ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਹਾਲ ਹੀ ਵਿਚ ਹੋਏ ਭਾਰਤ-ਪਾਕਿਸਤਾਨ ਟਕਰਾਅ ’ਤੇ ਆਪਣੇ ਰੁਖ ਨੂੰ ਲੈ ਕੇ ਹਨੇਰੇ ਵਿਚ ਭਟਕਦੀ ਜਾਪਦੀ ਹੈ ਅਤੇ ਤਿਣਕੇ ਦਾ ਸਹਾਰਾ ਲੈਂਦੀ ਦਿਸ ਰਹੀ ਹੈ। ਇਸ ਦੇ ਨੇਤਾਵਾਂ ਦੁਆਰਾ ਅਪਣਾਇਆ ਗਿਆ ਵਿਰੋਧੀ ਰੁਖ ਪਾਰਟੀ ਦੀ ਭਰੋਸੇਯੋਗਤਾ ਨੂੰ ਹੋਰ ਵੀ ਘਟਾ ਰਿਹਾ ਹੈ ਅਤੇ ਇਸ ਦੇ ਮੈਂਬਰਾਂ ਅਤੇ ਸਮਰਥਕਾਂ ਵਿਚ ਭੰਬਲਭੂਸਾ ਪੈਦਾ ਕਰ ਰਿਹਾ ਹੈ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਕੁਝ ਹਾਲੀਆ ਬਿਆਨ ਨਾ ਸਿਰਫ ਅਪਰਿਪਕ ਹਨ ਬਲਕਿ ਮਾੜੇ ਢੰਗ ਨਾਲ ਸੰਚਾਰਿਤ ਵੀ ਹਨ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਿਚ ਉਹ ਪਾਕਿਸਤਾਨ ਨਾਲ ਜੰਗਬੰਦੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਨਰਿੰਦਰ ਨੂੰ ਆਤਮ- ਸਮਰਪਣ ਕਰਨ ਲਈ ਕਿਹਾ’ ਅਤੇ ਪ੍ਰਧਾਨ ਮੰਤਰੀ ਤੁਰੰਤ ਅਜਿਹਾ ਕਰਨ ਲਈ ਸਹਿਮਤ ਹੋ ਗਏ।
ਰਾਹੁਲ ਗਾਂਧੀ ਵੀ ਸਰਕਾਰ ’ਤੇ ਜ਼ੋਰ ਦੇ ਰਹੇ ਸਨ ਕਿ ਉਹ ਭਾਰਤ ਦੇ ਨੁਕਸਾਨ ਦਾ ਐਲਾਨ ਕਰੇ ਅਤੇ ਇਸ ਮੁੱਦੇ ’ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਵੇ। ਕਿਸੇ ਵੀ ਦੇਸ਼ ਦੇ ਇਤਿਹਾਸ ਵਿਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਰੇ ਨਾਗਰਿਕਾਂ ਨੂੰ ਇਕਜੁੱਟ ਹੋ ਕੇ ਸਰਕਾਰ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਬਾਅਦ ਵਿਚ ਸਰਕਾਰ ਨੂੰ ਉਸ ਦੀਆਂ ਕਾਰਵਾਈਆਂ ਅਤੇ ਅਸਫਲਤਾਵਾਂ ਲਈ ਝਿੜਕਣ ਦੇ ਕਾਫ਼ੀ ਮੌਕੇ ਹੁੰਦੇ ਹਨ।
ਨਾਲ ਹੀ, ਇਹ ਸੱਚ ਹੈ ਕਿ ਸਰਕਾਰ ਨੂੰ ਵਧੇਰੇ ਸੰਚਾਰੀ ਹੋਣਾ ਚਾਹੀਦਾ ਸੀ ਅਤੇ ਇਹ ਦੱਸਣਾ ਚਾਹੀਦਾ ਸੀ ਕਿ ਜੰਗਬੰਦੀ ਅਚਾਨਕ ਕਿਉਂ ਹੋਈ? ਜਦੋਂ ਕਿ ਗੋਦੀ ਮੀਡੀਆ ਅਤੇ ਅੰਧਭਗਤ ਸਾਰੇ ਉਤੇਜਿਤ ਅਤੇ ਖੂਨ ਦੇ ਪਿਆਸੇ ਸਨ। ਜੰਗਬੰਦੀ ਦਾ ਪਹਿਲਾਂ ਐਲਾਨ ਟਰੰਪ ਵੱਲੋਂ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਟਾਲਣਯੋਗ ਸੀ। ਹਾਲਾਂਕਿ, ਇਨ੍ਹਾਂ ਸਵਾਲਾਂ ਦੀ ਵੀ ਉਡੀਕ ਕੀਤੀ ਜਾ ਸਕਦੀ ਹੈ।
ਸਰਕਾਰ ਨੇ ਵੱਖ-ਵੱਖ ਦੇਸ਼ਾਂ ਵਿਚ ਭਾਰਤ ਦੇ ਰੁਖ ਤੋਂ ਜਾਣੂ ਕਰਵਾਉਣ ਲਈ ਸਰਬ-ਪਾਰਟੀ ਵਫ਼ਦ ਭੇਜਣ ਦੀ ਸ਼ਲਾਘਾਯੋਗ ਪਹਿਲ ਕੀਤੀ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਸਭ ਤੋਂ ਮਹੱਤਵਪੂਰਨ ਦੇਸ਼ ਅਮਰੀਕਾ ਦੇ ਵਫ਼ਦ ਦਾ ਮੁਖੀ ਬਣਾਉਣ ਦਾ ਫੈਸਲਾ ਇਕ ‘ਮਾਸਟਰ ਸਟ੍ਰੋਕ’ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਨੇ ਸਰਬ-ਪਾਰਟੀ ਵਫ਼ਦ ਲਈ ਨਾਮਜ਼ਦ ਪਾਰਟੀ ਆਗੂਆਂ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਕੀਤਾ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਸ਼ਸ਼ੀ ਥਰੂਰ ਪਾਰਟੀ ਦੇ ਸਭ ਤੋਂ ਸਪੱਸ਼ਟ ਅਤੇ ਤਿੱਖੇ ਨੇਤਾ ਹਨ।
ਸੂਚੀ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਨਾ ਹੋਣਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਵਿਚ ਅਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜਿਵੇਂ ਕਿ ਉਮੀਦ ਕੀਤੀ ਗਈ ਸੀ, ਉਨ੍ਹਾਂ ਨੇ ਭਾਰਤ ਦੇ ਵਿਚਾਰਾਂ ਨੂੰ ਫੈਲਾਉਣ ਵਿਚ ਸ਼ਲਾਘਾਯੋਗ ਕੰਮ ਕੀਤਾ। ਇਕ ਹੋਰ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਨੇ ਵੀ ਦੇਸ਼ ਦੇ ਰੁਖ ਨੂੰ ਸਪੱਸ਼ਟ ਤੌਰ ’ਤੇ ਬਿਆਨ ਕਰ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਹ ਯਾਦ ਰੱਖਣਾ ਚੰਗਾ ਹੋਵੇਗਾ ਕਿ ਕਾਂਗਰਸ ਵੀ ਸੰਕਟ ਦੇ ਸਮੇਂ ਸਰਬ-ਪਾਰਟੀ ਵਫ਼ਦ ਭੇਜਦੀ ਰਹੀ ਹੈ ਅਤੇ ਅਜਿਹੇ ਵਫ਼ਦਾਂ ਦੀ ਅਗਵਾਈ ਕਰਨ ਲਈ ਸਭ ਤੋਂ ਵਧੀਆ ਵਿਰੋਧੀ ਆਗੂਆਂ ਦੀ ਚੋਣ ਕਰਦੀ ਹੈ।
ਪਹਿਲਾਂ, ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਵਿਰੋਧੀ ਜੈਪ੍ਰਕਾਸ਼ ਨਾਰਾਇਣ ਨੂੰ 1971 ਵਿਚ ਬੰਗਲਾਦੇਸ਼ ਨੂੰ ਆਜ਼ਾਦ ਕਰਨ ਦੀ ਜੰਗ ਤੋਂ ਪਹਿਲਾਂ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਨਾਲ ਜੁੜੇ ਸੰਕਟ ’ਤੇ ਭਾਰਤ ਦੇ ਰੁਖ ਨੂੰ ਸਮਝਾਉਣ ਲਈ ਪੱਛਮੀ ਰਾਜਧਾਨੀਆਂ ਵਿਚ ਭੇਜਿਆ ਸੀ। ਜਿਵੇਂ ਕਿ ਸਭ ਜਾਣਦੇ ਹਨ, ਨਾਰਾਇਣ ਨੇ ਬਾਅਦ ਵਿਚ ਇਕ ਅੰਦੋਲਨ ਦੀ ਅਗਵਾਈ ਕੀਤੀ ਜਿਸ ਦਾ ਨਤੀਜਾ ਐਮਰਜੈਂਸੀ ਲਗਾਉਣ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਦੀ ਖੁਦ ਦੀ ਗ੍ਰਿਫਤਾਰੀ ਵਿਚ ਨਿਕਲਿਆ।
ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਵੀ ਸਭ ਤੋਂ ਸਪੱਸ਼ਟ ਅਤੇ ਕੱਟੜ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਸੰਯੁਕਤ ਰਾਸ਼ਟਰ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਸੀ। ਜਦੋਂ ਅਜਿਹੀ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਯੋਗਤਾ ਹੀ ਇਕੋ ਇਕ ਮਾਪਦੰਡ ਹੋਣੀ ਚਾਹੀਦੀ ਹੈ ਅਤੇ ਮੌਜੂਦਾ ਹਾਲਾਤ ਵਿਚ ਸ਼ਸ਼ੀ ਥਰੂਰ ਬਿਨਾਂ ਸ਼ੱਕ ਸਭ ਤੋਂ ਵਧੀਆ ਬਦਲ ਸਨ। ਹਾਲਾਂਕਿ, ਰਾਹੁਲ ਗਾਂਧੀ ਮੱਲਿਕਾਰਜੁਨ ਖੜਗੇ ਅਤੇ ਜੈਰਾਮ ਰਮੇਸ਼ ਵਰਗੇ ਹੋਰ ਨੇਤਾ ਮਹਿਸੂਸ ਕਰਦੇ ਹਨ ਕਿ ਇਹ ਸਰਕਾਰ ਨੂੰ ਘੇਰਨ ਦਾ ਸਹੀ ਸਮਾਂ ਹੈ ਅਤੇ ਜਨਤਕ ਤੌਰ ’ਤੇ ਸਵਾਲ ਉਠਾਉਣ ਤੋਂ ਇਲਾਵਾ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕਰ ਰਹੇ ਹਨ।
ਭਾਵੇਂ ਸੰਸਦ ਲੋਕਾਂ ਦੀ ਇੱਛਾ ਨੂੰ ਦਰਸਾਉਂਦੀ ਹੈ ਅਤੇ ਸਰਕਾਰ ਇਸ ਪ੍ਰਤੀ ਜਵਾਬਦੇਹ ਹੈ, ਪਰ ਅਜਿਹੇ ਮੁੱਦੇ ਹਨ ਜਿਨ੍ਹਾਂ ’ਤੇ ਸੰਸਦ ਜਾਂ ਹੋਰ ਖੁੱਲ੍ਹੀਆਂ ਮੀਟਿੰਗਾਂ ਵਿਚ ਬਹਿਸ ਨਹੀਂ ਕੀਤੀ ਜਾ ਸਕਦੀ। ਇਹ ਸਰਕਾਰ ਨੂੰ ਜਾਣਕਾਰੀ ਸਾਂਝੀ ਕਰਨ ਤੋਂ ਮੁਕਤ ਨਹੀਂ ਕਰਦਾ। ਇਸ ਨੂੰ ਸਬੰਧਤ ਧਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਰਾਸ਼ਟਰੀ ਹਿੱਤ ਨਾਲ ਸਮਝੌਤਾ ਕੀਤੇ ਬਿਨਾਂ ਵਿਸਤ੍ਰਿਤ ਚਰਚਾ ਕਰਨੀ ਚਾਹੀਦੀ ਹੈ।
ਵਿਪਿਨ ਪੱਬੀ
ਨਿਆਪਾਲਿਕਾ ’ਚ ਭ੍ਰਿਸ਼ਟਾਚਾਰ, ਚੀਫ ਜਸਟਿਸ ਬੀ.ਆਰ. ਗਵਈ ਦੀ ਸਕਾਰਾਤਮਕ ਪਹਿਲ!
NEXT STORY