂੰ ਰੌਸ਼ਨੀ ਦਿੰਦਾ ਹੈ। ਉਥੇ ਹੀ ਸੈਲਾਨੀਆਂ ਨੂੰ ਸਾਫ ਆਬੋ-ਹਵਾ ਦਿੰਦਾ ਹੈ ਅਤੇ ਖੁਦ ਬੱਦਲ ਫਟਣ ਵਰਗੀਆਂ ਘੋਰ ਆਫਤਾਂ ਨੂੰ ਝੱਲਦਾ ਹੈ।
ਜੇ ਸਰਕਾਰਾਂ ਹਿਮਾਚਲ ਦੀ ਸਹਾਇਤਾ ਵਿੱਤੀ ਪ੍ਰਬੰਧਨ ਦੇ ਤੌਰ ’ਤੇ ਕਰਦੀਆਂ ਰਹੀਆਂ ਹੋਣ ਪਰ ਵਿਸ਼ੇਸ਼ ਸ਼੍ਰੇਣੀ ਤਹਿਤ ਸੂਬੇ ਨੂੰ ਹੋਰ ਅੱਗੇ ਵਧਾਉਣ ਵੱਲ ਸੋਚਣਾ ਪਵੇਗਾ, ਨਹੀਂ ਤਾਂ ਹਿਮਾਚਲ ਦੋ ਕਦਮ ਅੱਗੇ ਅਤੇ ਚਾਰ ਕਦਮ ਪਿੱਛੇ ਹਟਦਾ ਰਹੇਗਾ। ਮੀਂਹ ਨਾਲ ਨੁਕਸਾਨ ਦੇ ਇਸ ਦ੍ਰਿਸ਼ ਨੂੰ ਦੇਖ ਕੇ ਆਪ ਮੁਹਾਰੇ ਹੀ ਸਾਲ 2000 ਦੀ ਸਤਲੁਜ ਆਫਤ ਦਾ ਧਿਆਨ ਆ ਜਾਂਦਾ ਹੈ। ਤਦ ਕਿੰਨੌਰ ’ਚ ਬੱਦਲ ਫਟਿਆ ਸੀ ਅਤੇ ਨਦੀ ਦੇ ਮੁਹਾਣੇ ’ਤੇ ਵਸੇ ਘਰ, ਬਿਜਲੀ ਪ੍ਰਾਜੈਕਟ ਅਤੇ ਤਮਾਮ ਕਾਰੋਬਾਰ ਚੁਟਕੀਆਂ ’ਚ ਵਹਿ ਗਏ। ਹਾਲਾਂਕਿ ਇਹ ਸਮਾਂ ਸੋਸ਼ਲ ਮੀਡੀਆ ਦਾ ਨਹੀਂ ਸੀ ਪਰ ਫੌਜ ਦੇ ਹੈਲੀਕਾਪਟਰ ਮੌਕੇ ’ਤੇ ਨਾ ਪਹੁੰਚਦੇ ਤਾਂ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝ ਜਾਂਦੇ।
ਦਰਅਸਲ ਪਰਲੋ ਦਾ ਇਹ ਭਿਅੰਕਰ ਰੂਪ ਸੂਬੇ ਨੂੰ ਦੋ ਤਰ੍ਹਾਂ ਦੀ ਚੁਣੌਤੀ ਦੇ ਰਿਹਾ ਹੈ। ਪਹਿਲਾ ਹੈ-ਸੂਬੇ ਦੀਆਂ ਜਲ- ਬਿਜਲਈ ਯੋਜਨਾਵਾਂ ਅਤੇ ਦੂਜਾ ਹੈ-ਸੜਕ ਮਾਰਗ। ਜਿਉਂ-ਜਿਉਂ ਨਦੀਆਂ ’ਚ ਪ੍ਰਾਜੈਕਟ ਵਧਦੇ ਗਏ ਅਤੇ ਡਬਲ ਲੇਨ ਜਾਂ ਫੋਰ ਲੇਨ ਦਾ ਕੰਮ ਵਧਦਾ ਰਿਹਾ ਤਦ-ਤਦ ਕੁਦਰਤ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੀ ਹੈ। ਹਿਮਾਚਲ ’ਚ ਬਿਆਸ, ਸਤਲੁਜ ਅਤੇ ਰਾਵੀ ਨਦੀਆਂ ’ਤੇ ਬਹੁਤ ਜ਼ਿਆਦਾ ਜਲ ਬਿਜਲੀ ਪ੍ਰਾਜੈਕਟ ਬਣੇ ਹਨ ਅਤੇ ਜਿੱਥੇ-ਜਿੱਥੇ ਇਨ੍ਹਾਂ ਦੇ ਬੰਨ੍ਹ ਬਣੇ ਹਨ ਉੱਥੇ-ਉੱਥੇ ਆਫਤ ਦਾ ਪੱਧਰ ਜ਼ਿਆਦਾ ਰਿਹਾ ਹੈ। ਹਾਲ ਹੀ ’ਚ ਮੀਂਹ ਨੇ ਜੋ ਆਪਣਾ ਕਹਿਰ ਕੀਤਾ ਹੈ ਉਹ ਇਨ੍ਹਾਂ ਹੀ ਨਦੀਆਂ ’ਤੇ ਅਤੇ ਬੰਨ੍ਹਾਂ ਦੇ ਇਲਾਕੇ ’ਚ ਰਿਹਾ ਹੈ। ਕੁੱਲੂ ਤੇ ਮਨਾਲੀ ਤੋਂ ਲੈ ਕੇ ਮੰਡੀ ਤੱਕ ਬਿਆਸ ਦਾ ਭਿਆਨਕ ਰੂਪ ਰਿਹਾ। ਪੰਡੋਹ ਡੈਮ ਦੀ ਲੰਬਾਈ 255 ਮੀਟਰ ਹੈ ਅਤੇ ਉਚਾਈ 76 ਮੀਟਰ ਪਰ ਮੀਂਹ ਵਾਲੇ ਦਿਨ ਇਸ ਦਾ ਪੱਧਰ ਦੋ ਗੁਣਾ ਤੋਂ ਵੀ ਜ਼ਿਆਦਾ ਵਧ ਗਿਆ। ਪੰਡੋਹ ਡੈਮ 1977 ’ਚ ਬਣਿਆ ਸੀ ਅਤੇ ਭਾਖੜਾ 1963 ’ਚ। ਮੀਂਹ ਪਿੱਛੋਂ ਡੈਮਾਂ ਦੇ ਗੇਟ ਖੱੁਲ੍ਹਣਾ ਸੁਭਾਵਿਕ ਹੈ, ਉੱਥੇ ਹੀ ਹੇਠਲੇ ਇਲਾਕਿਆਂ ਦਾ ‘ਫਲੱਸ਼’ ਹੋਣਾ ਵੀ। ਦੋ ਦਿਨਾਂ ’ਚ ਭਾਖੜਾ ਬੰਨ੍ਹ ਦੀ ਉਚਾਈ 168 ਮੀਟਰ ਤੋਂ ਵਧ ਕੇ ਕਈ ਗੁਣਾ ਹੋ ਗਈ, ਜਦ ਤਕ ਗੇਟ ਨਾ ਖੋਲ੍ਹੇ ਗਏ। ਇਹੀ ਹਾਲਤ ਚੰਬਾ ’ਚ ਚਮੇਰਾ ਦੀ ਹੋਈ। ਚੰਬਾ ’ਚ ਰਾਵੀ ਦਾ ਪੱਧਰ ਇੰਨਾ ਵਧਿਆ ਕਿ ਸਾਰੇ ਛੋਟੇ-ਵੱਡੇ ਪ੍ਰਾਜੈਕਟਾਂ ਦਾ ਪਾਣੀ ਕਈ ਜ਼ਖਮ ਦੇ ਕੇ ਚਲਾ ਗਿਆ। ਸ਼ਿਮਲਾ ਦੇ ਸੁੰਨੀ-ਤੱਤਾ ਪਾਣੀ ’ਚ ਕੌਲ ਡੈਮ ਨੇ ਤਾਂ ਸਮੁੱਚਾ ਕਾਲਜ ਭਵਨ ਹੀ ਨਿਗਲ ਲਿਆ। ਇਹ ਤਾਂ ਉਹ ਨੁਕਸਾਨ ਹੈ ਜੋ ਕੈਮਰਿਆਂ ’ਚ ਕੈਦ ਹੋ ਗਿਆ ਪਰ ਕਿੰਨੀਆਂ ਜਾਨਾਂ ਅਜਿਹੀਆਂ ਚਲੀਆਂ ਗਈਆਂ ਜਿਹੜੀਆਂ ਲਾਸ਼ਾਂ ਸ਼ਾਇਦ ਕਿਸੇ ਨੂੰ ਮਿਲਣ ਵੀ ਨਾ। ਚਾਹੇ ਸਤਲੁਜ ’ਤੇ ਨਾਥਪਾ- ਝਾਖੜੀ ਹੋਵੇ ਜਾਂ ਰਾਵੀ ਦਾ ਬੱਸੀ ਬੰਨ੍ਹ ਅਤੇ ਬਿਜਲੀ ਪ੍ਰਾਜੈਕਟ, ਜਦ-ਜਦ ਪਾਣੀ ਦਾ ਪੱਧਰ ਵਧਿਆ ਤਦ ਤਕ ਮੁਹਾਣਿਆਂ ’ਤੇ ਵੱਸੀਆਂ ਜ਼ਿੰਦਗੀਆਂ ਨੂੰ ਮਹੀਨ ਕਰਦਾ ਰਿਹਾ।
ਪ੍ਰਾਜੈਕਟਾਂ ਤੋਂ ਇਲਾਵਾ ਸੜਕਾਂ ਨੂੰ ਖੋਲ੍ਹਣ ਦੀ ਵਿਵਸਥਾ ’ਚ ਵੀ ਆਫਤਾਂ ਦਾ ਅਸਰ ਜ਼ਿਆਦਾ ਦਿਸਿਆ ਹੈ। ਹਿਮਾਚਲ ’ਚ ਸੜਕਾਂ ਦਾ ਜਾਲ ਵਧ ਰਿਹਾ ਹੈ, ਲਿਹਾਜ਼ਾ ਪਹਾੜਾਂ ਨੂੰ ਪੁੱਟਿਆ ਗਿਆ। ਇਸ ਤੋਂ ਨਿਕਲਿਆ ਮਲਬਾ ਨਦੀਆਂ ’ਚ ਵੀ ਸਮਾ ਗਿਆ। ਜ਼ਾਹਿਰ ਹੈ ਤਬਾਹੀ ਵੀ ਹੱਦਾਂ ਪਾਰ ਕਰੇਗੀ ਹੀ। ਪ੍ਰਦੇਸ਼ ’ਚ ਹਵਾਈ ਪੱਟੀ ਦਾ ਵਿਸਥਾਰ ਤਾਂ ਨਹੀਂ ਹੋਇਆ ਪਰ ਵਪਾਰਕ ਦ੍ਰਿਸ਼ਟੀ ਨਾਲ ਸੜਕਾਂ ਨੂੰ ਸੰਭਾਲਣਾ ਜ਼ਰੂਰੀ ਮੰਨਿਆ ਗਿਆ। ਹਾਲ ਹੀ ’ਚ ਬਿਲਾਸਪੁਰ, ਕੀਰਤਪੁਰ, ਮਨਾਲੀ ਹਾਈਵੇ ’ਤੇ ਭਾਰੀ ਨੁਕਸਾਨ ਹੋਇਆ ਜਦਕਿ ਲੇਹ ਤੱਕ ਬਣ ਰਹੇ ਫੋਰ ਲੇਨ ਅਤੇ ਸ਼ਿਮਲਾ-ਕਾਲਕਾ ਹਾਈਵੇ ’ਤੇ ਮਾਰਗਾਂ ’ਚ ਕਦੀ ਇਸ ਕਦਰ ਰੁਕਾਵਟ ਨਹੀਂ ਪਈ ਸੀ ਪਰ ਇਹ ਦ੍ਰਿਸ਼ ਭਿਆਨਕ ਹੈ। ਕਾਲਕਾ ਤੋਂ ਲੈ ਕੇ ਤਿੱਬਤ ਨੂੰ ਜੋੜਣ ਵਾਲਾ ਐੱਨ.ਐੱਚ 22, ਓਲਡ ਸਿਲਕ ਰੂਟ ਸੀ ਜਿਹੜਾ ਸਤਲੁਜ ਦੇ ਨਾਲ-ਨਾਲ ਵਧਦਾ ਰਿਹਾ। ਇਸ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਹੁਣ ਤੱਕ ਜਾਰੀ ਹੈ। ਜ਼ਾਹਿਰ ਤੌਰ ’ਤੇ ਕੁਦਰਤ ਫੁੰਕਾਰਾ ਤਾਂ ਮਾਰੇਗੀ ਹੀ ਪਰ ਇਹ ਸੂਬੇ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਵੀ ਹੈ। ਨੈਸ਼ਨਲ ਅਥਾਰਟੀ ਆਫ ਇੰਡੀਆ ਵੱਲੋਂ 5 ਵੱਡੇ ਫੋਨ ਲੇਨ ਪ੍ਰਾਜੈਕਟਾਂ ’ਚੋਂ 3 ਬਣਾਏ ਜਾ ਰਹੇ ਹਨ। ਇਨ੍ਹਾਂ ਨੂੰ ਹੀ ਬਰਸਾਤ ਦੀ ਮਾਰ ਪਈ ਹੈ। ਸਵਾਰਘਾਟ-ਮਨਾਲੀ, ਐੱਨ.ਐੱਚ. 21, ਪਠਾਨਕੋਟ-ਚੱਕੀ-ਮੰਡੀ ਐੱਨ.ਐੱਚ.-20, ਪਰਵਾਣੂ-ਸੋਲਨ ਐੱਨ.-ਐੱਚ-22 (ਨਵਾਂ ਐੱਨ.ਐੱਚ-05)। ਇੱਥੋਂ ਦੇ ਰਾਹ ਨਾ ਖੁੱਲ੍ਹਣ ਤਾਂ ਪਹਾੜਾਂ ਦੀ ਜੀਵਨ ਰੇਖਾ ਖਤਮ ਹੋ ਜਾਂਦੀ ਹੈ। ਦੱਸ ਦਈਏ ਕਿ ਸੂਬੇ ’ਚ ਕੁੱਲ 785 ਕਿ. ਮੀ. ਲੰਬੇ ਹੀ ਨੈਸ਼ਨਲ ਹਾਈਵੇ ਹਨ ਜਦਕਿ ਬਾਰਡਰ ਦੇ ਨਾਲ 569 ਕਿ.ਮੀ. ਸੜਕਾਂ ਹਿਮਾਚਲ ’ਚ ਹਨ।
ਹਾਲ ਦੀ ਘੜੀ ਕੇਂਦਰ ਦੀ ਵਿੱਤੀ ਮਦਦ ਹੋਵੇ ਜਾਂ ਸੂਬਾ ਸਰਕਾਰ ਦੇ ਯਤਨ, ਅਜਿਹੀਆਂ ਘਟਨਾਵਾਂ ਪਿੱਛੋਂ ਕੀਤੇ ਤਾਂ ਜਾਂਦੇ ਹਨ ਪਰ ਪਹਾੜਾਂ ਦਾ ਦਰਦ ਕਿਸੇ ਸਾਧਾਰਨ ਦਵਾ ਨਾਲ ਠੀਕ ਹੋਣ ਵਾਲਾ ਨਹੀਂ। ਨਾ ਹੀ ਇਹ ਕਸ਼ਟ ਇੱਥੋਂ ਦੀ ਇਕ ਪੀੜ੍ਹੀ ਤਕ ਸੀਮਤ ਹੈ। ਘਰਾਂ-ਵਿਹੜਿਆਂ ਦਾ ਉੱਜੜਨਾ, ਘਰਾਂ ਦੇ ਚਿਰਾਗ ਬੁਝਣ ਦਾ ਇਹ ਸਿਲਸਿਲਾ ਹਿਮਾਚਲ ’ਚ ਜਾਰੀ ਰਹੇਗਾ। ਲੋੜ ਹੈ ਸੂਬੇ ਲਈ ਇਕ ਠੋਸ ਵਿਵਸਥਾ ਦੀ, ਜਿੱਥੇ ਸਾਧਨਾਂ ਦੀ ਘਾਟ ’ਚ ਲੋਕ ਆਪਣੀ ਰੋਜ਼ੀ-ਰੋਟੀ ਨਾ ਗਵਾ ਦੇਣ। ਇਕ ਵੱਡੀ ਸੋਚ ਦੀ, ਜਿੱਥੇ ਇਹ ਹਿਮਾਚਲ ਪ੍ਰਦੇਸ਼, ਮੈਦਾਨੀ ਸੂਬਿਆਂ ਦੀ ਤੁਲਨਾ ’ਚ ਪਿਛੜ ਨਾ ਜਾਵੇ ਨਹੀਂ ਤਾਂ ਇੱਥੇ ਦਲਦਲ ’ਚ ਖੁੱਭਦੇ ਵਿਕਾਸ ਦੇ ਕੋਈ ਮਾਇਨੇ ਨਹੀਂ ਰਹਿ ਜਾਣਗੇ।
ਡਾ. ਰਚਨਾ ਗੁਪਤਾ,
ਮੈਂਬਰ, ਹਿਮਾਚਲ ਪ੍ਰਦੇਸ਼ ਲੋਕ ਸੇਵਾ ਕਮਿਸ਼ਨ।
ਇਕਸਾਰ ਨਾਗਰਿਕ ਜ਼ਾਬਤਾ ਅਤੇ ਸਿੱਖ ਧਰਮ
NEXT STORY