ਗੁਜਰਾਤ 'ਚ ਚੋਣ ਮੁਹਿੰਮ ਇਸ ਸਮੇਂ ਨਵੇਂ-ਨਵੇਂ ਆਯਾਮ ਹਾਸਿਲ ਕਰ ਰਹੀ ਹੈ, ਉਸ 'ਚ ਕਿਹੜੇ-ਕਿਹੜੇ ਮੁੱਦੇ ਹਨ? 22 ਸਾਲਾਂ ਤੋਂ ਗੁਜਰਾਤ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਉਸ ਦੀ ਚੋਣ ਮੁਹਿੰਮ ਦਾ ਕੇਂਦਰੀ ਮੁੱਦਾ ਵਿਕਾਸ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਇਸ ਸ਼ਬਦ ਦਾ ਕਾਪੀਰਾਈਟ ਕਰਵਾਇਆ ਗਿਆ ਹੋਵੇ ਕਿਉਂਕਿ ਵਿਕਾਸ ਅਜਿਹੀ ਚੀਜ਼ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਸਿਰਫ ਭਾਜਪਾ (ਅਤੇ ਖਾਸ ਤੌਰ 'ਤੇ ਨਰਿੰਦਰ ਮੋਦੀ) ਦੇ ਅਧੀਨ ਹੀ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਬਾਕੀ ਪਾਰਟੀਆਂ ਜੋ ਵੀ ਕਰ ਰਹੀਆਂ ਹਨ, ਉਹ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਪਤਾ ਨਹੀਂ ਕਿਹੜੇ-ਕਿਹੜੇ ਵਾਦ ਹਨ। ਇਹ ਸੂਤਰਕਾਰਿਤਾ ਬਿਲਕੁਲ ਬਚਕਾਨਾ ਕਿਸਮ ਦੀ ਹੈ। ਫਿਰ ਵੀ ਇਸ ਬਾਰੇ ਵਰਣਨਯੋਗ ਗੱਲ ਇਹ ਹੈ ਕਿ ਭਾਜਪਾ ਇਸੇ ਬਲਬੂਤੇ 'ਤੇ ਆਪਣੇ ਵਿਰੋਧੀਆਂ ਨੂੰ ਖੁੱਡੇ ਲਾਈਨ ਲਾ ਰਹੀ ਹੈ।
ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਭਾਜਪਾ ਜਿਸ ਵਿਸ਼ੇ 'ਚ ਬੋਲਣਾ ਚਾਹੁੰਦੀ ਹੈ, ਉਹ ਸੱਚਮੁਚ ਵਿਕਾਸ ਹੀ ਹੈ (ਜਿਸ ਦਾ ਮਤਲਬ ਇਹ ਹੈ ਕਿ ਅਜਿਹੇ ਅੰਕੜਿਆਂ ਅਤੇ ਅਜਿਹੀਆਂ ਨੀਤੀਆਂ 'ਤੇ ਚਰਚਾ ਕਰ ਰਹੀ ਹੈ, ਜੋ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਅੱਗੇ ਵਧਾਉਂਦੇ ਹਨ) ਤਾਂ ਵੀ ਇਸ ਪਾਰਟੀ ਦਾ ਧਿਆਨ ਕਿਤੇ ਭਟਕ ਜਾਂਦਾ ਹੈ। ਇਹ ਜਾਣਨਾ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਦਾ ਮਜ਼੍ਹਬ ਕਿਹੜਾ ਹੈ। ਪ੍ਰਧਾਨ ਮੰਤਰੀ ਝੂਠ ਬੋਲਦੇ ਹਨ ਤੇ ਕਹਿੰਦੇ ਹਨ ਕਿ ਕਾਂਗਰਸ ਨੇ ਹਾਫਿਜ਼ ਸਈਦ ਨੂੰ ਜ਼ਮਾਨਤ ਮਿਲਣ ਦਾ ਜਸ਼ਨ ਮਨਾਇਆ ਸੀ। ਭਲਾ ਇਸ ਦੋਸ਼ ਦਾ ਵਿਕਾਸ ਨਾਲ ਕੀ ਲੈਣਾ-ਦੇਣਾ ਹੈ? ਸੁਭਾਵਿਕ ਹੈ ਕਿ ਕੁਝ ਵੀ ਲੈਣਾ-ਦੇਣਾ ਨਹੀਂ।
ਜਿਥੇ ਭਾਜਪਾ ਵਿਕਾਸ ਦੇ ਪੱਖ 'ਚ ਖੜ੍ਹੇ ਹੋਣ ਦਾ ਦਾਅਵਾ ਕਰਦੀ ਹੈ, ਉਥੇ ਹੀ ਕਾਂਗਰਸ ਨੂੰ ਤਾਂ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਚੋਣਾਂ 'ਚ ਕਿਹੜਾ-ਕਿਹੜਾ ਮੁੱਦਾ ਹੋਣਾ ਚਾਹੀਦਾ ਹੈ। ਇਹ ਤਾਂ ਭਾਜਪਾ ਦੀਆਂ ਵਿਕਾਸ ਦੀਆਂ ਗੱਲਾਂ ਵਾਂਗ ਕੋਈ ਇਕ ਬਿੰਦੂ ਪੇਸ਼ ਨਹੀਂ ਕਰ ਰਹੀ। ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਇਕ ਦਿਨ ਰਾਫੇਲ ਸੌਦੇ 'ਚ ਹੋਏ ਭ੍ਰਿਸ਼ਟਾਚਾਰ 'ਤੇ ਚਰਚਾ ਕਰਨਾ ਚਾਹੁੰਦੇ ਹਨ (ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਮੀਡੀਆ ਤੋਂ ਕੋਈ ਸਮਰਥਨ ਨਹੀਂ ਮਿਲਿਆ) ਅਤੇ ਅਗਲੇ ਦਿਨ ਇਸ ਦੀ ਥਾਂ 'ਤੇ ਜੀ. ਐੱਸ. ਟੀ. ਜਾਂ ਨੋਟਬੰਦੀ ਦਾ ਮੁੱਦਾ ਆ ਸਕਦਾ ਹੈ। ਫੋਕਸ ਦੀ ਇਸ ਕਮੀ ਦਾ ਅਰਥ ਇਹ ਹੈ ਕਿ ਭਾਜਪਾ ਵਿਰੁੱਧ ਇਹ ਕੋਈ ਭਲੀਭਾਂਤ ਇਕਾਗਰ ਸੰਦੇਸ਼ ਨਹੀਂ ਦੇ ਪਾ ਰਹੇ।
ਮੁੱਦਿਆਂ ਤੋਂ ਬਾਅਦ ਅਗਲੀ ਗੱਲ ਹੈ ਸੰਗਠਨ ਦੀ। ਇਸ ਮਾਮਲੇ 'ਚ ਭਾਜਪਾ ਇਕ ਵੱਡੀ ਸ਼ਕਤੀ ਹੈ ਅਤੇ ਲੋਕਤੰਤਰਿਕ ਜਗਤ 'ਚ ਸਭ ਤੋਂ ਮਜ਼ਬੂਤ ਪਾਰਟੀਆਂ 'ਚੋਂ ਇਕ ਹੈ। ਜ਼ਮੀਨੀ ਪੱਧਰ 'ਤੇ ਇਸ ਦੀ ਬਹੁਤ ਵਿਆਪਕ ਹਾਜ਼ਰੀ ਹੈ, ਜਿਸ ਦੀ ਮੈਨੇਜਮੈਂਟ ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਕੀਤੀ ਜਾਂਦੀ ਹੈ, ਜੋ ਵਿਸ਼ਵ ਦਾ ਸਭ ਤੋਂ ਵੱਡਾ ਸਵੈਮ-ਸੇਵੀ ਸੰਗਠਨ (ਐੱਨ. ਜੀ. ਓ.) ਹੈ ਅਤੇ ਜਿਸ ਦੇ ਲੱਖਾਂ ਮੈਂਬਰ ਹਨ। ਉਹ ਸਾਰੇ ਅਤਿਅੰਤ ਸਮਰਪਿਤ ਅਤੇ ਟ੍ਰੇਂਡ ਲੋਕ ਹਨ ਅਤੇ ਹਾਲ ਹੀ ਦੇ ਸਾਲਾਂ 'ਚ ਮੋਦੀ ਦੀ ਕ੍ਰਿਸ਼ਮਈ ਲੀਡਰਸ਼ਿਪ ਕਾਰਨ ਉਹ ਬਹੁਤ ਉਤਸ਼ਾਹ ਨਾਲ ਭਰੇ ਹੋਏ ਹਨ। ਵਰਣਨਯੋਗ ਇਹ ਹੈ ਕਿ ਜ਼ਮੀਨ ਨਾਲ ਜੁੜੇ ਸੰਘ ਦੇ ਵਰਕਰ ਮੋਦੀ ਦੇ ਬਹੁਤ ਜ਼ਬਰਦਸਤ ਸਮਰਥਕ ਹਨ।
ਗੁਜਰਾਤ 'ਚ ਜ਼ਬਰਦਸਤ ਮੁਕਾਬਲਾ ਹੈ। ਇਸ ਲਈ ਕੋਈ ਵੀ ਯਕੀਨ ਨਾਲ ਇਹ ਨਹੀਂ ਕਹਿ ਸਕਦਾ ਕਿ ਮੌਜੂਦਾ ਚੋਣਾਂ ਵਿਚ ਕੀ ਗੁਜਰਾਤ 'ਚ ਫਿਲਹਾਲ ਜ਼ਬਰਦਸਤ ਮੁਕਾਬਲਾ ਹੈ। ਭਾਜਪਾ ਦੀ ਜਥੇਬੰਦਕ ਲੀਡ ਕਾਰਨ ਮੈਦਾਨ ਉਸ ਦੇ ਹੱਥ 'ਚ ਰਹੇਗਾ। ਦੂਜੇ ਪਾਸੇ ਕਿਉਂਕਿ ਗੁਜਰਾਤ ਵਿਚ ਸਿਰਫ 2 ਪਾਰਟੀਆਂ ਵਿਚਾਲੇ ਹੀ ਮੁਕਾਬਲਾ ਹੁੰਦਾ ਹੈ, ਅਜਿਹੀ ਸਥਿਤੀ 'ਚ ਜਿਨ੍ਹਾਂ ਨੂੰ ਭਾਜਪਾ ਪਸੰਦ ਨਹੀਂ, ਉਹ ਸਿਰਫ ਕਾਂਗਰਸ ਨੂੰ ਹੀ ਵੋਟ ਪਾ ਸਕਦੇ ਹਨ ਪਰ ਇਹ ਤਾਂ ਜ਼ਰੂਰ ਹੀ ਮੰਨਣਾ ਪਵੇਗਾ ਕਿ ਚੋਣ ਮੁਹਿੰਮ ਦੇ ਮੌਜੂਦਾ ਪੱਧਰ 'ਤੇ ਕਾਂਗਰਸ 'ਚ ਮੁਕਾਬਲਾ ਕਰਨ ਵਰਗੀ ਕੋਈ ਸ਼ਕਤੀ ਦਿਖਾਈ ਨਹੀਂ ਦਿੰਦੀ। ਕਾਂਗਰਸ ਸੇਵਾ ਦਲ ਜਾਂ ਯੂਥ ਕਾਂਗਰਸ ਨਾਲ ਸਬੰਧਤ ਕਾਂਗਰਸ ਦੇ ਪੁਰਾਣੇ ਵਰਕਰ ਕਿਤੇ ਦਿਖਾਈ ਨਹੀਂ ਦਿੰਦੇ। ਇਸ ਦਾ ਢਾਂਚਾ ਵਿਗੜ ਚੁੱਕਾ ਹੈ ਅਤੇ ਹੁਣ ਕਾਂਗਰਸੀ ਉਮੀਦਵਾਰਾਂ ਦੀ ਇਹ ਨਿੱਜੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੀ ਕਿਰਤ ਸ਼ਕਤੀ ਮੁਹੱਈਆ ਕਰਵਾਉਣ, ਜੋ ਇਨ੍ਹਾਂ ਕੰਮਾਂ ਨੂੰ ਅੰਜਾਮ ਦੇਵੇ। ਇਸ ਕੰਮ ਲਈ ਪੈਸੇ ਦੀ ਲੋੜ ਹੈ ਅਤੇ ਬਹੁਤ ਸਾਰੇ ਕਾਂਗਰਸੀ ਨੇਤਾ ਹੁਣ ਚੋਣਾਂ ਵਿਚ ਪੈਸੇ ਨਹੀਂ ਝੋਕਦੇ ਕਿਉਂਕਿ ਉਨ੍ਹਾਂ ਦੀ ਪਾਰਟੀ ਇਕ ਤੋਂ ਬਾਅਦ ਇਕ ਚੋਣਾਂ 'ਚ ਹਾਰ ਰਹੀ ਹੈ।
ਮੁੱਦਿਆਂ ਤੇ ਸੰਗਠਨ ਦੋਹਾਂ ਦੇ ਹੀ ਸਵਾਲ 'ਤੇ ਮੇਰਾ ਨਜ਼ਰੀਆ ਇਹ ਹੈ ਕਿ ਭਾਜਪਾ ਬਹੁਤ ਅੱਗੇ ਹੈ। ਅਜਿਹਾ ਭਾਵੇਂ ਕਾਂਗਰਸ ਦੀ ਕਮਜ਼ੋਰੀ ਕਾਰਨ ਹੋ ਰਿਹਾ ਹੋਵੇ ਜਾਂ ਭਾਜਪਾ ਦੀਆਂ ਆਪਣੀਆਂ ਮਜ਼ਬੂਤੀਆਂ ਕਾਰਨ ਜਾਂ ਫਿਰ ਦੋਹਾਂ ਕਾਰਨਾਂ ਕਰਕੇ ਪਰ ਇਕ ਗੱਲ ਤੈਅ ਹੈ ਕਿ ਅਜਿਹਾ ਹੋ ਰਿਹਾ ਹੈ।
ਤੀਜੀ ਗੱਲ ਹੈ ਚੋਣ ਮੁਹਿੰਮ ਦੀ ਰਣਨੀਤੀ। ਭਾਜਪਾ ਨੇ ਆਪਣਾ ਤਰੁੱਪ ਦਾ ਪੱਤਾ, ਭਾਵ ਖ਼ੁਦ ਪ੍ਰਧਾਨ ਮੰਤਰੀ ਨੂੰ ਵਰਤਿਆ ਹੈ ਅਤੇ ਦਰਜਨ ਭਰ ਰੈਲੀਆਂ ਵਿਚ ਉਨ੍ਹਾਂ ਨੂੰ ਮੰਚ 'ਤੇ ਉਤਾਰਿਆ ਹੈ। ਪਾਠਕਾਂ ਨੂੰ ਸ਼ਾਇਦ ਇਹ ਯਾਦ ਹੋਵੇਗਾ ਕਿ ਅਨੇਕ ਸਾਲਾਂ ਤੋਂ ਸਿਰਫ ਉਹ ਹਿੰਦੀ 'ਚ ਹੀ ਭਾਸ਼ਣ ਦਿੰਦੇ ਆ ਰਹੇ ਹਨ, ਇਥੋਂ ਤਕ ਕਿ ਗੁਜਰਾਤ ਵਿਚ ਵੀ ਹਿੰਦੀ ਵਿਚ ਹੀ ਭਾਸ਼ਣ ਦਿੰਦੇ ਹਨ। ਫਿਰ ਵੀ ਅੱਜਕਲ ਉਨ੍ਹਾਂ ਨੇ ਗੁਜਰਾਤੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਕੰਮ ਕਰ ਕੇ ਉਹ ਆਮ ਲੋਕਾਂ ਤਕ ਆਪਣਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਨ।
ਜਿਵੇਂ ਕਿ ਓਪੀਨੀਅਨ ਪੋਲ ਤੋਂ ਜ਼ਾਹਿਰ ਹੋ ਰਿਹਾ ਹੈ, ਗੁਜਰਾਤ ਚੋਣਾਂ 'ਚ ਸ਼ਾਇਦ ਬਹੁਤ ਘੱਟ ਫਰਕ ਨਾਲ ਹਾਰ-ਜਿੱਤ ਦਾ ਫੈਸਲਾ ਹੋਵੇਗਾ। ਮੋਦੀ ਬਿਨਾਂ ਸ਼ੱਕ ਇਕ ਬਹੁਤ ਉੱਚ-ਕੋਟੀ ਦੇ ਬੁਲਾਰੇ ਹਨ ਅਤੇ ਉਹ ਜਿਸ ਢੰਗ ਨਾਲ ਆਪਣਾ ਏਜੰਡਾ ਅੱਗੇ ਵਧਾਉਂਦੇ ਹਨ, ਰਾਹੁਲ ਉਸ ਤਰ੍ਹਾਂ ਕਰਨ ਦੀ ਸਮਰੱਥਾ ਨਹੀਂ ਰੱਖਦੇ। ਜਦ ਮੋਦੀ ਕੋਈ ਵੱਡਾ ਭਾਸ਼ਣ ਦਿੰਦੇ ਹਨ ਤਾਂ ਉਹ ਆਮ ਤੌਰ 'ਤੇ ਕਿਸੇ ਪੁਰਾਣੇ ਮੁੱਦੇ ਨੂੰ ਨਵੇਂ ਢੰਗ ਨਾਲ ਇੰਨੀ ਚੰਗੀ ਤਰ੍ਹਾਂ ਪੇਸ਼ ਕਰਦੇ ਹਨ ਕਿ ਸੁਰਖ਼ੀਆਂ ਲਈ ਤਰਸ ਰਿਹਾ ਮੀਡੀਆ ਇਸ ਦੀ ਰਿਪੋਰਟਿੰਗ ਕੀਤੇ ਬਿਨਾਂ ਨਹੀਂ ਰਹਿ ਸਕਦਾ।
ਇਕ ਮਿਸਾਲ ਦੇਖੋ : ''ਮੈਂ ਚਾਹ ਵੇਚੀ ਹੈ ਪਰ ਦੇਸ਼ ਕਦੇ ਨਹੀਂ ਵੇਚਿਆ।'' ਇਸ ਤਰ੍ਹਾਂ ਦੀ ਸਪੱਸ਼ਟ ਅਤੇ ਆਸਾਨ ਸੂਤਰਬੰਦੀ ਕਿਸੇ ਨੇਤਾ ਲਈ ਬਹੁਤ ਅਨਮੋਲ ਸਿੱਧ ਹੁੰਦੀ ਹੈ। ਦੂਜੇ ਪਾਸੇ ਕਾਂਗਰਸ ਨੇ ਚੋਣਾਂ ਦਾ ਏਜੰਡਾ ਤਾਂ ਕੀ ਤੈਅ ਕਰਨਾ ਸੀ, ਇਹ ਤਾਂ ਗੈਰ-ਮਹੱਤਵ ਵਾਲੀਆਂ ਗੱਲਾਂ 'ਤੇ ਆਪਣਾ ਬਚਾਅ ਕਰਨ ਨੂੰ ਮਜਬੂਰ ਹੈ, ਜਿਵੇਂ ਕਿ ਅਹਿਮਦ ਪਟੇਲ ਦਾ ਕਿਸੇ ਹਸਪਤਾਲ 'ਚ ਟਰੱਸਟੀ ਬਣਨਾ ਸਹੀ ਸੀ ਜਾਂ ਨਹੀਂ ; ਜਾਂ ਫਿਰ ਰਾਹੁਲ ਗਾਂਧੀ ਕੈਥੋਲਿਕ ਹਨ ਜਾਂ ਨਹੀਂ।
ਫਿਰ ਵੀ ਕਾਂਗਰਸ ਨੇ ਇਕ ਕੰਮ ਪੂਰੀ ਮੁਕਾਬਲੇਬਾਜ਼ੀ ਸਮਰੱਥਾ ਨਾਲ ਅੰਜਾਮ ਦਿੱਤਾ ਹੈ। ਇਸ ਨੇ ਗੁਜਰਾਤ ਸਰਕਾਰ ਨਾਲ ਅਸਹਿਮਤ ਚੱਲ ਰਹੇ ਤਿੰਨ ਵੱਡੇ ਧੜਿਆਂ ਨੂੰ ਪਿਛਲੇ ਕੁਝ ਮਹੀਨਿਆਂ ਦੌਰਾਨ ਇਕਜੁੱਟ ਕਰ ਕੇ ਚੋਣ ਮੁਹਿੰਮ 'ਚ ਉਤਾਰਿਆ ਹੈ। ਹਾਰਦਿਕ ਪਟੇਲ, ਜਿਗਨੇਸ਼ ਮੇਵਾਨੀ ਅਤੇ ਅਲਪੇਸ਼ ਠਾਕੋਰ ਤਰਤੀਬਵਾਰ ਪਟੇਲਾਂ, ਦਲਿਤਾਂ ਅਤੇ ਓ. ਬੀ. ਸੀ. ਕਸ਼ੱਤਰੀਆਂ ਦੇ ਨੇਤਾ ਹਨ। ਤਿੰਨਾਂ ਸਮੂਹਾਂ ਦੀਆਂ ਮੰਗਾਂ ਕਿਉਂਕਿ ਆਪਸ 'ਚ ਟਕਰਾਉਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਇਕਜੁੱਟ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਉਂਝ ਕਾਂਗਰਸ ਦੇ ਨਾਲ ਤਿੰਨਾਂ ਧੜਿਆਂ ਦਾ ਕਤਾਰਬੱਧ ਹੋਣਾ ਵੀ ਸੁਭਾਵਿਕ ਨਹੀਂ ਹੈ ਕਿਉਂਕਿ ਤਿੰਨੋਂ ਹੀ ਅੰਦੋਲਨ ਗੈਰ-ਸਿਆਸੀ ਹੋਣ ਦੇ ਨਾਲ-ਨਾਲ ਚੁਸਤ ਵੀ ਸਨ। ਫਿਰ ਵੀ ਕਾਂਗਰਸ ਨੇ ਜੋੜ-ਤੋੜ ਕਰ ਕੇ ਆਪਣੇ ਨਾਲ ਮਿਲਾ ਲਏ। ਮੇਰਾ ਅਨੁਮਾਨ ਹੈ ਕਿ ਇਹ ਮੁੱਖ ਤੌਰ 'ਤੇ ਅਹਿਮਦ ਪਟੇਲ ਦੀ ਹੀ ਕਾਰਸਤਾਨੀ ਹੈ।
ਇਸ ਘਟਨਾਚੱਕਰ ਤੋਂ ਭਾਜਪਾ ਚਿੰਤਤ ਹੈ ਅਤੇ ਇਸ ਦੇ ਨੇਤਾਵਾਂ ਦੇ ਕਈ ਬਿਆਨਾਂ, ਖਾਸ ਤੌਰ 'ਤੇ ਮੁੱਖ ਮੰਤਰੀ ਦੇ ਬਿਆਨਾਂ ਵਿਚ ਅਸੀਂ ਇਸ ਦੀ ਝਲਕ ਦੇਖ ਸਕਦੇ ਹਾਂ। ਇਹ ਬਿਆਨ ਮੁੱਖ ਤੌਰ 'ਤੇ ਉਕਤ ਗੱਠਜੋੜ ਨੂੰ ਖੰਡਿਤ ਕਰਨ 'ਤੇ ਟੀਚਾਬੱਧ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਜਪਾ ਨੂੰ ਹਰਾਉਣਾ ਹੀ ਕਾਫੀ ਹੋਵੇਗਾ? ਮੇਰਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਸ ਗੱਲ ਨਾਲ ਨਿਰਧਾਰਿਤ ਹੋਣਗੇ ਕਿ ਕਿੰਨੇ ਲੋਕ ਵੋਟ ਪਾਉਣ ਲਈ ਪਹੁੰਚਦੇ ਹਨ। ਗੁਜਰਾਤ ਅਜਿਹਾ ਸੂਬਾ ਹੈ, ਜਿਥੇ ਵੋਟਿੰਗ ਫੀਸਦੀ ਕਾਫੀ ਉੱਚੀ ਹੁੰਦੀ ਹੈ। ਬੇਸ਼ੱਕ ਭਾਜਪਾ ਜਨਮਤ ਸਰਵੇਖਣ ਵਿਚ ਅੱਗੇ ਹੈ, ਤਾਂ ਵੀ ਇਸ ਨੂੰ ਜ਼ਰੂਰ ਹੀ ਇਹ ਯਕੀਨੀ ਕਰਨਾ ਪਵੇਗਾ ਕਿ ਇਸ ਦੇ ਸਮਰਥਕ ਘਰਾਂ 'ਚੋਂ ਨਿਕਲਣ ਤੇ ਵੋਟ ਪਾਉਣ। ਇਹ ਕੋਈ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਗੁਜਰਾਤ 'ਚ ਭਾਜਪਾ ਬਚਾਅ ਦੀ ਮੁਦਰਾ ਵਿਚ ਮੁਹਿੰਮ ਚਲਾ ਰਹੀ ਹੈ।
ਕਾਂਗਰਸ ਆਤਮ-ਵਿਸ਼ਵਾਸ ਨਾਲ ਭਰੀ ਹੋ ਸਕਦੀ ਹੈ, ਜਿਸ ਦਾ ਜਨ-ਆਧਾਰ ਬੇਸ਼ੱਕ ਛੋਟਾ ਹੈ, ਤਾਂ ਵੀ ਇਸ ਦੇ ਸਮਰਥਕ ਭਾਰੀ ਗਿਣਤੀ 'ਚ ਵੋਟ ਪਾਉਣ ਲਈ ਅੱਗੇ ਆਉਣਗੇ ਕਿਉਂਕਿ ਉਹ ਨਾਰਾਜ਼ਗੀ ਨਾਲ ਭਰੇ ਹੋਏ ਹਨ। ਇਸ ਨਾਰਾਜ਼ਗੀ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਗੁਜਰਾਤ ਚੋਣਾਂ ਦੇ ਅਸਲੀ ਮੁੱਦੇ ਰੋਜ਼ਗਾਰ ਤੇ ਅਰਥ ਭਰਪੂਰ ਆਰਥਿਕ ਵਿਕਾਸ ਹਨ। ਇਹ ਮੁੱਦੇ ਸੱਤਾਧਾਰੀ ਪਾਰਟੀ ਦੇ ਵਿਰੁੱਧ ਜਾਣਗੇ, ਬੇਸ਼ੱਕ ਇਹ ਇਨ੍ਹਾਂ ਹੀ ਮੁੱਦਿਆਂ 'ਤੇ ਚੋਣ ਲੜਨ ਦਾ ਬਹਾਨਾ ਕਿਉਂ ਨਾ ਕਰ ਰਹੀ ਹੋਵੇ।
ਗੁਜਰਾਤ 'ਚ ਮੋਦੀ ਨੂੰ ਆਪਣੇ ਨਾਂ 'ਤੇ ਵੋਟਾਂ ਕਿਉਂ ਮੰਗਣੀਆਂ ਪਈਆਂ
NEXT STORY