ਰਾਜਸਥਾਨ ’ਚ ਰਾਹੁਲ ਗਾਂਧੀ ਨੇ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਦੀ ਖੁੱਲ੍ਹ ਕੇ ਵਕਾਲਤ ਕਰ ਦਿੱਤੀ। ਰਾਹੁਲ ਨੇ ਕਿਹਾ ਕਿ ਭਾਜਪਾ ਅੰਗਰੇਜ਼ੀ ਦੀ ਪੜ੍ਹਾਈ ਦਾ ਇਸ ਲਈ ਵਿਰੋਧ ਕਰਦੀ ਹੈ ਕਿ ਉਹ ਦੇਸ਼ ਦੇ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਦਿਹਾਤੀਆਂ ਦੇ ਬੱਚਿਆਂ ਦਾ ਭਲਾ ਨਹੀਂ ਚਾਹੁੰਦੀ ਹੈ। ਭਾਜਪਾ ਦੇ ਨੇਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿਚ ਕਿਉਂ ਪੜ੍ਹਾਉਂਦੇ ਹਨ? ਰਾਹੁਲ ਨੇ ਜੋ ਦੋਸ਼ ਭਾਜਪਾ ਦੇ ਨੇਤਾਵਾਂ ’ਤੇ ਲਗਾਇਆ, ਉਹ ਜ਼ਿਆਦਾਤਰ ਸਹੀ ਹੀ ਹੈ ਪਰ ਰਾਹੁਲ ਜ਼ਰਾ ਖੁਦ ਦੱਸਣ ਕਿ ਉਹ ਖੁਦ ਅਤੇ ਉਸਦੀ ਭੈਣ ਹਿੰਦੀ ਮਾਧਿਅਮ ਸਕੂਲ ਵਿਚ ਪੜ੍ਹੇ ਹਨ? ਦੇਸ਼ ਦੇ ਸਾਰੇ ਆਗੂ ਜਾਂ ਭੱਦਰਪੁਰਸ਼ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿਚ ਇਸ ਲਈ ਭੇਜਦੇ ਹਨ ਕਿ ਭਾਰਤ ਦਿਮਾਗੀ ਤੌਰ ’ਤੇ ਅਜੇ ਵੀ ਗੁਲਾਮ ਹੈ। ਉਸਦੀਆਂ ਸਾਰੀਆਂ ਉੱਚੀਆਂ ਨੌਕਰੀਆਂ ਅੰਗਰੇਜ਼ੀ ਮਾਧਿਅਮ ਨਾਲ ਮਿਲਦੀਆਂ ਹਨ। ਉਸਦੇ ਕਾਨੂੰਨ ਅੰਗਰੇਜ਼ੀ ਵਿਚ ਬਣਦੇ ਹਨ। ਉਸਦੀਆਂ ਸਰਕਾਰਾਂ ਅਤੇ ਅਦਾਲਤਾਂ ਅੰਗਰੇਜ਼ੀ ’ਚ ਚੱਲਦੀਆਂ ਹਨ।
ਭਾਜਪਾ ਨੇ ਆਪਣੀ ਨਵੀਂ ਸਿੱਖਿਆ ਨੀਤੀ ’ਚ ਪ੍ਰਾਇਮਰੀ ਸਿੱਖਿਆ ਨੂੰ ਮਾਤਭਾਸ਼ਾ ਦੇ ਮਾਧਿਅਮ ਨਾਲ ਚਲਾਉਣ ਦੀ ਬੇਨਤੀ ਕੀਤੀ ਹੈ, ਜੋ ਕਿ ਬਿਲਕੁਲ ਸਹੀ ਹੈ ਪਰ ਭਾਜਪਾ ਅਤੇ ਕਾਂਗਰਸ ਦੋਵਾਂ ਦੀਆਂ ਸੂਬਾਈ ਸਰਕਾਰਾਂ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਕਿਸੇ ਵਿਦੇਸ਼ੀ ਭਾਸ਼ਾ ਨੂੰ ਪੜ੍ਹਨਾ ਇਕ ਗੱਲ ਹੈ ਅਤੇ ਉਸਨੂੰ ਆਪਣੀ ਪੜ੍ਹਾਈ ਦਾ ਮਾਧਿਅਮ ਬਣਾਉਣਾ ਦੂਜੀ। ਮੈਂ ਪਹਿਲੀ ਜਮਾਤ ਤੋਂ ਆਪਣੀ ਕੌਮਾਂਤਰੀ ਪੀ.ਐੱਚ. ਡੀ. ਤੱਕ ਦੀਆਂ ਪ੍ਰੀਖਿਆਵਾਂ ਹਿੰਦੀ ਮਾਧਿਅਮ ਰਾਹੀਂ ਦਿੱਤੀਆਂ ਹਨ। ਮਾਤਭਾਸ਼ਾ ਦੇ ਮਾਧਿਅਮ ਨਾਲ ਪੜ੍ਹਨ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਵਿਦੇਸ਼ੀ ਭਾਸ਼ਾਵਾਂ ਦਾ ਬਾਈਕਾਟ ਕਰ ਦਿਓ। ਮੈਂ ਹਿੰਦੀ ਦੇ ਇਲਾਵਾ ਸੰਸਕ੍ਰਿਤ, ਜਰਮਨ, ਰੂਸੀ ਅਤੇ ਫਾਰਸੀ ਭਾਸ਼ਾਵਾਂ ਵੀ ਸਿੱਖੀਆਂ। ਅੰਗਰੇਜ਼ੀ ਤਾਂ ਸਾਡੇ ’ਤੇ ਮੜ੍ਹ ਹੀ ਦਿੱਤੀ ਜਾਂਦੀ ਹੈ।
ਰਾਹੁਲ ਦਾ ਇਹ ਤਰਕ ਸਹੀ ਹੈ ਕਿ ਗਰੀਬ ਅਤੇ ਦਿਹਾਤੀ ਵਰਗ ਦੇ ਬੱਚੇ ਅੰਗਰੇਜ਼ੀ ਸਕੂਲਾਂ ’ਚ ਨਹੀਂ ਪੜ੍ਹਦੇ, ਇਸ ਲਈ ਉਹ ਪੱਛੜ ਜਾਂਦੇ ਹਨ। ਕੁਝ ਹਜ਼ਾਰ ਵਿਦਿਆਰਥੀਆਂ ਦੇ ਕਾਰਨ ਕਰੋੜਾਂ ਵਿਦਿਆਰਥੀਆਂ ਦਾ ਦਮ ਕਿਉਂ ਘੁੱਟਿਆ ਜਾਵੇ? ਜਿਨ੍ਹਾਂ ਨੇ ਵਿਦੇਸ਼ ਜਾਣਾ ਹੋਵੇ, ਉਹ ਸਾਲ-2 ਸਾਲ ਵਿਚ ਉਸ ਦੇਸ਼ ਦੀ ਭਾਸ਼ਾ ਜ਼ਰੂਰ ਸਿੱਖ ਲੈਣ ਪਰ ਕਿਸੇ ਵਿਦੇਸ਼ੀ ਭਾਸ਼ਾ ਨੂੰ 16 ਸਾਲ ਤੱਕ ਆਪਣੀ ਪੜ੍ਹਾਈ ਦਾ ਮਾਧਿਅਮ ਬਣਾਈ ਰੱਖਣਾ ਅਤੇ ਉਸਨੂੰ ਕਰੋੜਾਂ ਬੱਚਿਆਂ ’ਤੇ ਮੜ੍ਹ ਦੇਣਾ ਕਿਹੜੀ ਅਕਲਮੰਦੀ ਹੈ? ਹਿਰਨ ’ਤੇ ਘਾਹ ਕਿਉਂ ਲੱਦਿਆ ਜਾਵੇ? ਜੇਕਰ ਸਾਡੇ ਨੇਤਾ ਲੋਕ ਚਾਹੁੰਦੇ ਹਨ ਕਿ ਗਰੀਬਾਂ, ਦਿਹਾਤੀਆਂ, ਪੱਛੜਿਆਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਜ਼ਿੰਦਗੀ ਵਿਚ ਬਰਾਬਰ ਮੌਕਾ ਮਿਲੇ ਤਾਂ ਦੇਸ਼ ਵਿਚ ਸਾਰੇ ਬੱਚਿਆਂ ਦੇ ਲਈ ਮਾਤਭਾਸ਼ਾ-ਮਾਧਿਅਮ ਦੀ ਪੜ੍ਹਾਈ ਲਾਜ਼ਮੀ ਹੋਣੀ ਚਾਹੀਦੀ ਹੈ। ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ’ਤੇ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ। ਵਿਦੇਸ਼ੀ ਸੰਪਰਕਾਂ ਲਈ ਸਾਨੂੰ ਸਿਰਫ ਅੰਗਰੇਜ਼ੀ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਵਿਦੇਸ਼-ਵਪਾਰ, ਵਿਦੇਸ਼ ਨੀਤੀ ਅਤੇ ਉੱਚ ਖੋਜ ਦੇ ਲਈ ਅੰਗਰੇਜ਼ੀ ਦੇ ਨਾਲ-ਨਾਲ ਫ੍ਰਾਂਸੀਸੀ, ਜਰਮਨ, ਚੀਨੀ, ਰੂਸੀ, ਅਰਬੀ, ਹਿਸਪਾਨੀ, ਜਾਪਾਨੀ ਆਦਿ ਕਈ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਵੀ ਭਾਰਤ ਵਿਚ ਮੁਹੱਈਆ ਹੋਣੀ ਚਾਹੀਦੀ ਹੈ। ਦੁਨੀਆ ਦੇ ਕਿਸੇ ਵੀ ਰੱਜੇ-ਪੁੱਜੇ ਅਤੇ ਸ਼ਕਤੀਸ਼ਾਲੀ ਦੇਸ਼ ਵਿਚ ਵਿਦਿਆਰਥੀ-ਵਿਦਿਆਰਥਣਾਂ ਦੀ ਪੜ੍ਹਾਈ ਦਾ ਮਾਧਿਅਮ ਵਿਦੇਸ਼ੀ ਭਾਸ਼ਾ ਨਹੀਂ ਹੈ।
ਡਾ. ਵੇਦਪ੍ਰਤਾਪ ਵੈਦਿਕ
ਸ਼੍ਰੀਲੰਕਾ ਹੋਇਆ ਹੁਣ ਚੀਨ ਦਾ ਕੱਟੜ ਵਿਰੋਧੀ
NEXT STORY