–ਰਾਹਿਲ ਨੋਰਾ ਚੋਪੜਾ
2014 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਪੱਛਮੀ ਉੱਤਰ ਪ੍ਰਦੇਸ਼ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸੱਤਾ ’ਚ ਆਉਣ ਤੋਂ ਬਾਅਦ ਗੰਨੇ ਦਾ ਬਕਾਇਆ ਚੁਕਾਉਣ ਦਾ ਵਾਅਦਾ ਕੀਤਾ ਸੀ ਪਰ ਇਸ ਵਾਰ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਇਸ ਖੇਤਰ ’ਚ ਕੌਣ ਜਿੱਤੇਗਾ ਕਿਉਂਕਿ ਚੋਣ ਸਫਲਤਾ ਜਾਂ ਅਸਫਲਤਾ ਦੀ ਚਾਬੀ ਗੰਨਾ ਕਿਸਾਨਾਂ ਕੋਲ ਹੈ ਅਤੇ ਆਉਣ ਵਾਲੀਆਂ ਚੋਣਾਂ ’ਚ ਇਸ ਵਿਚ ਕੋਈ ਫਰਕ ਨਹੀਂ ਪਵੇਗਾ। ਪੱਛਮੀ ਉੱਤਰ ਪ੍ਰਦੇਸ਼ ’ਚ 1.50 ਕਰੋੜ ਵੋਟਰਾਂ ’ਚ ਲਗਭਗ 70 ਫੀਸਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੋਟੀ-ਰੋਜ਼ੀ ਲਈ ਗੰਨੇ ਦੀ ਫਸਲ ’ਤੇ ਨਿਰਭਰ ਹਨ ਅਤੇ ਖੇਤਰ ’ਚ ਘੱਟੋ-ਘੱਟ 18 ਤੋਂ 22 ਸੀਟਾਂ ’ਤੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
2014 ’ਚ ਭਾਜਪਾ ਨੇ ਸਪਾ ਅਤੇ ਬਸਪਾ ਦੋਵਾਂ ਨੂੰ ਪਈਆਂ ਕੁਲ ਵੋਟਾਂ ’ਚੋਂ ਜ਼ਿਆਦਾ ਆਪਣੀ ਵੋਟ ਹਿੱਸੇਦਾਰੀ ਵਧਾਈ ਸੀ, ਜੋ ਹੁਣ ਮਿਲ ਕੇ ਚੋਣਾਂ ਲੜ ਰਹੇ ਹਨ। ਖੇਤਰ ’ਚ 11 ਅਤੇ 18 ਅਪ੍ਰੈਲ ਨੂੰ ਦੋ ਪੜਾਵਾਂ ’ਚ ਮਤਦਾਨ ਹੋਵੇਗਾ। ਭਾਵੇਂ ਭਾਜਪਾ ਇਹ ਦਾਅਵਾ ਕਰ ਰਹੀ ਹੈ ਕਿ ਉਸ ਨੇ ਬੀਤੇ ਦੋ ਸਾਲਾਂ ’ਚ ਕਿਸਾਨਾਂ ਦੇ 59,750 ਕਰੋੜ ਰੁਪਏ ਦੇ ਬਕਾਏ ਚੁਕਾਏ ਹਨ। ਕਿਸਾਨ ਪ੍ਰੇਸ਼ਾਨ ਹਨ ਕਿ ਮੌਜੂਦਾ ਫਸਲੀ ਸਾਲ ’ਚ ਬਕਾਇਆ ਰਾਸ਼ੀ ਪਹਿਲਾਂ ਹੀ 10 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਖਰੀਦ ਕੀਮਤ ਨਹੀਂ ਵਧਾਈ ਹੈ। ਗੰਨੇ ਦੀ ਫਸਲ ਦਾ ਸਾਲ ਨਵੰਬਰ ’ਚ ਸ਼ੁਰੂ ਅਤੇ ਮਈ-ਜੂਨ ’ਚ ਖਤਮ ਹੁੰਦਾ ਹੈ। ਕਿਸਾਨਾਂ ਅਨੁਸਾਰ ਖਾਦ ਦੀ ਇਕ ਬੋਰੀ ਹੁਣ 1400 ਰੁਪਏ ’ਚ ਮਿਲਦੀ ਹੈ, ਜਦਕਿ ਬੀਤੇ ਸਾਲ ਇਹ 1100 ਰੁਪਏ ਦੀ ਸੀ। ਕਿਸਾਨੀ ਖੇਤਰ ਲਈ ਬਿਜਲੀ ਦੀ ਕੀਮਤ ਵੀ 100 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 150 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਬਾਗਪਤ, ਜਿਥੋਂ ਮੌਜੂਦਾ ਵਿਧਾਇਕ ਸੱਤਪਾਲ ਸਿੰਘ ਦੇ ਵਿਰੁੱਧ ਰਾਲੋਦ ਦੇ ਜਯੰਤ ਚੌਧਰੀ ਚੋਣ ਲੜ ਰਹੇ ਹਨ, ਵਿਚ ਇਕ ਸਰਕਾਰੀ ਖੰਡ ਮਿੱਲ ਦੇ ਬਾਹਰ ਖੜ੍ਹੇ ਕਿਸ਼ੋਰ ਕੁਮਾਰ ਨਾਂ ਦੇ ਕਿਸਾਨ ਅਨੁਸਾਰ ਪਿਛਲੇ ਸਾਲ ਦੀ ਕੀਮਤ ’ਤੇ ਗੰਨਾ ਖਰੀਦਣਾ ਉਚਿਤ ਨਹੀਂ। ਇਸੇ ਤਰ੍ਹਾਂ ਸ਼ਾਮਲੀ, ਜੋ ਕੈਰਾਨਾ ਲੋਕ ਸਭਾ ਚੋਣ ਖੇਤਰ ਦੇ ਅਧੀਨ ਪੈਂਦਾ ਹੈ, ਵਿਚ ਇਕ ਖੰਡ ਮਿੱਲ ਦੇ ਬਾਹਰ ਕਤਾਰ ’ਚ ਖੜ੍ਹੇ ਇਕ ਹੋਰ ਕਿਸਾਨ ਰਮੇਸ਼ ਨੇ 2017 ਦੀਆਂ ਵਿਧਾਨ ਚੋਣਾਂ ਤੋਂ ਪਹਿਲਾਂ ਯੋਗੀ ਅਾਦਿੱਤਿਆਨਾਥ ਵਲੋਂ ਕੀਤਾ ਗਿਆ ਵਾਅਦਾ ਯਾਦ ਦਿਵਾਇਆ ਕਿ ਫਸਲ ਖਰੀਦਣ ਦੇ 14 ਦਿਨਾਂ ਦੇ ਅੰਦਰ ਕੀਮਤ ਚੁਕਾ ਦਿੱਤੀ ਜਾਵੇਗੀ, ਜਦਕਿ ਕਿਸਾਨਾਂ ਨੂੰ ਸਿਰਫ 17-18 ਸੈਸ਼ਨ ਲਈ ਅਦਾਇਗੀ ਕੀਤੀ ਗਈ ਹੈ। ਭਾਜਪਾ ਦੇ ਕਿਸਾਨ ਸਮੂਹ ਦੇ ਮੁਖੀ ਅਵਦੇਸ਼ ਰਾਣਾ ਨੇ ਕਿਹਾ ਕਿ ਭਾਜਪਾ ਇਹ ਧਿਆਨ ’ਚ ਰੱਖਦੇ ਹੋਏ ਸਪਾ-ਬਸਪਾ-ਰਾਲੋਦ ਗੱਠਜੋੜ ਦਾ ਮੁਕਾਬਲਾ ਕਰਨ ਦੀ ਸਿਆਸਤ ਕਰਨ ਦਾ ਯਤਨ ਕਰ ਰਹੀ ਹੈ ਕਿ ਇਸ ਦਾ ਹਿੰਦੂਤਵ ਦਾ ਮੁੱਦਾ ਕੰਮ ਕਰੇਗਾ ਕਿਉਂਕਿ ਇਹ ਇਕ ਭਾਵਨਾਤਮਕ ਮੁੱਦਾ ਹੈ ਪਰ ਇਹ ਚੋਣਾਂ ਗੰਨਾ ਕਿਸਾਨਾਂ ਲਈ ਕੀਤੇ ਗਏ ਕੰਮ ’ਤੇ ਲੜ ਰਹੇ ਹਨ।
ਭਾਜਪਾ ਦੀ ਮਦਦ ਕਰ ਰਹੇ ਸ਼ਿਵਪਾਲ ਯਾਦਵ!
ਮੁਲਾਇਮ ਸਿੰਘ ਯਾਦਵ ਦੇ ਭਰਾ ਸ਼ਿਵਪਾਲ ਯਾਦਵ, ਜਿਨ੍ਹਾਂ ਨੇ ਸਮਾਜਵਾਦੀ ਪਾਰਟੀ ਤੋਂ ਵੱਖ ਹੋ ਕੇ ਇਕ ਵੱਖਰੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਦਾ ਗਠਨ ਕੀਤਾ ਹੈ, ਅਮਰ ਸਿੰਘ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਹੁਣ ਸਿੱਧੇ ਤੌਰ ’ਤੇ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਮਦਦ ਕਰ ਰਹੇ ਹਨ। ਭਾਵੇਂ ਪੀ. ਐੱਸ. ਪੀ. (ਐੱਲ) ਸੰਭਵ ਤੌਰ ’ਤੇ ਉੱਤਰ ਪ੍ਰਦੇਸ਼ ’ਚ ਕੋਈ ਸੀਟ ਨਾ ਜਿੱਤ ਸਕੇ ਪਰ ਮੱਧ ਉੱਤਰ ਪ੍ਰਦੇਸ਼ ’ਚ ਯਾਦਵਾਂ ਦੇ ਗੜ੍ਹ ’ਚ ਵੋਟਾਂ ਕੱਟ ਕੇ ਨੁਕਸਾਨ ਪਹੁੰਚਾ ਸਕਦੀ ਹੈ। ਪੀ. ਐੱਸ. ਪੀ. (ਐੱਲ.) ਹੁਣ ਚੋਣ ਲੜ ਰਹੇ ਸਾਰੇ ਪਰਿਵਾਰਕ ਮੈਂਬਰਾਂ ਵਿਰੁੱਧ ਉਮੀਦਵਾਰ ਖੜ੍ਹੇ ਕਰ ਰਹੀ ਹੈ ਸਿਵਾਏ ਮੈਨਪੁਰੀ ਦੇ, ਜਿਥੋਂ ਮੁਲਾਇਮ ਸਿੰਘ ਯਾਦਵ ਮੈਦਾਨ ’ਚ ਹਨ। ਬੀਤੇ ਮਹੀਨੇ ਨਿਸ਼ਾਦ ਪਾਰਟੀ ਦੇ ਸੰਜੇ ਨਿਸ਼ਾਦ ਨੇ ਇਸ ਆਧਾਰ ’ਤੇ ਕਿ ਉਨ੍ਹਾਂ ਨੂੰ ਮਹਾਰਾਜਗੰਜ ਚੋਣ ਖੇਤਰ ਤੋਂ ਟਿਕਟ ਨਹੀਂ ਦਿੱਤੀ ਗਈ, ਨੇ ਸਪਾ-ਬਸਪਾ ਗੱਠਜੋੜ ਨੂੰ ਛੱਡ ਦਿੱਤਾ ਸੀ। ਉੱਤਰ ਪ੍ਰਦੇਸ਼ ’ਚ ਇਕ ਸਿਆਸੀ ਵਿਸ਼ਲੇਸ਼ਕ ਅਨੁਸਾਰ ਸ਼ਿਵਪਾਲ ਯਾਦਵ ਸੰਜੇ ਨਿਸ਼ਾਦ ਨੂੰ ਭਾਜਪਾ ਦੇ ਪਾਲੇ ’ਚ ਆਉਣ ਲਈ ਉਤਸ਼ਾਹਿਤ ਕਰ ਰਹੇ ਸਨ ਅਤੇ ਉਨ੍ਹਾਂ ਦੇ ਸ਼ਾਮਲ ਹੋਣ ਤੋਂ ਬਾਅਦ ਸੰਜੇ ਦੇ ਬੇਟੇ ਪ੍ਰਵੀਨ ਵੀ ਭਾਜਪਾ ’ਚ ਆ ਗਏ ਅਤੇ ਹੁਣ ਉਹ ਗੋਰਖਪੁਰ ਤੋਂ ਭਾਜਪਾ ਉਮੀਦਵਾਰ ਹਨ। ਇਸੇ ਦੌਰਾਨ ਜ਼ਿਆਦਾਤਰ ਪੂਰਬੀ ਯੂ. ਪੀ. ’ਚ ਪਸਮਾਂਦਾ ਫਿਰਕੇ ਤੋਂ ਆਉਣ ਵਾਲੇ ਪੱਛੜੇ ਮੁਸਲਮਾਨਾਂ ’ਤੇ ਆਧਾਰਿਤ ਪੀਸ ਪਾਰਟੀ ਪੀ. ਐੱਸ. ਪੀ. (ਐੱਲ.) ’ਚ ਸ਼ਾਮਲ ਹੋ ਗਈ ਹੈ। ਲਖਨਊ ਸਥਿਤ ਇਕ ਸਿਆਸੀ ਪੰਡਿਤ ਅਨੁਸਾਰ ਪੀ. ਐੱਸ. ਪੀ. (ਐੱਲ.) ਨੇ ਸਪਾ-ਬਸਪਾ-ਰਾਲੋਦ ਗੱਠਜੋੜ ਦੇ ਵਿਰੁੱਧ ਲੜਨ ਲਈ ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ ਤਾਕਤ ਪ੍ਰਦਾਨ ਕੀਤੀ ਹੈ।
ਜਲਦਬਾਜ਼ੀ ’ਚ ਲਿਆ ਗਿਆ ਫੈਸਲਾ
ਭਾਜਪਾ ਨੇ ਵੈਸ਼ ਫਿਰਕੇ ਦੇ ਨੇਤਾ ਨਰੇਸ਼ ਬਾਂਸਲ ਨੂੰ ਜਲਦਬਾਜ਼ੀ ’ਚ ਉੱਤਰਾਖੰਡ ਦਾ ਕਾਰਜਕਾਰੀ ਸੂਬਾਈ ਪ੍ਰਧਾਨ ਬਣਾਇਆ ਹੈ ਕਿਉਂਕਿ ਕਾਂਗਰਸ ਨੇ ਵੈਸ਼ ਫਿਰਕੇ ਦੇ ਨੇਤਾ ਅੰਬਰੀਸ਼ ਕੁਮਾਰ ਨੂੰ ਹਰਿਦੁਆਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ। ਇਸ ਤੋਂ ਬਾਅਦ ਵੈਸ਼ ਸਮਾਜ ਦੇ ਜ਼ਿਆਦਾਤਰ ਨੇਤਾ ਅੰਬਰੀਸ਼ ਕੁਮਾਰ ਦੀ ਹਮਾਇਤ ’ਚ ਆ ਗਏ, ਜਿਸ ਨੂੰ ਦੇਖਦੇ ਹੋਏ ਭਾਜਪਾ ਨੇ ਤੁਰੰਤ ਨਰੇਸ਼ ਬਾਂਸਲ ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਹਰਿਦੁਆਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਮੇਸ਼ ਪੋਖਰਿਆਲ ਨਿਸ਼ੰਕ ਦੋਵੇਂ ਹੀ ਨਰੇਸ਼ ਬਾਂਸਲ ਦੇ ਕਾਰਜਭਾਰ ਸੰਭਾਲਣ ਮੌਕੇ ਸੂਬਾਈ ਮੁੱਖ ਦਫਤਰ ਪਹੁੰਚੇ ਸਨ। ਦਰਅਸਲ, ਸੂਬਾਈ ਪਾਰਟੀ ਪ੍ਰਧਾਨ ਅਜੇ ਭੱਟ ਹੁਣ ਨੈਨੀਤਾਲ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਹਰੀਸ਼ ਰਾਵਤ ਵਿਰੁੱਧ ਲੜ ਰਹੇ ਹਨ। ਦੇਹਰਾਦੂਨ ਸਥਿਤ ਇਕ ਸਿਆਸੀ ਅਾਬਜ਼ਰਵਰ ਅਨੁਸਾਰ ਨਰੇਸ਼ ਬਾਂਸਲ ਨੂੰ ਕਾਰਜਕਾਰੀ ਸੂਬਾਈ ਪ੍ਰਧਾਨ ਬਣਾਉਣ ਤੋਂ ਬਾਅਦ ਭਾਜਪਾ ਨੂੰ ਵੈਸ਼ ਫਿਰਕੇ ਦੀਆਂ ਵੋਟਾਂ ਜਿੱਤਣ ਦਾ ਲਾਭ ਮਿਲਿਆ ਹੈ। ਦੂਸਰੇ ਪਾਸੇ ਉਨ੍ਹਾਂ ਨੂੰ ਕਿਸੇ ਹੋਰ ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਉਣਾ ਪਵੇਗਾ ਕਿਉਂਕਿ ਅਜੇ ਭੱਟ ਲੋਕ ਸਭਾ ਚੋਣ ਲੜਨ ਲਈ ਨੈਨੀਤਾਲ ਚਲੇ ਗਏ ਹਨ।
ਰਾਮਪੁਰ ’ਚ ਦਿਲਚਸਪ ਮੁਕਾਬਲਾ
ਮੌਜੂਦਾ ਸਮੇਂ ਉੱਤਰ ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ ’ਚ ਸਭ ਤੋਂ ਦਿਲਚਸਪ ਲੜਾਈ ਰਾਮਪੁਰ ਲੋਕ ਸਭਾ ਸੀਟ ’ਤੇ ਹੈ, ਜਿਥੋਂ ਸਪਾ-ਬਸਪਾ-ਰਾਲੋਦ ਗੱਠਜੋੜ ਨੇ ਆਜ਼ਮ ਖਾਨ ਨੂੰ ਟਿਕਟ ਦਿੱਤੀ ਹੈ ਅਤੇ ਭਾਜਪਾ ਨੇ ਇਥੋਂ ਮੌਜੂਦਾ ਭਾਜਪਾ ਸੰਸਦ ਮੈਂਬਰ ਨੇਪਾਲ ਸਿੰਘ ਲੋਧੀ ਨੂੰ ਇਨਕਾਰ ਕਰ ਕੇ ਜਯਾਪ੍ਰਦਾ ਨੂੰ ਟਿਕਟ ਦਿੱਤੀ ਹੈ। ਜਯਾਪ੍ਰਦਾ ਨੂੰ ਟਿਕਟ ਦੇਣ ਦੇ ਪਿੱਛੇ ਭਾਜਪਾ ਦਾ ਵਿਚਾਰ ਇਹ ਹੈ ਕਿ ਜੇਕਰ ਉਹ ਨਹੀਂ ਜਿੱਤ ਸਕੀ ਤਾਂ ਘੱਟੋ-ਘੱਟ ਉਹ ਆਜ਼ਮ ਖਾਨ ਨੂੰ ਆਪਣੇ ਹੀ ਪ੍ਰਚਾਰ ਲਈ ਰਾਮਪੁਰ ਚੋਣ ਖੇਤਰ ’ਚ ਰੋਕਣ ਦੇ ਸਮਰੱਥ ਹੋਵੇਗੀ ਅਤੇ ਉਹ ਉੱਤਰ ਪ੍ਰਦੇਸ਼ ’ਚ ਸਪਾ-ਬਸਪਾ-ਰਾਲੋਦ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਾਸਤੇ ਬਾਹਰ ਨਹੀਂ ਜਾ ਸਕਣਗੇ। ਜਯਾਪ੍ਰਦਾ ਮੂਲ ਤੌਰ ’ਤੇ ਆਂਧਰਾ ਪ੍ਰਦੇਸ਼ ਤੋਂ ਹੈ ਪਰ ਅਮਰ ਸਿੰਘ ਉਸ ਨੂੰ ਸਪਾ ’ਚ ਲਿਆਏ ਸਨ ਅਤੇ 2004 ’ਚ ਉਨ੍ਹਾਂ ਨੇ ਮੁਲਾਇਮ ਸਿੰਘ ਨੂੰ ਜਯਾਪ੍ਰਦਾ ਨੂੰ ਰਾਮਪੁਰ ਤੋਂ ਟਿਕਟ ਦੇਣ ਲਈ ਮਨਾਇਆ ਸੀ ਅਤੇ ਉਹ ਉਥੋਂ ਚੋਣ ਜਿੱਤ ਗਈ ਸੀ। 2011 ’ਚ ਅਮਰ ਸਿੰਘ ਨੇ ਜਯਾਪ੍ਰਦਾ ਦੇ ਨਾਲ ਆਪਣੀ ਖੁਦ ਦੀ ਪਾਰਟੀ ਬਣਾ ਲਈ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਤੋਂ ਕੋਈ ਵੀ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ’ਚ ਸਫਲ ਨਹੀਂ ਰਿਹਾ। 2014 ਦੀਆਂ ਲੋਕ ਸਭਾ ਚੋਣਾਂ ’ਚ ਅਮਰ ਸਿੰਘ ਨੇ ਫਤਿਹਪੁਰ ਸੀਕਰੀ ਤੋਂ ਚੋਣ ਲੜੀ ਅਤੇ ਜਯਾਪ੍ਰਦਾ ਨੇ ਵੀ ਰਾਲੋਦ ਦੀ ਟਿਕਟ ’ਤੇ ਬਿਜਨੌਰ ਤੋਂ ਚੋਣ ਲੜੀ ਪਰ ਮੋਦੀ ਲਹਿਰ ਦੇ ਕਾਰਨ ਦੋਵੇਂ ਹੀ ਚੋਣ ਹਾਰ ਗਏ ਸਨ।
ਮਮਤਾ ਬਨਾਮ ਮੋਦੀ
ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਦਿਨੋ-ਦਿਨ ਦਿਲਚਸਪ ਬਣਦੀਆਂ ਜਾ ਰਹੀਆਂ ਹਨ ਕਿਉਂਕਿ ਹਰੇਕ ਰੈਲੀ ’ਚ ਮਮਤਾ ਬੈਨਰਜੀ ਅਤੇ ਨਰਿੰਦਰ ਮੋਦੀ ਵਿਚਾਲੇ ਜ਼ੁਬਾਨੀ ਲੜਾਈ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ, ਹਾਲਾਂਕਿ ਭਾਜਪਾ ਨੇ ਪਿਛਲੀਆਂ ਚੋਣਾਂ ’ਚ 42 ਲੋਕ ਸਭਾ ਸੀਟਾਂ ’ਚੋਂ ਸਿਰਫ 2 ਜਿੱਤੀਆਂ ਸਨ। ਵਿਧਾਨ ਸਭਾ ਚੋਣਾਂ ’ਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਸੀ ਪਰ ਉਨ੍ਹਾਂ ਨੇ ਆਪਣੇ ਵੋਟ ਫੀਸਦੀ ’ਚ ਵਾਧਾ ਕੀਤਾ ਹੈ। ਮੌਜੂਦਾ ਸਮੇਂ ਭਾਜਪਾ ਨੇ 42 ’ਚੋਂ 22 ਲੋਕ ਸਭਾ ਸੀਟਾਂ ਦਾ ਟੀਚਾ ਰੱਖਿਆ ਹੈ, ਇਸ ਲਈ ਉਹ ਮਮਤਾ ਬੈਨਰਜੀ ’ਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਗੁਆ ਰਹੇ। ਕਿਸੇ ਸਮੇਂ ਮਮਤਾ ਦੇ ਕਰੀਬੀ ਰਹੇ ਮੁਕੁਲ ਰਾਏ ਨੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਆਰਿਜ਼ ਆਫਤਾਬ ਦੀ ਕਾਰਜ ਪ੍ਰਣਾਲੀ ਬਾਰੇ ਸ਼ਿਕਾਇਤ ਕੀਤੀ ਅਤੇ ਦਾਅਵਾ ਕੀਤਾ ਕਿ ਆਫਤਾਬ ਮਮਤਾ ਬੈਨਰਜੀ ਦੀ ਸਲਾਹ ਨਾਲ ਫੈਸਲਾ ਲੈ ਰਹੇ ਹਨ। ਮੁਕੁਲ ਰਾਏ ਸੂਬੇ ਦੇ ਵਿਸ਼ੇਸ਼ ਪੁਲਸ ਆਬਜ਼ਰਵਰ ਵਿਵੇਕ ਦੂਬੇ ਨੂੰ ਮਿਲੇ ਅਤੇ ਉਨ੍ਹਾਂ ਕੋਲ ਆਫਤਾਬ ਦੀ ਸ਼ਿਕਾਇਤ ਕੀਤੀ ਤੇ ਆਫਤਾਬ ਦੀ ਹਾਜ਼ਰੀ ’ਚ ਬੋਲਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਆਫਤਾਬ ਨੂੰ ਕਮਰੇ ’ਚੋਂ ਬਾਹਰ ਜਾਣਾ ਪਿਆ। ਚੋਣ ਕਮਿਸ਼ਨ ਨੇ ਜਾਂਚ ਤੋਂ ਪਹਿਲਾਂ ਆਰਿਜ਼ ਆਫਤਾਬ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਤ੍ਰਿਣਮੂਲ ਤੇ ਭਾਜਪਾ ਇਸ ਚੋਣ ’ਚ ਇਕ-ਦੂਸਰੇ ’ਤੇ ਹਮਲਾ ਕਰ ਰਹੀਆਂ ਹਨ, ਜਦਕਿ ਮਮਤਾ ਇਹ ਦਾਅਵਾ ਕਰ ਰਹੀ ਹੈ ਕਿ ਦੇਸ਼ ਨੇ ਨਰਿੰਦਰ ਮੋਦੀ ਦੇ ਸ਼ਾਸਨਕਾਲ ’ਚ ਆਪਣੀ ਵਿਕਾਸ ਦਰ ਗੁਆ ਦਿੱਤੀ ਹੈ। ਉੱਧਰ ਮੋਦੀ ਮਮਤਾ ’ਤੇ ਸੂਬੇ ਦਾ ਵਿਕਾਸ ਰੋਕਣ ਅਤੇ ਕੇਂਦਰ ਸਰਕਾਰ ਦੇ ਲਾਭਾਂ ਦੀ ਵਰਤੋਂ ਸੂਬੇ ’ਚ ਨਾ ਕਰਨ ਦਾ ਦੋਸ਼ ਲਾ ਰਹੇ ਹਨ।
ਆਗਰਾ ’ਚ ਪਹਿਲੀ ਵਾਰ ਦੇ ਵੋਟਰ
ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਨਾਗਲਾ ਹਰਹਰ ਅਤੇ ਨੌਪੁਰਾ ਦੇ ਜੁੜਵਾ ਪਿੰਡਾਂ ਦੇ ਲਗਭਗ 2000 ਨਿਵਾਸੀ ਆਪਣਾ ਸੰਸਦ ਮੈਂਬਰ ਚੁਣਨ ਲਈ 18 ਅਪ੍ਰੈਲ ਨੂੰ ਪਹਿਲੀ ਵਾਰ ਮਤਦਾਨ ਕਰਨਗੇ। 1989 ਤੱਕ ਇਹ ਪਿੰਡ ਮਾਜਰਾ ਨਾਗਲਾ ਮੇਵਾਤੀ ਗ੍ਰਾਮ ਪੰਚਾਇਤ ਦਾ ਹਿੱਸਾ ਸਨ ਪਰ ਆਗਰਾ ਸ਼ਹਿਰੀ ਬੋਰਡਾਂ ਦੀ ਹੱਦਬੰਦੀ ਤੋਂ ਬਾਅਦ ਨਾ ਤਾਂ ਇਹ ਮੂਲ ਗ੍ਰਾਮ ਪੰਚਾਇਤ ਅਤੇ ਨਾ ਹੀ ਨਗਰ ਨਿਗਮ ਦਾ ਹਿੱਸਾ ਰਹੇ।
'ਅਲਵਿਦਾ ਚੋਣ ਸਿਆਸਤ : ਉਤਸਵ ਮਨਾ ਰਿਹਾ ਹਾਂ'-4
NEXT STORY