ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਰਾਤਰੀ ਭੋਜ ਬੈਠਕ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਉਹ ਜਨਤਾ ਨੂੰ ਸ਼ਰਾਬਬੰਦੀ ਅਤੇ ਦਾਜ ਪ੍ਰਥਾ ਅਤੇ ਬਾਲ ਵਿਆਹ 'ਤੇ ਲਾਈਆਂ ਗਈਆਂ ਪਾਬੰਦੀਆਂ ਦੇ ਲਾਭ ਦੱਸਣਗੇ। ਪਟਨਾ ਦੇ ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਅਨੁਸਾਰ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਸਾਂਝੇ ਤੌਰ 'ਤੇ ਲੜਨਗੇ ਅਤੇ ਨਿਤੀਸ਼ ਕੁਮਾਰ ਦੀ ਸਹਾਇਤਾ ਨਾਲ ਸਾਰੀਆਂ 40 ਸੀਟਾਂ ਜਿੱਤਣਗੇ ਪਰ ਜਦ (ਯੂ) ਨੇਤਾ ਅਜੇ ਵੀ ਇਸ ਗੱਲ ਨੂੰ ਲੈ ਕੇ ਆਸਵੰਦ ਨਹੀਂ ਹਨ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਉਨ੍ਹਾਂ ਨੂੰ 25 ਸੀਟਾਂ ਦੇਵੇਗੀ ਕਿਉਂਕਿ ਭਾਜਪਾ ਨੇ ਕੁਝ ਸੀਟਾਂ ਰਾਮਵਿਲਾਸ ਪਾਸਵਾਨ ਤੇ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਨੂੰ ਵੀ ਦੇਣੀਆਂ ਹਨ। ਇਸ ਲਈ ਨਿਤੀਸ਼ ਬਾਬੂ ਰਾਜਦ-ਕਾਂਗਰਸ ਗੱਠਜੋੜ ਨਾਲ ਵੀ ਸੰਪਰਕ ਸਾਧ ਕੇ ਚੱਲ ਰਹੇ ਹਨ, ਤਾਂ ਕਿ ਜੇਕਰ ਭਾਜਪਾ ਉਨ੍ਹਾਂ ਨੂੰ 25 ਸੀਟਾਂ ਨਾ ਦੇਵੇ ਤਾਂ ਉਹ ਆਗਾਮੀ ਲੋਕ ਸਭਾ ਚੋਣਾਂ ਵਿਚ ਰਾਜਦ-ਕਾਂਗਰਸ ਗੱਠਜੋੜ ਨਾਲ ਮਿਲ ਕੇ ਚੋਣਾਂ ਲੜ ਸਕਣ। ਨਿਤੀਸ਼ ਕੁਮਾਰ ਵਲੋਂ ਪ੍ਰਚਾਰ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਰਾਜਦ-ਕਾਂਗਰਸ ਗੱਠਜੋੜ ਨਾਲ ਗੱਲਬਾਤ ਕਰ ਰਹੇ ਹਨ। ਇਸੇ ਦੌਰਾਨ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਮਹਾਗੱਠਜੋੜ ਵਿਚ ਨਿਤੀਸ਼ ਕੁਮਾਰ ਦੀ ਐਂਟਰੀ ਦਾ ਵਿਰੋਧ ਕਰ ਰਹੇ ਹਨ।
ਸੀ. ਡਬਲਯੂ. ਸੀ. ਸੂਚੀ
ਭਾਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਨੂੰ ਪੂਰਾ ਸਮਾਂ ਦੇ ਰਹੇ ਹਨ ਅਤੇ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਨੂੰ ਛੱਡ ਕੇ ਪਾਰਟੀ ਸੰਗਠਨ 'ਤੇ ਵੀ ਪੂਰਾ ਧਿਆਨ ਦੇ ਰਹੇ ਹਨ। ਪਾਰਟੀ ਸੂਤਰਾਂ ਅਨੁਸਾਰ ਫਿਲਹਾਲ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ. ) ਪਾਰਟੀ ਦੀ ਸਭ ਤੋਂ ਵੱਡੀ ਨਿਰਣਾਇਕ ਸੰਸਥਾ ਦੀ ਚੋਣ ਫਿਲਹਾਲ ਰੋਕ ਦਿੱਤੀ ਗਈ ਹੈ ਕਿਉਂਕਿ ਰਾਹੁਲ ਗਾਂਧੀ ਵਲੋਂ ਅਜੇ ਪਾਰਟੀ ਦੇ 2 ਪ੍ਰਮੁੱਖ ਨੇਤਾਵਾਂ ਏ. ਕੇ. ਐਂਟੋਨੀ ਅਤੇ ਅਹਿਮਦ ਪਟੇਲ ਦੀ ਭੂਮਿਕਾ 'ਤੇ ਫੈਸਲਾ ਲੈਣਾ ਬਾਕੀ ਹੈ। ਪਟੇਲ ਅਜੇ ਵੀ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਅਣਅਧਿਕਾਰਤ 'ਸਿਆਸੀ ਸਕੱਤਰ' ਹਨ, ਜੋ ਅਜੇ ਵੀ ਸੀ. ਪੀ. ਪੀ. ਨੇਤਾ ਅਤੇ ਗੱਠਜੋੜ ਦੇ ਸਰਪ੍ਰਸਤ ਹਨ। ਅਹਿਮਦ ਪਟੇਲ ਇਥੇ ਪਰਦੇ ਦੇ ਪਿੱਛੇ ਦੀ ਭੂਮਿਕਾ ਵਿਚ ਹਨ ਪਰ ਐਂਟੋਨੀ ਨਹੀਂ। ਬੇਸ਼ੱਕ ਇਹ ਦੋਵੇਂ ਨਾਂ ਨਵੀਂ ਸੀ. ਡਬਲਯੂ. ਸੀ. ਦਾ ਹਿੱਸਾ ਹੋਣਗੇ ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹੀ ਉਨ੍ਹਾਂ ਦੀ ਇਕੋ-ਇਕ ਭੂਮਿਕਾ ਨਹੀਂ ਹੋਵੇਗੀ ਕਿਉਂਕਿ ਵਰਕਿੰਗ ਕਮੇਟੀ ਦੀ ਬੈਠਕ ਬਹੁਤ ਹੀ ਘੱਟ ਹੁੰਦੀ ਹੈ।
ਭਾਜਪਾ ਦਾ ਮਿਸ਼ਨ ਪੱਛਮੀ ਬੰਗਾਲ ਅਤੇ ਓਡਿਸ਼ਾ
ਅਗਲੀਆਂ ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੱਛਮੀ ਬੰਗਾਲ ਅਤੇ ਓਡਿਸ਼ਾ ਵਿਚ ਆਪਣਾ ਜਨ-ਆਧਾਰ ਮਜ਼ਬੂਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਹਾਂ ਸੂਬਿਆਂ ਵਿਚ ਕਾਂਗਰਸ ਨੂੰ ਪਛਾੜਦੇ ਹੋਏ ਆਪਣਾ ਵੋਟ ਬੈਂਕ ਕਾਫੀ ਵਧਾ ਲਿਆ ਹੈ ਪਰ ਇਨ੍ਹਾਂ ਦੋਹਾਂ ਸੂਬਿਆਂ ਵਿਚ ਆਪਣੀਆਂ ਸੀਟਾਂ ਵਧਾਉਣ ਲਈ ਉਸ ਨੂੰ ਅਜੇ ਵੀ ਸਖਤ ਮਿਹਨਤ ਕਰਨੀ ਪਵੇਗੀ। ਲੋਕ ਸਭਾ ਚੋਣਾਂ ਵਿਚ ਪੱਛਮੀ ਬੰਗਾਲ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਥੇ ਲੋਕ ਸਭਾ ਦੀਆਂ 42 ਸੀਟਾਂ ਹਨ, ਜਿਨ੍ਹਾਂ 'ਚੋਂ ਭਾਜਪਾ ਦੇ ਨਾਲ ਸਿਰਫ 2 ਸੀਟਾਂ ਹਨ।
ਪਾਰਟੀ ਹਾਈਕਮਾਨ ਨੂੰ ਇਨ੍ਹਾਂ 42 ਸੀਟਾਂ 'ਚੋਂ 22 ਜਿੱਤਣ ਦਾ ਟੀਚਾ ਲੈ ਕੇ ਚੱਲਣਾ ਪਵੇਗਾ। ਪ੍ਰਦੇਸ਼ 'ਚ ਪਾਰਟੀ ਲੀਡਰਸ਼ਿਪ ਨੇ ਹਾਈਕਮਾਨ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਆਜ਼ਾਦ ਤੇ ਨਿਰਪੱਖ ਚੋਣਾਂ ਹੁੰਦੀਆਂ ਹਨ ਤਾਂ ਉਹ 22 ਸੀਟਾਂ ਜਿੱਤ ਲੈਣਗੇ। ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਦੌਰੇ 'ਤੇ ਜਾ ਰਹੇ ਹਨ, ਜਿਥੇ ਉਹ ਮਿਦਨਾਪੁਰ ਵਿਚ ਕਿਸਾਨ ਕਲਿਆਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੇ ਲਈ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਪੋਸਟਰ ਜੰਗ ਸ਼ੁਰੂ ਹੋ ਗਈ ਹੈ, ਜਦਕਿ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸੂਬੇ ਦੇ ਦੌਰੇ ਕਰ ਰਹੇ ਹਨ ਤਾਂ ਕਿ ਰੈਲੀ ਨੂੰ ਸਫਲ ਬਣਾਇਆ ਜਾ ਸਕੇ ਅਤੇ ਜਨਤਾ 'ਤੇ ਇਸ ਦਾ ਪ੍ਰਭਾਵ ਛੱਡਿਆ ਜਾ ਸਕੇ, ਜਿਸ ਦੀ ਬਦੌਲਤ ਆਗਾਮੀ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਲਾਭ ਮਿਲੇ।
ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ
ਉਪ-ਚੋਣ ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਦਲ ਦੀ ਜਿੱਤ ਦੇ ਚਲਨ ਨੂੰ ਦੇਖਦੇ ਹੋਏ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ, ਜਿਸ ਨੂੰ ਦੇਖਦੇ ਹੋਏ ਇਸ ਵਾਰ ਹਰੇਕ ਵਿਧਾਨ ਸਭਾ ਖੇਤਰ ਵਿਚ ਕਾਂਗਰਸ ਦੀ ਟਿਕਟ ਚਾਹੁਣ ਵਾਲਿਆਂ ਦੀ ਗਿਣਤੀ ਕਾਫੀ ਵਧ ਗਈ ਹੈ।
ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ ਨੇ ਹਰੇਕ ਵਿਧਾਨ ਸਭਾ ਖੇਤਰ ਵਿਚ 'ਬੂਥ ਮੇਰਾ ਗੌਰਵ' ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿਚ ਅਸ਼ੋਕ ਗਹਿਲੋਤ, ਸਚਿਨ ਪਾਇਲਟ ਅਤੇ ਪਾਰਟੀ ਦੇ ਹੋਰ ਕੇਂਦਰੀ ਅਹੁਦੇਦਾਰ ਹਿੱਸਾ ਲੈ ਰਹੇ ਹਨ। ਟਿਕਟ ਦੇ ਚਾਹਵਾਨਾਂ ਦੀ ਗਿਣਤੀ ਵਧਣ ਕਾਰਨ ਹਰੇਕ ਪ੍ਰੋਗਰਾਮ ਵਿਚ ਪਾਰਟੀ ਵਰਕਰਾਂ ਦਾ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਕੁਝ ਥਾਵਾਂ 'ਤੇ ਵਰਕਰ ਆਪਣੇ ਉਮੀਦਵਾਰ ਦੇ ਨਾਂ ਵਾਲੀ ਟੀ-ਸ਼ਰਟ ਪਹਿਨ ਕੇ ਪ੍ਰੋਗਰਾਮ ਵਿਚ ਪਹੁੰਚ ਰਹੇ ਹਨ। ਸਚਿਨ ਪਾਇਲਟ ਨੇ ਇਹ ਪ੍ਰੋਗਰਾਮ ਇਸ ਲਈ ਸ਼ੁਰੂ ਕੀਤਾ ਹੈ ਕਿ ਟਿਕਟ ਦੇ ਚਾਹਵਾਨਾਂ ਲਈ ਮੌਕੇ ਵਧਾਏ ਜਾ ਸਕਣ ਅਤੇ ਉਹ ਵਿਧਾਨ ਸਭਾ ਸੀਟਾਂ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਸਕਣ। ਕਾਂਗਰਸ ਦੇ ਇਸ ਦਾਅ ਨਾਲ ਭਾਜਪਾ ਵਰਕਰਾਂ 'ਚ ਚਿੰਤਾ ਦੇਖੀ ਜਾ ਰਹੀ ਹੈ।
ਨਾਖੁਸ਼ ਹਨ ਕਾਂਗਰਸ ਦੇ ਮੁਸਲਿਮ ਨੇਤਾ
ਸਲਮਾਨ ਖੁਰਸ਼ੀਦ ਵਲੋਂ ਹਾਲ ਹੀ ਵਿਚ ਰਾਹੁਲ ਗਾਂਧੀ ਦੀ ਮੁਸਲਿਮ ਬੁੱਧੀਜੀਵੀਆਂ ਨਾਲ ਕਰਵਾਈ ਗਈ ਬੈਠਕ ਕਾਰਨ ਕੁਝ ਪ੍ਰਮੁੱਖ ਘੱਟਗਿਣਤੀ ਨੇਤਾ ਨਾਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੁਰਸ਼ੀਦ ਨੇ ਇਸ ਮੁਲਾਕਾਤ ਲਈ ਜਿਹੜੇ ਬੁੱਧੀਜੀਵੀਆਂ ਨੂੰ ਚੁਣਿਆ ਹੈ, ਉਹ ਦਿੱਲੀ ਦੇ ਮੁਸਲਿਮ ਨੇਤਾ ਹਨ, ਜਿਨ੍ਹਾਂ ਦਾ ਭਾਈਚਾਰੇ ਵਿਚ ਕੋਈ ਜਨ-ਆਧਾਰ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਗੱਲਬਾਤ ਲਈ ਧਾਰਮਿਕ ਨੇਤਾਵਾਂ, ਘੱਟਗਿਣਤੀ ਸੰਸਥਾਵਾਂ ਦੇ ਸਿੱਖਿਆ ਮਾਹਿਰਾਂ ਅਤੇ ਵੱਖ-ਵੱਖ ਸੂਬਿਆਂ ਤੋਂ ਪ੍ਰਮੁੱਖ ਘੱਟਗਿਣਤੀ ਨੇਤਾਵਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ।
ਚੋਣਾਂ ਤੋਂ ਬਾਅਦ ਸਬਕ ਸਿਖ ਜਾਣਗੇ ਇਮਰਾਨ ਖਾਨ
NEXT STORY