ਕ੍ਰਿਕਟ ਦੀ ਦੁਨੀਆ ਪੂਰੀ ਤਰ੍ਹਾਂ ਇਕ ਵੱਖਰੀ ਖੇਡ ਹੈ, ਚਾਹੇ ਇਹ 5 ਦਿਨਾ ਟੈਸਟ ਹੋਵੇ ਜਾਂ ਟੀ-20 ਜਾਂ 50 ਓਵਰਾਂ ਦਾ ਇਕ ਦਿਨਾ ਚਕਾਚੌਂਧ ਭਰਿਆ ਸ਼ੋਅ। ਇਸ ਦੇ ਮੁਕਾਬਲੇ ਸਿਆਸੀ ਖੇਡ ਇਕ ਵੱਖਰੀ ਤਰ੍ਹਾਂ ਦੀ ਹੁੰਦੀ ਹੈ, ਚਾਹੇ ਉਹ ਫੌਜੀ ਸ਼ਾਸਨ ਦੇ ਅਧੀਨ ਹੋਵੇ ਜਾਂ ਫੌਜੀ ਤਾਨਾਸ਼ਾਹਾਂ ਵਲੋਂ ਨਿਰਦੇਸ਼ਿਤ ਲੋਕਤੰਤਰ ਦਾ ਹਿੱਸਾ ਹੋਵੇ, ਜਿਵੇਂ ਕਿ ਆਮ ਤੌਰ 'ਤੇ ਪਾਕਿਸਤਾਨ ਵਿਚ ਦੇਖਣ ਨੂੰ ਮਿਲਦਾ ਹੈ। ਜੋ ਵੀ ਹੋਵੇ, ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੂੰ ਜੁਲਾਈ 2018 ਵਿਚ ਹੋਈਆਂ ਆਮ ਚੋਣਾਂ ਵਿਚ ਪਹਿਲੀ ਵਾਰ ਮਿਲੀ ਸਫਲਤਾ ਦਾ ਸਲੀਕੇ ਨਾਲ ਸਵਾਗਤ ਕਰਨਾ ਚਾਹੀਦਾ ਹੈ। ਇਸ ਦਾ ਸਿਹਰਾ ਸਾਬਕਾ ਕ੍ਰਿਕਟ ਸਟਾਰ ਨੂੰ ਦਿੱਤੇ ਗਏ ਫੌਜੀ ਸਮਰਥਨ ਨੂੰ ਮਿਲਣਾ ਚਾਹੀਦਾ ਹੈ। ਮੈਂ ਇਥੇ ਪਾਕਿਸਤਾਨੀ ਚੋਣ ਪ੍ਰਕਿਰਿਆ ਦੀਆਂ ਸਹੀ ਜਾਂ ਗਲਤ ਗੱਲਾਂ ਵਿਚ ਨਹੀਂ ਪਵਾਂਗਾ ਕਿਉਂਕਿ ਇਹ ਵਿਸ਼ਵ ਪੱਧਰ 'ਤੇ ਵਿਵਾਦ ਦਾ ਮੁੱਦਾ ਬਣ ਚੁੱਕੀ ਹੈ। ਇਥੋਂ ਤਕ ਕਿ ਅਮਰੀਕਾ ਨੇ ਵੀ ਇਸ ਵਿਚ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ, ਇਸ ਲਈ ਇਸ ਨੂੰ ਉਥੋਂ ਦੇ ਲੋਕਾਂ 'ਤੇ ਛੱਡ ਦੇਣਾ ਚਾਹੀਦਾ ਹੈ। ਸਾਡੇ ਲਈ ਮੁੱਖ ਸਵਾਲ ਸਰਵਸ਼ਕਤੀਮਾਨ ਫੌਜੀ ਜਰਨੈਲਾਂ ਵਲੋਂ ਆਪਣੇ ਦੇਸ਼ ਦੀ ਅਹਿਮ ਨੀਤੀ ਅਤੇ ਰਣਨੀਤਕ ਮਾਮਲਿਆਂ ਨੂੰ ਚਲਾਉਣਾ ਨਹੀਂ ਹੈ। ਇਹ ਤਾਂ ਦਹਾਕਿਆਂ ਤੋਂ ਇਕ ਤਲਖ ਹਰੀਕਤ ਬਣੀ ਹੋਈ ਹੈ, ਖਾਸ ਕਰਕੇ ਭਾਰਤ, ਅਫਗਾਨਿਸਤਾਨ ਅਤੇ ਇਨ੍ਹਾਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ। ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਵਿਚ ਜੋ ਕਾਰਕ ਸ਼ਾਮਿਲ ਹੋਇਆ ਹੈ, ਉਹ ਹੈ ਇਥੇ ਕੱਟੜਪੰਥੀ ਇਸਲਾਮਿਕ ਸਮੂਹਾਂ ਦਾ ਉੱਭਰਨਾ, ਜਿਨ੍ਹਾਂ ਵਿਚ ਤਾਲਿਬਾਨ ਤੋਂ ਲੈ ਕੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਤਕ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਆਈ. ਐੱਸ. ਆਈ. ਅਤੇ ਫੌਜ ਦਾ ਸਪੱਸ਼ਟ ਸਮਰਥਨ ਹਾਸਿਲ ਹੈ।
ਯਕੀਨੀ ਤੌਰ 'ਤੇ ਅੱਤਵਾਦ ਦੀ 'ਅਸਿੱਧੀ ਜੰਗ' ਜਨਰਲ ਜ਼ਿਆ-ਉਲ-ਹੱਕ ਦੇ ਦਿਮਾਗ ਦੀ ਉਪਜ ਸੀ, ਜੋ ਕਿਸੇ ਵੀ ਤਰ੍ਹਾਂ ਕਸ਼ਮੀਰ ਨੂੰ ਹੜੱਪਣਾ ਚਾਹੁੰਦੇ ਸਨ। ਪਾਕਿਸਤਾਨ ਦੇ ਸਮਰਥਨ ਵਾਲੀਆਂ ਇਨ੍ਹਾਂ ਅੱਤਵਾਦੀ ਖੇਡਾਂ ਨੇ ਭਿਆਨਕ ਰੂਪ ਅਖਤਿਆਰ ਕਰਦਿਆਂ ਇਸਲਾਮ ਦੇ ਨਾਂ 'ਤੇ ਪੂਰੀ ਦੁਨੀਆ ਵਿਚ ਡਰ ਤੇ ਨਫਰਤ ਦੀ ਭਾਵਨਾ ਫੈਲਾ ਦਿੱਤੀ। ਇਹ ਅੱਤਵਾਦੀ ਖੇਡਾਂ ਪਹਿਲਾਂ ਵੱਡੇ ਪੱਧਰ 'ਤੇ ਓਸਾਮਾ-ਬਿਨ-ਲਾਦੇਨ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈਆਂ, ਜੋ ਸਾਊਦੀ ਅਰਬ ਤੋਂ ਭੱਜਿਆ ਇਕ ਅਮੀਰ ਅੱਤਵਾਦੀ ਭਗੌੜਾ ਸੀ।
ਤ੍ਰਾਸਦੀ ਦੇਖੋ ਕਿ ਧਰਮ ਦੀ ਦੁਰਵਰਤੋਂ ਕਰਕੇ ਅੱਤਵਾਦ ਵੱਲ ਰੁਖ਼ ਕਰਨਾ ਪਾਕਿਸਤਾਨ ਨੂੰ ਹੀ ਉਲਟਾ ਪੈ ਗਿਆ ਅਤੇ ਸੱਤਾ ਲਈ ਇਕ ਔਜ਼ਾਰ ਵਜੋਂ ਧਰਮ ਦੀ ਵਰਤੋਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਣ ਲੱਗਾ। ਨਵੀਂ ਦਿੱਲੀ ਲਈ ਜੋ ਚਿੰਤਾ ਵਾਲੀ ਗੱਲ ਹੈ, ਉਹ ਇਹ ਹੈ ਕਿ ਇਮਰਾਨ ਖਾਨ ਨੂੰ ਕਥਿਤ ਤੌਰ 'ਤੇ ਵੱਖ-ਵੱਖ ਅੱਤਵਾਦੀ ਸਮੂਹਾਂ ਤੋਂ ਸਮਰਥਨ ਮਿਲਿਆ ਹੈ।
ਅਸੀਂ ਸਭ ਜਾਣਦੇ ਹਾਂ ਕਿ ਇਹ ਅੱਤਵਾਦੀ ਸਮੂਹ ਆਈ. ਐੱਸ. ਆਈ. ਅਤੇ ਪਾਕਿ ਫੌਜ ਦੇ ਸਮਰਥਨ ਨਾਲ ਵਧੇ-ਫੁੱਲੇ ਹਨ ਤਾਂ ਕਿ ਕਸ਼ਮੀਰ ਵਾਦੀ ਅਤੇ ਹੋਰਨਾਂ ਥਾਵਾਂ 'ਤੇ ਭਾਰਤ ਦੇ ਰਣਨੀਤਕ ਹਿੱਤਾਂ ਨੂੰ ਠੇਸ ਪਹੁੰਚਾਈ ਜਾ ਸਕੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੇਈਚਿੰਗ-ਇਸਲਾਮਾਬਾਦ ਸਮਝੌਤੇ ਨੂੰ ਹੁਣ ਰਸਮੀ ਬਣਾ ਦਿੱਤਾ ਹੈ, ਜਿਸ ਨਾਲ ਨਵੀਂ ਦਿੱਲੀ ਲਈ ਕੁਝ ਅਹਿਮ ਮੁੱਦੇ ਪੈਦਾ ਹੋ ਗਏ ਹਨ।
ਅਹਿਮ ਸਵਾਲ ਇਹ ਹੈ ਕਿ ਕੀ ਇਮਰਾਨ ਖਾਨ ਪ੍ਰਧਾਨ ਮੰਤਰੀ ਵਜੋਂ ਸਿਰਫ ਫੌਜੀ ਅਦਾਰੇ ਦੇ ਹੱਥਾਂ ਦੀ ਕਠਪੁਤਲੀ ਸਿੱਧ ਹੋਣਗੇ? ਦੂਜਾ, ਕੀ ਅੱਤਵਾਦੀ ਸਮੂਹ ਵਾਦੀ ਵਿਚ ਖੁੱਲ੍ਹ ਕੇ ਖੇਡਣਗੇ, ਜਿਵੇਂ ਕਿ ਉਹ ਦਹਾਕਿਆਂ ਤੋਂ ਕਰਦੇ ਆ ਰਹੇ ਹਨ? ਜੇ ਅਜਿਹਾ ਹੁੰਦਾ ਹੈ ਤਾਂ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਰਾਵੇਸ਼ ਕੁਮਾਰ ਦੀ ਇਸ ਉਮੀਦ ਦਾ ਕੀ ਹੋਵੇਗਾ ਕਿ ''ਪਾਕਿਸਤਾਨ ਦੀ ਨਵੀਂ ਸਰਕਾਰ ਦੱਖਣੀ ਏਸ਼ੀਆ ਨੂੰ ਇਕ ਸੁਰੱਖਿਅਤ, ਸਥਿਰ ਅਤੇ ਵਿਕਸਿਤ ਦੇਸ਼ ਬਣਾਉਣ ਤੋਂ ਇਲਾਵਾ ਇਸ ਨੂੰ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਕਰਨ ਲਈ ਰਚਨਾਤਮਕ ਢੰਗ ਨਾਲ ਕੰਮ ਕਰੇਗੀ।''
ਮੈਂ ਇਸਲਾਮਾਬਾਦ ਨਾਲ ਚੰਗੇ ਸਬੰਧਾਂ ਲਈ ਰਾਵੇਸ਼ ਕੁਮਾਰ ਦੀਆਂ ਭਾਵਨਾਵਾਂ ਅਤੇ ਉਮੀਦ ਵਿਚ ਭਾਈਵਾਲ ਹਾਂ। ਜਦੋਂ ਤਕ ਇਮਰਾਨ ਖਾਨ ਉਪ-ਮਹਾਦੀਪ ਵਿਚ ਸ਼ਾਂਤੀ ਅਤੇ ਵਿਕਾਸ ਲਈ ਹਾਂ-ਪੱਖੀ ਭੂਮਿਕਾ ਨਿਭਾਉਣੀ ਸ਼ੁਰੂ ਨਹੀਂ ਕਰਦੇ, ਉਦੋਂ ਤਕ ਮੈਂ ਸਿਰਫ ਉਮੀਦ ਹੀ ਕਰ ਸਕਦਾ ਹਾਂ, ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮਰਾਨ ਖਾਨ ਨੂੰ ਭੇਜੇ ਆਪਣੇ ਸ਼ੁੱਭ ਕਾਮਨਾ ਸੰਦੇਸ਼ ਵਿਚ ਕਿਹਾ ਹੈ, ਜਿਨ੍ਹਾਂ ਨੇ ਉੱਚ ਅਹੁਦੇ ਲਈ ਤਕੜੀ ਜਿੱਤ ਪ੍ਰਾਪਤ ਕੀਤੀ ਹੈ।
ਇਹ ਸੱਚ ਹੈ ਕਿ ਇਮਰਾਨ ਖਾਨ ਨਿਸ਼ਾਨੇ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਜੇ ਉਹ ਉਪ-ਮਹਾਦੀਪ ਦੀ ਉਥਲ-ਪੁਥਲ ਦੇ ਇਤਿਹਾਸ ਤੋਂ ਸਹੀ ਸਬਕ ਸਿੱਖਦੇ ਹਨ ਅਤੇ ਭਾਰਤ ਨਾਲ 'ਸ਼ਾਂਤੀ ਲਈ ਵਾਧੂ ਕਦਮ ਵਧਾਉਣ' ਦੀ ਤਿਆਰੀ ਕਰਦੇ ਹਨ ਤਾਂ ਉਨ੍ਹਾਂ ਦੀਆਂ 'ਸਵਿੰਗ ਹੁੰਦੀਆਂ ਗੇਂਦਾਂ' ਅਤੇ 'ਛੱਕੇ' ਭਾਰਤ-ਪਾਕਿ ਵਿਚਾਲੇ ਨਵੇਂ ਸਬੰਧਾਂ ਲਈ ਰਫਤਾਰ ਤੈਅ ਕਰ ਸਕਦੇ ਹਨ। ਬਹੁਤ ਕੁਝ ਪਾਕਿਸਤਾਨ ਦੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਪ੍ਰਤੀ ਰਵੱਈਏ ਅਤੇ ਨਜ਼ਰੀਏ 'ਤੇ ਨਿਰਭਰ ਕਰੇਗਾ।
ਪਾਕਿਸਤਾਨ ਦੇ ਮਨ ਦੀ ਥਾਹ ਪਾਉਣਾ ਆਮ ਤੌਰ 'ਤੇ ਭਾਰਤੀ ਸਿਆਸਤਦਾਨਾਂ, ਮਾਹਿਰਾਂ ਤੇ ਕੂਟਨੀਤਕਾਂ ਲਈ ਇਕ ਔਖਾ ਕੰਮ ਰਿਹਾ ਹੈ। ਇਥੇ ਬਹੁਤ ਘੱਟ ਨੇਤਾ ਪਾਕਿਸਤਾਨ ਨੂੰ ਉਸ ਦੇ ਅਸਲੀ ਰੰਗਾਂ ਵਿਚ ਦੇਖ ਸਕਦੇ ਹਨ। ਇਥੇ ਸਵਾਲ ਸਿੱਧੇ ਤੱਥਾਂ ਨੂੰ ਹਾਸਿਲ ਕਰਨ ਅਤੇ ਉਨ੍ਹਾਂ 'ਤੇ ਇਕ ਸਹੀ ਨਜ਼ਰੀਆ, ਪ੍ਰਤੀਕਿਰਿਆ ਅਪਣਾਉਣ ਦਾ ਹੈ। ਸੱਤਾ ਦੇ ਗਲਿਆਰਿਆਂ ਵਿਚ ਉੱਠਣ ਵਾਲਾ ਅਸਲੀ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਇਮਰਾਨ ਖਾਨ ਦੇ ਕ੍ਰਿਕਟਰ ਦਿਮਾਗ ਵਿਚ ਕੀ ਲੁਕਿਆ ਹੈ?
ਵੱਖ-ਵੱਖ ਪਾਕਿਸਤਾਨੀ ਨੇਤਾਵਾਂ ਦੇ ਭਾਰਤ ਵਿਰੋਧੀ ਜਨੂੰਨ ਦੇ ਪਿਛੋਕੜ ਵਿਚ ਮੇਰੇ ਕੋਲ ਇਸ ਦਾ ਕੋਈ ਤੁਰੰਤ ਜਵਾਬ ਨਹੀਂ ਹੈ। ਮੇਰੇ ਨਿੱਜੀ ਤਜਰਬੇ ਮੁਤਾਬਿਕ ਇਸ ਭਾਰਤ ਵਿਰੋਧੀ ਜਨੂੰਨ ਦੇ ਇਕੋ-ਇਕ ਅਪਵਾਦ ਨਵਾਜ਼ ਸ਼ਰੀਫ ਸਨ, ਜਿਨ੍ਹਾਂ ਨੂੰ ਫੌਜੀ ਅਦਾਰੇ ਨੇ ਅਸਲ ਵਿਚ ਨਕਾਰਦੇ ਹੋਏ ਹਾਸ਼ੀਏ 'ਤੇ ਧੱਕ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਇਕ ਅਪਰਾਧ ਭਾਰਤ ਨਾਲ ਸੂਝਬੂਝ ਵਾਲੇ ਰਾਹ ਤਿਆਰ ਕਰਨਾ ਅਤੇ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਫੌਜੀ ਜਰਨੈਲਾਂ ਨੂੰ ਭਰੋਸੇ ਵਿਚ ਲਏ ਬਿਨਾਂ ਆਜ਼ਾਦ ਰਵੱਈਆ ਅਪਣਾਉਣਾ ਸੀ।
ਇਨ੍ਹਾਂ ਸਥਿਤੀਆਂ ਵਿਚ ਲੋੜ ਇਸ ਗੱਲ ਦੀ ਹੈ ਕਿ 14 ਅਗਸਤ ਤੋਂ ਪਹਿਲਾਂ ਸਹੁੰ ਚੁੱਕਣ ਮਗਰੋਂ ਇਮਰਾਨ ਖਾਨ ਦੀ ਨਵੀਂ ਸਰਕਾਰ ਜੋ ਕੁਝ ਵੀ ਪ੍ਰਸਤਾਵਿਤ ਕਰਦੀ ਹੈ, ਉਸ ਦੀ ਸਪੱਸ਼ਟ ਸਮਝ ਹੋਣੀ ਚਾਹੀਦੀ ਹੈ।
ਭਾਰਤੀ ਨੇਤਾਵਾਂ, ਮਾਹਿਰਾਂ ਤੇ ਕੂਟਨੀਤਕਾਂ ਨੂੰ ਠੰਡੇ ਦਿਮਾਗ ਨਾਲ ਪਾਕਿਸਤਾਨ ਦੀਆਂ ਘਟਨਾਵਾਂ ਦਾ ਸਹੀ ਜਾਇਜ਼ਾ ਲੈਣ ਦੀ ਲੋੜ ਹੈ। ਪਾਕਿਸਤਾਨ ਤੋਂ ਉੱਠਣ ਵਾਲੀ ਹਰ ਗੱਲ ਨੂੰ ਸਾਨੂੰ ਬਹੁਤ ਚੌਕਸੀ ਨਾਲ ਸੁਣਨਾ ਪਵੇਗਾ। ਜੇ ਅਸੀਂ ਇਸ ਸੁਝਾਅ ਨੂੰ ਮੰਨ ਲੈਂਦੇ ਹਾਂ ਤਾਂ ਇਸ ਨਾਲ ਸ਼ਾਇਦ ਸਾਊਥ ਬਲਾਕ ਲਈ ਇਸਲਾਮਾਬਾਦ ਦੀਆਂ ਫੌਜ ਦੇ ਸਮਰਥਨ ਵਾਲੀਆਂ ਕਾਰਵਾਈਆਂ ਪ੍ਰਤੀ ਸਹੀ ਪ੍ਰਕਿਰਿਆ ਅਪਣਾਉਣੀ ਸੌਖੀ ਹੋਵੇਗੀ, ਜੋ ਦਹਾਕਿਆਂ ਤੋਂ ਇਸ ਦੇਸ਼ ਲਈ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸਲਾਮਾਬਾਦ ਵਿਚ ਬੈਠ ਕੇ ਸਾਰੀਆਂ ਸਰਗਰਮੀਆਂ ਚਲਾਉਣ ਵਾਲੇ ਲੋਕਾਂ ਦੇ ਦਿਮਾਗ ਵਿਚ ਕੀ ਹੈ, ਇਹ ਸਮਝਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਹ ਲਗਾਤਾਰ ਖੇਡਾਂ ਖੇਡਦੇ ਹਨ—ਬੰਦੂਕ ਨਾਲ ਵੀ ਤੇ ਉਸ ਤੋਂ ਬਿਨਾਂ ਵੀ। ਇਸ ਲਈ ਪਾਕਿਸਤਾਨ ਵਿਚ ਬਦਲਦੀਆਂ ਜ਼ਮੀਨੀ ਹਕੀਕਤਾਂ ਨੂੰ ਲਗਾਤਾਰ ਧਿਆਨ ਵਿਚ ਰੱਖਣਾ ਪਵੇਗਾ। ਇਸ ਦੇ ਨਾਲ ਹੀ ਇਹ ਵੀ ਓਨਾ ਹੀ ਅਹਿਮ ਹੈ ਕਿ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਸਥਿਤੀਆਂ ਦਾ ਸਾਹਮਣਾ ਕਰਨ ਲਈ ਕਈ ਤਰ੍ਹਾਂ ਦੇ ਬਦਲਾਂ ਦੀ ਪੂਰੀ ਤਿਆਰੀ ਰੱਖਣੀ ਪਵੇਗੀ।
ਉਲਝਾਊ ਪ੍ਰਕ੍ਰਿਤੀ ਤੇ ਪਾਕਿਸਤਾਨ ਦੇ ਕਦੇ ਨਾ ਮੁੱਕਣ ਵਾਲੇ ਕੂੜ ਪ੍ਰਚਾਰ ਲਈ ਨਵੀਂ ਦਿੱਲੀ ਕੋਲ ਆਪਣੇ ਕੂਟਨੀਤਕਾਂ ਨੂੰ ਤਿਆਰ ਰੱਖਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ, ਤਾਂ ਕਿ ਉਹ ਆਪਣਾ 'ਹੋਮਵਰਕ' ਸਹੀ ਢੰਗ ਨਾਲ ਕਰਦਿਆਂ ਦੁਨੀਆ ਦੇ ਨੇਤਾਵਾਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਨਾਲ ਸੂਚਿਤ ਰੱਖਣ ਕਿ ਸਰਹੱਦ ਦੇ ਉਸ ਪਾਰ ਕੀ-ਕੀ ਹੈ ਅਤੇ ਕੌਣ ਕੀ ਹੈ?
(hari.jaisingh@gmail.com)
'ਐੱਨ. ਆਰ. ਸੀ.' ਦਾ ਵਿਰੋਧ ਦੇਸ਼ ਦੇ ਹਿੱਤ 'ਚ ਨਹੀਂ
NEXT STORY