ਮੁਨਾਫ਼ਿਆਂ ਦੀ ਦੌੜ ’ਚ ਅੰਨ੍ਹਾ ਹੋਇਆ ਸਾਮਰਾਜ ਸਾਰੀ ਮਨੁੱਖਤਾ ਨੂੰ ਤਬਾਹ ਕਰਨ ਦੇ ਰਾਹੇ ਤੁਰਿਆ ਹੋਇਆ ਹੈ। ਸਾਮਰਾਜੀ ਗੁੱਟ ਦੇ ਅਜੋਕੇ ਸਰਗਨੇ ਅਮਰੀਕਾ ਦਾ ਸਦਰ ਡੋਨਾਲਡ ਟਰੰਪ ‘ਨਾਟੋ’ ਗੱਠਜੋੜ ਦੇ ਭਾਈਵਾਲ ਦੇਸ਼ਾਂ ਨੂੰ ਆਪੋ-ਆਪਣੇ ਫੌਜੀ ਖਰਚੇ ਜੀ. ਡੀ. ਪੀ. ਦੇ 3 ਫੀਸਦੀ ਹਿੱਸੇ ਤੋਂ ਵਧਾ ਕੇ 5 ਫੀਸਦੀ ਕਰਨ ਦਾ ਹੁਕਮ ਸੁਣਾ ਚੁੱਕਿਆ ਹੈ। ਯਾਦ ਰਹੇ ‘ਨਾਟੋ’, ਨੂੰ ਅਮਰੀਕਾ ਦੀ ਅਗਵਾਈ ਵਾਲੇ ਸਾਮਰਾਜੀ ਦੇਸ਼ਾਂ ਦੇ ਗੁੱਟ ਵੱਲੋਂ ਮੈਂਬਰ ਦੇਸ਼ਾਂ ਦੀ ਸੋਵੀਅਤ ਯੂਨੀਅਨ ਤੋਂ ਰਾਖੀ ਕਰਨ ਦੇ ਨਾਂ ’ਤੇ ਕਾਇਮ ਕੀਤਾ ਗਿਆ ਸੀ।
ਜ਼ਿਆਦਾਤਰ ਸਿਆਸੀ ਵਿਸ਼ਲੇਸ਼ਕ ਅੱਜ ਇਹ ਰਾਇ ਦੇ ਹਨ ਕਿ ਬਦਲ ਚੁੱਕੇ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਅੱਜ ‘ਨਾਟੋ’ ਦੀ ਕਾਇਮੀ ਦਾ ਮਕਸਦ ਤੇ ਲੋੜ, ਦੋਹੇਂ ਖਤਮ ਹੋ ਚੁੱਕੇ ਹਨ। ‘ਨਾਟੋ’ ਦੇ ਮੈਂਬਰ ਦੇਸ਼ਾਂ ਵੱਲੋਂ ਫੌਜੀ ਬਜਟਾਂ ’ਚ ਉਕਤ ਵਾਧਾ, ਸੰਸਾਰ ਅਮਨ ਨੂੰ ਚੀਨ ਤੋਂ ਮਨੋਕਲਪਤ ਖਤਰੇ ਦਾ ਹਊਆ ਖੜ੍ਹਾ ਕਰ ਕੇ ਕੀਤਾ ਜਾ ਰਿਹਾ ਹੈ। ਪ੍ਰੰਤੂ ਸੱਚਾਈ ਇਹ ਹੈ ਕਿ ਇਹ ਵਾਧਾ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਡਰਾਉਣ-ਧਮਕਾਉਣ ਲਈ ਅਤੇ ਆਪਣੇ ਹੀ ਹਮਜੋਲੀ ਸਰਮਾਏਦਾਰ ਦੇਸ਼ਾਂ ਨਾਲ ਸੰਭਾਵਿਤ ਟਕਰਾਅ ਵੇਲੇ ਅਮਰੀਕਾ ਦਾ ਹੱਥ ਉਪਰ ਰੱਖਣ ਲਈ ਕੀਤਾ ਜਾ ਰਿਹਾ ਹੈ।
ਅਮਰੀਕਾ, ਦੂਜੇ ਦੇਸ਼ਾਂ ਨਾਲ ਦੁਵੱਲੇ ਵਪਾਰ ਦੌਰਾਨ ਲਾਈਆਂ ਜਾਂਦੀਆਂ ‘ਟੈਰਿਫ’ ਦਰਾਂ ’ਚ ਅਥਾਹ ਵਾਧਾ ਕਰ ਕੇ ਆਪਣਾ ਆਰਥਿਕ ਸੰਕਟ ਹੱਲ ਕਰਨਾ ਚਾਹੁੰਦਾ ਹੈ। ਜ਼ਾਹਿਰ ਹੈ, ਅਮਰੀਕੀ ਸਦਰ, ਇਹ ਕੁਲਹਿਣਾ ਕਾਰਜ ਦੂਜੇ ਦੇਸ਼ਾਂ ਨੂੰ ਬਰਾਬਰ ਦੇ ਭਾਈਵਾਲ ਸਮਝ ਕੇ ਨਹੀਂ ਕਰ ਰਿਹਾ। ਬਲਕਿ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਪ੍ਰਤੀ ਹੰਕਾਰ ਭਰੀ, ਤਾਨਾਸ਼ਾਹਾਂ ਵਾਲੀ ਭਾਸ਼ਾ ਵਰਤਦਿਆਂ ਡਰਾ-ਧਮਕਾ ਕੇ ਕਰ ਰਿਹਾ ਹੈ।
ਸਰਮਾਏਦਾਰ ਦੇਸ਼ਾਂ ਦੇ ਹੁਕਮਰਾਨ ਤੇ ਧਨਵਾਨ ਘਰਾਣੇ ਵਧੇਰੇ ਤੋਂ ਵਧੇਰੇ ਪੂੰਜੀ ਇਕੱਤਰ ਕਰਨ ਲਈ ਸਾਰਾ ਜ਼ੋਰ ਮਾਨਵਤਾ ਮਾਰੂ ਜੰਗੀ ਅਸਲਾ ਬਣਾਉਣ ’ਤੇ ਲਾ ਰਹੇ ਹਨ। ਇਹ ਵਿਕਸਤ ਪੂੰਜੀਵਾਦੀ ਦੇਸ਼, ਲੋਕ ਭਲਾਈ ਲਈ ਖਰਚਿਆ ਜਾਂਦਾ ਸਰਕਾਰੀ ਧਨ ਘਟਾ ਰਹੇ ਹਨ ਤੇ ਆਵਾਮ ਨੂੰ ਦਿੱਤੀਆਂ ਜਾਂਦੀਆਂ ਰਿਆਇਤਾਂ (ਸਬਸਿਡੀਆਂ) ’ਤੇ ਵੱਡੇ ਕੱਟ ਲਾ ਰਹੇ ਹਨ।
ਅੱਗੋਂ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਅਜਿਹਾ ਹੀ ਕਰਨ ਲਈ ਮਜਬੂਰ ਕਰ ਰਹੇ ਹਨ। ਬਿਨਾਂ ਕਿਸੇ ਭੜਕਾਹਟ ਦੇ ਦੂਜੇ ਦੇਸ਼ਾਂ ’ਤੇ ਫੌਜੀ ਹਮਲੇ ਕਰ ਰਹੇ ਹਨ। ਇਰਾਕ, ਅਫਗਾਨਿਸਤਾਨ, ਸੀਰੀਆ, ਲਿਬਨਾਨ, ਫ਼ਲਸਤੀਨ, ਈਰਾਨ ਵਰਗੇ ਦੇਸ਼ਾਂ ’ਤੇ ਮਿਜ਼ਾਈਲਾਂ, ਬੰਬਾਂ, ਡਰੋਨਾਂ ਨਾਲ ਕੀਤੇ ਹਮਲਿਆਂ ਨੂੰ ਕੋਈ ਵੀ ਕੌਮਾਂਤਰੀ ਕਾਨੂੰਨ ਜਾਂ ਸੰਸਥਾ ਹੱਕੀ ਨਹੀਂ ਠਹਿਰਾ ਸਕਦੀ। ਝੂਠੇ, ਮਨਘੜਤ ਤੇ ਅਸਲੋਂ ਗੈਰ ਵਾਜਿਬ ਇਲਜ਼ਾਮ ਲਾ ਕੇ ਕਿਸੇ ਵੀ ਦੇਸ਼ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮਾਰਨਾ ਇਨ੍ਹਾਂ ਸਰਮਾਏਦਾਰ ਦੇਸ਼ਾਂ ਦੀਆਂ ਸਰਕਾਰਾਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਨੇ ਦਿਲ ਪਰਚਾਵੇ ਦਾ ਸਾਧਨ ਬਣਾ ਲਿਆ ਹੈ।
ਆਪਣਾ ਨਿਸ਼ਾਨਾ ਪੂਰਾ ਕਰਨ ਲਈ ਸਭ ਕੁੱਝ ਤਬਾਹ ਕਰਨ ਪਿਛੋਂ ਇਹ ਹਮਲਾਵਰ ਬਿਨਾਂ ਕਿਸੇ ਸ਼ਰਮਿੰਦਗੀ ਜਾਂ ਪਛਤਾਵੇ ਦੇ ਤੇ ਬਿਨਾਂ ਕੋਈ ਵਾਜਿਬ ਕਾਰਨ ਦੱਸਿਆਂ ਜੰਗ ਰੋਕ ਵੀ ਦਿੰਦੇ ਹਨ। ਯਾਦ ਰਹੇ, ਜੰਗ ਪੀੜਤ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਸਰੋਤ ਬੇਤਰਸੀ ਨਾਲ ਲੁੱਟ-ਪੁੱਟ ਕੇ ਆਪਣੀ ਮੁਨਾਫ਼ੇ ਦੀ ਹਵਸ ਪੂਰੀ ਕਰਨਾ ਹੀ ਪੱਛਮ ਦੇ ਸਰਮਾਏਦਾਰ ਮੁਲਕਾਂ ਦੀ ਅਮੀਰੀ ਦਾ ਮੂਲ ਸਰੋਤ ਹੈ।
ਸੋਵੀਅਤ ਯੂਨੀਅਨ ਦੀ ਅਗਵਾਈ ’ਚ ਜਦੋਂ ਇਕ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ ਦੀ ਹੋਂਦ ਕਾਇਮ ਸੀ, ਉਦੋਂ ਸਾਮਰਾਜੀ ਖਤਰਿਆਂ ਦੇ ਮਜ਼ਬੂਤੀ ਨਾਲ ਟਾਕਰੇ ਹਿਤ ਅਤੇ ਕੌਮੀ ਆਜ਼ਾਦੀ ਦੀਆਂ ਲਹਿਰਾਂ ਦੀ ਹਮਾਇਤ ਕਰਨ ਲਈ ਸਮਾਜਵਾਦੀ ਦੇਸ਼ਾਂ ਨੇ ‘ਵਾਰਸਾ ਪੈਕਟ’ ਨਾਂ ਦੀ ਫੌਜੀ ਸੰਧੀ ਕੀਤੀ ਸੀ। ਅਮਰੀਕਾ ਤੇ ਪੱਛਮ ਦੇ ਸਰਮਾਏਦਾਰ ਦੇਸ਼ਾਂ ਦੇ ਹੁਕਮਰਾਨਾਂ ਨੇ ਉਦੋਂ ਸਮਾਜਵਾਦੀ ਦੇਸ਼ਾਂ ਤੋਂ ਖਤਰੇ ਦੇ ਪੱਜ ‘ਵਾਰਸਾ ਪੈਕਟ’ ਦੇ ਮੁਕਾਬਲੇ ‘ਨਾਟੋ’ ਕਾਇਮ ਕੀਤਾ ਸੀ।
ਸਾਮਰਾਜੀਆਂ ਦੀ ਉਦੋਂ ਦੀ ਉਕਤ ਦਲੀਲ ਜੇਕਰ ਅੱਖਾਂ ਮੀਟ ਕੇ ਮੰਨ ਵੀ ਲਈ ਜਾਵੇ ਤੇ ਇਸ ਦੇ ਆਧਾਰ ’ਤੇ ‘ਨਾਟੋ’ ਦੇ ਗਠਨ ਨੂੰ ਵਾਜ਼ਿਬ ਵੀ ਕਹਿ ਲਿਆ ਜਾਵੇ ਤਾਂ ਵੀ ਅੱਜ ‘ਨਾਟੋ’ ਦੀ ਕਾਇਮੀ ਤੇ ਹੋਰ ਪਸਾਰ ਦੀ ਉੱਕਾ ਹੀ ਕੋਈ ਲੋੜ ਨਹੀਂ ਰਹੀ।
ਕਿਉਂਕਿ ਪਿਛਲੇ ਸਦੀ ਦੇ ਅੰਤਲੇ ਦਹਾਕੇ ’ਚ ਸੋਵੀਅਤ ਯੂਨੀਅਨ ਵਿਚਲਾ ਸਮਾਜਵਾਦੀ ਢਾਂਚਾ ਖੇਰੂੰ-ਖੇਰੂੰ ਹੋ ਗਿਆ ਸੀ ਤੇ ਇਹ ਵਿਸ਼ਾਲ ਦੇਸ਼ ਅਨੇਕਾਂ ਭਾਗਾਂ ’ਚ ਵੰਡਿਆ ਗਿਆ ਸੀ। ਨਾਲ ਹੀ ਪੂਰਬੀ ਯੂਰਪ ਦੇ ਦੇਸ਼ਾਂ ਦੇ ਸਮਾਜਵਾਦੀ ਢਾਂਚੇ ਵੀ ਤਹਿਸ-ਨਹਿਸ ਹੋ ਗਏ ਸਨ। ਸਿੱਟੇ ਵਜੋਂ ਸੰਸਾਰ ਸਮਾਜਵਾਦੀ ਕੈਂਪ ਦਾ ਖਾਤਮਾ ਹੋ ਗਿਆ ਸੀ। ਫੇਰ ਅੱਜ ‘ਨਾਟੋ’ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਤੇ ਫੌਜੀ ਖਰਚਿਆਂ ’ਚ ਵਾਧਾ ਕਰਨ ਦੀ ਕੀ ਤੁਕ ਰਹਿ ਜਾਂਦੀ ਹੈ? ਕੋਈ ਸਹਿਮਤ ਹੋਵੇ ਜਾਂ ਨਾ ਪਰ ਅਜੋਕੀ ਕੌੜੀ ਹਕੀਕਤ ਇਹੋ ਹੀ ਹੈ।
ਹੁਣ ਇਹ ਤੱਥ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਹੈ ਕਿ ਜੰਗੀ ਹਥਿਆਰਾਂ ਦੇ ਭੰਡਾਰਾਂ ’ਚ ਨਿਰੰਤਰ ਵਾਧਾ ਹੁੰਦੇ ਜਾਣ ਪਿੱਛੇ ਸਾਮਰਾਜੀ ਦੇਸ਼ਾਂ ਦੀ ਸੰਸਾਰ ਭਰ ਦੇ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਸੰਸਾਧਨਾਂ ਦੀ ਵਧੇਰੇ ਤੋਂ ਵਧੇਰੇ ਲੁੱਟ-ਖਸੁੱਟ ਦੀ ਲਾਲਸਾ ਤੇ ਪਸਾਰਵਾਦੀ ਖਾਸਾ ਹੀ ਮੂਲ ਕਾਰਨ ਹੈ। ਆਪਣੀ ਇਸ ਕਰਤੂਤ ਦੀ ਪਰਦਾਪੋਸ਼ੀ ਲਈ ਹੀ ਇਹ ਜਰਵਾਣੇ ਸਮਾਜਵਾਦੀ ਦੇਸ਼ਾਂ ਤੋਂ ਸੰਸਾਰ ਅਮਨ ਨੂੰ ‘ਹਵਾਈ ਖਤਰੇ’ ਦਾ ਨਾਟਕੀ ਬਿਰਤਾਂਤ ਘੜ ਰਹੇ ਹਨ।
ਚੀਨ ਦੇ ਡਾਕਟਰਾਂ ਨੇ ਹਜ਼ਾਰਾਂ ਮੀਲ ਦੂਰੋਂ ਸੈਟਾਲਾਈਟ ਦੀ ਸਹਾਇਤਾ ਨਾਲ ਰੋਬਰਟ ਦੀ ਵਰਤੋਂ ਕਰ ਕੇ ਕੇਵਲ 2 ਘੰਟਿਆਂ ’ਚ ਕੈਂਸਰ ਤੇ ਗੁਰਦੇ ਦੀ ਪੱਥਰੀ ਦੀ ਸਫਲ ਸਰਜਰੀ ਕਰ ਕੇ ਸਿਹਤ ਵਿਗਿਆਨ ਦੇ ਖੇਤਰ ’ਚ ਵਿਲੱਖਣ ਤੇ ਚਮਤਕਾਰੀ ਕਰਿਸ਼ਮਾ ਕਰ ਵਿਖਾਇਆ ਹੈ। ਪ੍ਰੰਤੂ ਲੰਬੇ ਸਮੇਂ ਦੇ ਅਨੁਭਵ ਦੇ ਆਧਾਰ ’ਤੇ ਇਹ ਸਮਝਣਾ ਵੀ ਔਖਾ ਕਿ ਇਤਿਹਾਸਕ ਵਿਕਾਸ ਦੇ ਹਰ ਪੜਾਅ ’ਤੇ ਕਿਸੇ ਵੀ ਕਿਸਮ ਦੀ ਨਵੀਂ ਈਜ਼ਾਦ ਨੇ ‘ਹਾਂ-ਪੱਖੀ’ ਤੇ ‘ਨਾਂਹ-ਪੱਖੀ’, ਦੋਨਾਂ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਹੈ।
ਇਸ ਦੇ ਉਲਟ ਜੇਕਰ ਸੰਸਾਰ ਦੇ ਕਿਸੇ ਵੀ ਦੇਸ਼ ’ਚ ਸਮਾਜਵਾਦੀ ਪ੍ਰਬੰਧ ਅਧੀਨ ਕਿਰਤੀ ਵਰਗ ਦੀ ਸੱਤਾ ਹੋਵੇਗੀ, ਤਾਂ ਹਰ ਖੇਤਰ ’ਚ ਹੋ ਰਹੀਆਂ ਨਵੀਆਂ ਕਾਢਾਂ ਤੇ ਵਿਗਿਆਨਕ ਵਿਕਾਸ ਦੀ ਵਰਤੋਂ ਲਾਜ਼ਮੀ ਤੌਰ ’ਤੇ ਮਾਨਵਤਾ ਦੀ ਭਲਾਈ ਲਈ ਕੀਤੀ ਜਾਵੇਗੀ। ਵਰਤਮਾਨ ਸਮੇਂ ’ਚ ਇਹ ਵਰਤਾਰਾ ਲੋਕ ਚੀਨ, ਕਿਊਬਾ ਤੇ ਵੀਅਤਨਾਮ ਵਰਗੇ ਦੇਸ਼ਾਂ ’ਚ ਵੱਡੀ ਹੱਦ ਤੱਕ ਸਾਫ ਦੇਖਿਆ ਜਾ ਸਕਦਾ ਹੈ।
ਜੇਕਰ ਅਸੀਂ ਸੱਚ-ਮੁੱਚ ਹੀ ਸ਼ਾਂਤੀਪੂਰਨ, ਆਪਸੀ ਖਲੂਸ ਤੇ ਮੁਹੱਬਤ ਭਰਿਆ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਵਾਲਾ ਬਰਾਬਰੀ ਦੇ ਅਸੂਲਾਂ ’ਤੇ ਅਾਧਾਰਤ ਸਮਾਜ ਦੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਘੱਟੋ-ਘੱਟ ਸਰਮਾਏਦਾਰੀ ਤੇ ਸਮਾਜਵਾਦੀ ਪ੍ਰਬੰਧ ਵਿਚਲੇ ਅਸਲ ਫਰਕ ਅਤੇ ਇਨ੍ਹਾਂ ਦੋਹਾਂ ਢਾਂਚਿਆਂ ਦੇ ਜਮਾਤੀ ਖਾਸੇ ਦੀ ਹਕੀਕਤ ਨੂੰ ਜ਼ਰੂਰ ਸਮਝਣਾ ਹੋਵੇਗਾ।
ਮੰਗਤ ਰਾਮ ਪਾਸਲਾ
ਇਮਾਨਦਾਰੀ ਨਾਲ ਆਮਦਨ ਟੈਕਸ ਦੇਣ ਵਾਲਿਆਂ ਦਾ ਸਤਿਕਾਰ ਅਤੇ ਪਛਾਣ ਕਿਉਂ ਨਹੀਂ
NEXT STORY