ਹਾਲ ਹੀ ਵਿਚ ਇਕ ਸਰਕਾਰੀ ਠੇਕੇਦਾਰ ਨੇ ਦੱਸਿਆ ਕਿ ਕੇਂਦਰ ਤੋਂ ਵਿਕਾਸ ਲਈ ਜੋ ਗ੍ਰਾਂਟ ਸੂਬਿਆਂ ਨੂੰ ਪਹੁੰਚਦੀ ਹੈ, ਉਸ 'ਚੋਂ ਜ਼ਿਆਦਾਤਰ 40 ਫੀਸਦੀ ਹੀ ਕਿਸੇ ਪ੍ਰਾਜੈਕਟ 'ਤੇ ਖਰਚ ਹੁੰਦੀ ਹੈ। ਇਸ 'ਚ ਮੁੱਖ ਮੰਤਰੀਆਂ, ਮੁੱਖ ਸਕੱਤਰਾਂ ਨਾਲ ਸੰਬੰਧਿਤ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਆਦਿ ਨੂੰ ਮਿਲਾ ਕੇ ਲੱਗਭਗ 10 ਫੀਸਦੀ ਠੇਕਾ ਲੈਂਦੇ ਸਮੇਂ ਪੇਸ਼ਗੀ ਰਾਸ਼ੀ ਦਾ ਭੁਗਤਾਨ ਕਰਨਾ ਹੁੰਦਾ ਹੈ।
10 ਫੀਸਦੀ ਟੈਕਸ ਅਤੇ ਵਿਆਜ ਆਦਿ 'ਚ ਚਲਾ ਜਾਂਦਾ ਹੈ। 20 ਫੀਸਦੀ 'ਚੋਂ ਜ਼ਿਲਾ ਪੱਧਰ 'ਤੇ ਸਰਕਾਰੀ ਏਜੰਸੀਆਂ ਨੂੰ ਵੰਡਿਆ ਜਾਂਦਾ ਹੈ। ਆਖਿਰ 'ਚ 20 ਫੀਸਦੀ ਠੇਕੇਦਾਰ ਦਾ ਮੁਨਾਫਾ ਹੁੰਦਾ ਹੈ। ਜੇਕਰ ਗ੍ਰਾਂਟ ਦਾ 40 ਫੀਸਦੀ ਈਮਾਨਦਾਰੀ ਨਾਲ ਖਰਚ ਹੋ ਜਾਵੇ ਤਾਂ ਵੀ ਕੰਮ ਦਿਖਾਈ ਦਿੰਦਾ ਹੈ ਪਰ ਅਕਸਰ ਦੇਖਣ 'ਚ ਆਇਆ ਹੈ ਕਿ ਕੁਝ ਸੂਬਿਆਂ ਵਿਚ ਤਾਂ ਸਿਰਫ ਕਾਗਜ਼ਾਂ 'ਤੇ ਖਾਨਾਪੂਰਤੀ ਹੋ ਜਾਂਦੀ ਹੈ ਅਤੇ ਜ਼ਮੀਨੀ ਪੱਧਰ 'ਤੇ ਕੋਈ ਕੰਮ ਨਹੀਂ ਹੁੰਦਾ। ਹੁੰਦਾ ਵੀ ਹੈ ਤਾਂ 15 ਤੋਂ 25 ਫੀਸਦੀ ਹੀ ਜ਼ਮੀਨੀ ਪੱਧਰ 'ਤੇ ਕੀਤਾ ਲੱਗਦਾ ਹੈ। ਜ਼ਾਹਿਰ ਹੈ ਕਿ ਇਸ ਸੰਘੀ ਵਿਵਸਥਾ 'ਚ ਵਿਕਾਸ ਦੇ ਨਾਂ 'ਤੇ ਅਣਵੰਡੇ ਧਨ ਦਾ ਜ਼ਿਆਦਾ ਹਿੱਸਾ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਜਾਂਦਾ ਹੈ, ਜਦਕਿ ਹਰੇਕ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਦਾ ਹੈ।
ਇਹੋ ਕਾਰਨ ਹੈ ਕਿ ਜਨਤਾ 'ਚ ਸਰਕਾਰ ਪ੍ਰਤੀ ਇੰਨਾ ਗੁੱਸਾ ਹੁੰਦਾ ਹੈ ਕਿ ਉਹ ਅਕਸਰ ਹਰ ਸਰਕਾਰ ਤੋਂ ਨਾਖੁਸ਼ ਰਹਿੰਦੀ ਹੈ। ਸਿਆਸਤਦਾਨਾਂ ਦਾ ਅਕਸ ਵੀ ਇਸੇ ਭ੍ਰਿਸ਼ਟਾਚਾਰ ਕਾਰਨ ਬਹੁਤ ਨਾਂਹਪੱਖੀ ਬਣ ਗਿਆ ਹੈ। ਸਵਾਲ ਇਹ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਭ੍ਰਿਸ਼ਟਾਚਾਰ ਦੇ ਇਸ ਮੱਕੜਜਾਲ 'ਚੋਂ ਨਿਕਲਣ ਦਾ ਕੋਈ ਰਾਹ ਅਸੀਂ ਕਿਉਂ ਨਹੀਂ ਲੱਭ ਸਕੇ, ਲੱਭਣਾ ਚਾਹੁੰਦੇ ਨਹੀਂ ਜਾਂ ਰਾਹ ਹੈ ਹੀ ਨਹੀਂ? ਇਹ ਸੱਚ ਨਹੀਂ ਹੈ। ਜਿਥੇ ਚਾਹ, ਉਥੇ ਰਾਹ। ਮੋਦੀ ਸਰਕਾਰ ਦੇ ਕਾਰਜਕਾਲ 'ਚ ਦਿੱਲੀ ਦੇ ਦਲਾਲੀ ਸੱਭਿਆਚਾਰ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਦੇ 5 ਸਿਤਾਰਾ ਹੋਟਲਾਂ ਦੀ ਲਾਬੀ ਕਦੀ ਇਕ ਤੋਂ ਇਕ ਦਲਾਲਾਂ ਨਾਲ ਭਰੀ ਰਹਿੰਦੀ ਸੀ, ਜੋ ਟਰਾਂਸਫਰ ਪੋਸਟਿੰਗ ਤੋਂ ਲੈ ਕੇ ਵੱਡੇ-ਵੱਡੇ ਕੰਮ ਚੁਟਕੀਆਂ 'ਚ ਕਰਵਾਉਣ ਦਾ ਦਾਅਵਾ ਕਰਦੇ ਸਨ ਅਤੇ ਅਕਸਰ ਕਰਵਾ ਵੀ ਦਿੰਦੇ ਸਨ। ਕੰਮ ਕਰਵਾਉਣ ਵਾਲਾ ਖੁਸ਼, ਜਿਸ ਦਾ ਕੰਮ ਹੋ ਗਿਆ, ਉਹ ਵੀ ਖੁਸ਼ ਤੇ ਨੇਤਾ, ਅਫਸਰ ਵੀ ਖੁਸ਼ ਪਰ ਹੁਣ ਕੋਈ ਇਹ ਦਾਅਵਾ ਨਹੀਂ ਕਰਦਾ ਕਿ ਉਹ ਫਲਾਣੇ ਮੰਤਰੀ ਕੋਲੋਂ ਚੁਟਕੀਆਂ 'ਚ ਕੰਮ ਕਰਵਾ ਦੇਵੇਗਾ। ਮੰਤਰੀਆਂ 'ਚ ਵੀ ਪ੍ਰਧਾਨ ਮੰਤਰੀ ਦੀਆਂ ਚੌਕਸ ਨਜ਼ਰਾਂ ਦਾ ਡਰ ਬਣਿਆ ਰਹਿੰਦਾ ਹੈ। ਅਜਿਹਾ ਨਹੀਂ ਹੈ ਕਿ ਮੌਜੂਦਾ ਕੇਂਦਰ ਸਰਕਾਰ 'ਚ ਸਾਰੇ ਭ੍ਰਿਸ਼ਟਾਚਾਰੀਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਇਕਦਮ ਅਜਿਹਾ ਹੋ ਸਕਣਾ ਸੰਭਵ ਵੀ ਨਹੀਂ ਹੈ ਪਰ ਹੌਲੀ-ਹੌਲੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਸਰਕਾਰ ਦੇ ਹਾਲ ਹੀ ਦੇ ਕਈ ਕਦਮਾਂ ਤੋਂ ਉਸ ਦੀ ਨੀਅਤ ਦਾ ਪਤਾ ਲੱਗਦਾ ਹੈ ਪਰ ਕੇਂਦਰ ਤੋਂ ਸੂਬਿਆਂ ਨੂੰ ਭੇਜੀਆਂ ਜਾ ਰਹੀਆਂ ਗ੍ਰਾਂਟਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਕੋਈ ਤੰਤਰ ਅਜੇ ਤਕ ਵਿਕਸਿਤ ਨਹੀਂ ਹੋਇਆ ਹੈ। ਕਈ ਸੂਬਿਆਂ ਵਿਚ ਤਾਂ ਇਸ ਤਰ੍ਹਾਂ ਲੁੱਟ ਮਚੀ ਹੈ ਕਿ ਪੈਸਾ ਕਿੱਥੇ ਕਪੂਰ ਵਾਂਗ ਉੱਡ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ।
ਜਨਤਕ ਜੀਵਨ 'ਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੀ ਗੱਲ ਅਰਸੇ ਤੋਂ ਹੋ ਰਹੀ ਹੈ। ਵੱਡੇ-ਵੱਡੇ ਅੰਦੋਲਨ ਚਲਾਏ ਗਏ ਪਰ ਕੋਈ ਹੱਲ ਨਹੀਂ ਨਿਕਲਿਆ। ਲੋਕਪਾਲ ਦਾ ਹੱਲਾ ਮਚਾਉਣ ਵਾਲੇ ਗੱਦੀਆਂ 'ਤੇ ਕਾਬਜ਼ ਹੋ ਗਏ ਅਤੇ ਖ਼ੁਦ ਹੀ ਲੋਕਪਾਲ ਬਣਾਉਣਾ ਭੁੱਲ ਗਏ। ਲੋਕਪਾਲ ਬਣ ਵੀ ਜਾਵੇ ਤਾਂ ਕੀ ਕਰ ਲਵੇਗਾ? ਕਾਨੂੰਨਾਂ ਨਾਲ ਕਦੇ ਅਪਰਾਧ ਰੁਕਿਆ ਨਹੀਂ ਹੈ। ਭ੍ਰਿਸ਼ਟਾਚਾਰ ਨੂੰ ਰੋਕਣ ਦੇ ਦਰਜਨਾਂ ਕਾਨੂੰਨ ਅੱਜ ਵੀ ਹਨ ਪਰ ਅਸਰ ਤਾਂ ਕੁਝ ਨਹੀਂ ਹੁੰਦਾ। ਇਸ ਲਈ ਕੀ ਹੱਲ ਦੇ ਬਦਲਵੇਂ ਢੰਗ/ਤਰੀਕੇ ਸੋਚਣ ਦਾ ਸਮਾਂ ਨਹੀਂ ਆ ਗਿਆ ਹੈ? ਤੂਫਾਨ ਵਾਂਗ ਉੱਠਣ ਅਤੇ ਧੂੜ ਵਾਂਗ ਬੈਠ ਜਾਣ ਵਾਲੇ ਬਹੁਤ ਸਾਰੇ ਲੋਕ ਨਰਿੰਦਰ ਮੋਦੀ ਦੇ ਭਾਸ਼ਣਾਂ ਤੋਂ ਅੱਕਣ ਲੱਗੇ ਹਨ। ਉਹ ਕਹਿੰਦੇ ਹਨ ਕਿ ਮਨ ਦੀਆਂ ਗੱਲਾਂ ਤਾਂ ਬਹੁਤ ਸੁਣ ਲਈਆਂ, ਹੁਣ ਕੁਝ ਕੰਮ ਦੀ ਗੱਲ ਕਰੋ ਪ੍ਰਧਾਨ ਮੰਤਰੀ ਜੀ ਪਰ ਇਹ ਉਹ ਲੋਕ ਹਨ, ਜੋ ਆਪਣੇ ਡਰਾਇੰਗ ਰੂਮਜ਼ 'ਚ ਬੈਠ ਕੇ ਸਕਾਚ ਦੇ ਗਲਾਸ 'ਤੇ ਦੇਸ਼ ਦੀ ਦੁਰਦਸ਼ਾ ਉੱਤੇ ਮਗਰਮੱਛ ਦੇ ਹੰਝੂ ਵਹਾਉਂਦੇ ਹਨ। ਜੇਕਰ ਸਰਵੇਖਣ ਕੀਤਾ ਜਾਵੇ ਤਾਂ ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਅਜਿਹੇ ਮਿਲਣਗੇ, ਜਿਨ੍ਹਾਂ ਦਾ ਅਤੀਤ ਭ੍ਰਿਸ਼ਟ ਆਚਰਣ ਵਾਲਾ ਰਿਹਾ ਹੋਵੇਗਾ ਪਰ ਹੁਣ ਉਨ੍ਹਾਂ ਨੂੰ ਦੂਜੇ 'ਤੇ ਉਂਗਲੀ ਉਠਾਉਣ 'ਚ ਆਨੰਦ ਆਉਂਦਾ ਹੈ। ਨਰਿੰਦਰ ਮੋਦੀ ਨੇ ਤਮਾਮ ਉਹ ਮੁੱਦੇ ਉਠਾਏ ਹਨ, ਜੋ ਅਕਸਰ ਹਰ ਦੇਸ਼ਭਗਤ ਹਿੰਦੋਸਤਾਨੀ ਦੇ ਮਨ 'ਚ ਉੱਠਦੇ ਹਨ। ਸਮੱਸਿਆ ਇਸ ਗੱਲ ਦੀ ਹੈ ਕਿ ਮੋਦੀ ਦੀ ਗੱਲ ਨਾਲ ਸਹਿਮਤ ਹੋ ਕੇ ਕੁਝ ਕਰਨ ਦੀ ਤਮੰਨਾ ਰੱਖਣ ਵਾਲੇ ਲੋਕਾਂ ਦੀ ਬਹੁਤ ਘਾਟ ਹੈ। ਜੋ ਹਨ, ਉਨ੍ਹਾਂ 'ਤੇ ਅਜੇ ਮੋਦੀ ਸਰਕਾਰ ਦੀ ਨਜ਼ਰ ਨਹੀਂ ਪਈ।
ਜਿਥੋਂ ਤਕ ਵਿਕਾਸ ਲਈ ਅਲਾਟ ਕੀਤੇ ਧਨ ਦੀ ਸਹੀ ਵਰਤੋਂ ਦੀ ਗੱਲ ਹੈ, ਮੋਦੀ ਜੀ ਨੂੰ ਕੁਝ ਠੋਸ ਤੇ ਨਵਾਂ ਕਰਨਾ ਹੋਵੇਗਾ। ਉਨ੍ਹਾਂ ਨੂੰ ਪ੍ਰਯੋਗ ਦੇ ਤੌਰ 'ਤੇ ਅਜਿਹੇ ਲੋਕਾਂ, ਸੰਸਥਾਵਾਂ ਅਤੇ ਸਮਾਜ ਨਾਲ ਸਰੋਕਾਰ ਰੱਖਣ ਵਾਲੇ ਬਿਨਾਂ ਕਿਸੇ ਕਲੰਕ ਵਾਲੇ ਤੇ ਸਹੀ ਲੋਕਾਂ ਨੂੰ ਚੁਣ ਕੇ ਸਿੱਧੀ ਗ੍ਰਾਂਟ ਦੇਣ ਦੀ ਵਿਵਸਥਾ ਬਣਾਉਣੀ ਹੋਵੇਗੀ। ਉਨ੍ਹਾਂ ਦੇ ਕੰਮ ਦਾ ਮਿੱਥੇ ਸਮੇਂ 'ਤੇ ਮੁਲਾਂਕਣ ਕਰਦਿਆਂ ਇਹ ਦਿਖਾਉਣਾ ਹੋਵੇਗਾ ਕਿ ਇਕ ਕਲਯੁੱਗ ਵਿਚ ਵੀ ਸਤਯੁੱਗ ਲਿਆਉਣ ਵਾਲੇ ਲੋਕ ਤੇ ਸੰਸਥਾਵਾਂ ਹਨ। ਪ੍ਰਯੋਗ ਸਫਲ ਹੋਣ 'ਤੇ ਨੀਤੀਗਤ ਤਬਦੀਲੀਆਂ ਕਰਨੀਆਂ ਹੋਣਗੀਆਂ। ਜ਼ਾਹਿਰ ਹੈ ਕਿ ਰਾਜਨੇਤਾਵਾਂ ਤੇ ਅਫਸਰਾਂ ਵਲੋਂ ਇਸ ਦਾ ਭਾਰੀ ਵਿਰੋਧ ਹੋਵੇਗਾ ਪਰ ਲਗਾਤਾਰ ਵਿਰੋਧ ਨਾਲ ਜੂਝਣਾ ਮੌਜੂਦਾ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਇਸ ਲਈ ਉਹ ਪਹਾੜ 'ਚੋਂ ਰਸਤਾ ਕੱਢ ਹੀ ਲੈਣਗੇ, ਅਜਿਹਾ ਮੇਰਾ ਵਿਸ਼ਵਾਸ ਹੈ। ਇੰਨਾ ਜ਼ਰੂਰ ਹੈ ਕਿ ਉਨ੍ਹਾਂ ਨੂੰ ਆਪਣੇ ਯੋਧਿਆਂ ਦੀ ਟੀਮ ਦਾ ਦਾਇਰਾ ਵਧਾਉਣਾ ਹੋਵੇਗਾ।
ਜ਼ਰੂਰੀ ਨਹੀਂ ਕਿ ਹਰ ਦੇਸ਼ਭਗਤ ਤੇ ਸਨਾਤਨ ਧਰਮ 'ਚ ਆਸਥਾ ਰੱਖਣ ਵਾਲਾ ਸਵੈਮ-ਸੇਵਕ ਸੰਘ ਦੇ ਸਖ਼ਤ ਪ੍ਰੀਖਣ 'ਚੋਂ ਲੰਘਿਆ ਹੋਵੇ। ਸੰਘ ਦੇ ਦਾਇਰੇ ਦੇ ਬਾਹਰ ਅਜਿਹੇ ਤਮਾਮ ਲੋਕ ਦੇਸ਼ 'ਚ ਹਨ, ਜਿਨ੍ਹਾਂ ਨੇ ਦੇਸ਼ ਤੇ ਧਰਮ ਪ੍ਰਤੀ ਪੂਰੀ ਨਿਸ਼ਠਾ ਰੱਖਦਿਆਂ ਸਫਲਤਾ ਦੇ ਕੀਰਤੀਮਾਨ ਸਥਾਪਿਤ ਕੀਤੇ ਹਨ। ਅਜਿਹੇ ਤਮਾਮ ਲੋਕਾਂ ਨੂੰ ਲੱਭ ਕੇ ਜੋੜਨ ਅਤੇ ਉਨ੍ਹਾਂ ਤੋਂ ਕੰਮ ਲੈਣ ਦਾ ਸਮਾਂ ਆ ਗਿਆ ਹੈ। ਅਗਲੀਆਂ ਚੋਣਾਂ ਦੂਰ ਨਹੀਂ ਹਨ ਤੇ ਮੋਦੀ ਜੀ ਦੀ ਪ੍ਰੇਰਨਾ ਨਾਲ ਅਜਿਹੇ ਲੋਕ ਸਫਲਤਾ ਦੇ ਸੈਂਕੜੇ ਰਿਕਾਰਡ ਸਥਾਪਿਤ ਕਰ ਦੇਣਗੇ ਤਾਂ ਉਸ ਦਾ ਬਹੁਤ ਸਾਕਾਰਾਤਮਕ ਸੰਦੇਸ਼ ਦੇਸ਼ 'ਚ ਜਾਵੇਗਾ।
2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣ ਸਕਦਾ ਹੈ ਵਿਰੋਧੀ ਪਾਰਟੀਆਂ ਦਾ 'ਮਹਾਗਠਜੋੜ'
NEXT STORY