ਸਵ. ਅਟਲ ਬਿਹਾਰੀ ਵਾਜਪਾਈ ਦੀ ਵਿਸ਼ਾਲ ਸ਼ਖ਼ਸੀਅਤ ਅਤੇ ਮਾਣਮੱਤੇ ਜੀਵਨ ਨੂੰ ਇਕ ਲੇਖ ਵਿਚ ਬਿਆਨ ਕਰਨਾ ਅਸੰਭਵ ਹੈ। ਸੋਗ ਵਿਚ ਡੁੱਬੇ ਰਾਸ਼ਟਰ ਦੀ ਆਪਣੇ ਸਪੂਤ ਨੂੰ ਭਾਵਭਿੰਨੀ ਵਿਦਾਇਗੀ ਹੀ ਸਭ ਕੁਝ ਕਹਿ ਰਹੀ ਹੈ। ਸੰਵੇਦਨਾਵਾਂ ਦੀ ਵਾਛੜ ਸਿੱਧ ਕਰ ਰਹੀ ਹੈ ਕਿ 70 ਸਾਲਾਂ ਦੇ ਲੰਮੇ ਜਨਤਕ ਜੀਵਨ ਵਿਚ ਅਟਲ ਜੀ ਨੇ ਆਪਣੀ ਸ਼ਖ਼ਸੀਅਤ ਅਤੇ ਚਿੰਤਨ ਦੀ ਡੂੰਘੀ ਛਾਪ ਸਾਰਿਆਂ 'ਤੇ ਛੱਡੀ।
ਇਥੋਂ ਤਕ ਕਿ ਜਿਨ੍ਹਾਂ ਦਾ ਉਮਰ ਭਰ ਉਨ੍ਹਾਂ ਨਾਲ ਅਤੇ ਉਨ੍ਹਾਂ ਦੀ ਪਾਰਟੀ ਨਾਲ ਵਿਚਾਰਾਤਮਕ ਅਤੇ ਸਿਆਸੀ ਸੰਘਰਸ਼ ਰਿਹਾ, ਅੱਜ ਉਹ ਵੀ ਭਿੱਜੀਆਂ ਅੱਖਾਂ ਨਾਲ ਅਟਲ ਜੀ ਦੀ ਵੇਦਨਾ, ਚੇਤਨਾ ਅਤੇ ਸੰਵੇਦਨਾ ਨੂੰ ਯਾਦ ਕਰ ਰਹੇ ਹਨ। ਦੇਸ਼ ਦੇ ਹਰੇਕ ਅਖ਼ਬਾਰ, ਟੀ. ਵੀ. ਚੈਨਲਾਂ ਦੇ ਜ਼ਰੀਏ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਬੁੱਧੀਜੀਵੀ ਲੋਕਾਂ ਨੇ ਸ਼੍ਰੀ ਵਾਜਪਾਈ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਉਨ੍ਹਾਂ ਦੀ ਸ਼ਖ਼ਸੀਅਤ ਦੀ ਅਜਿਹੀ ਕਿਹੜੀ ਪਛਾਣ ਹੈ, ਜਿਸ ਨੇ ਉਨ੍ਹਾਂ ਨੂੰ 'ਅਜਾਤ ਸ਼ਤਰੂ' ਬਣਾ ਦਿੱਤਾ? ਇਹ ਸਵਾਲ ਅੱਜ ਦੇ ਪਿਛੋਕੜ ਵਿਚ ਸਾਰਥਕ ਹੈ ਅਤੇ ਸੁਭਾਵਿਕ ਵੀ ਕਿਉਂਕਿ ਦੇਸ਼ ਇਕ ਅਜਿਹੀ ਲੀਡਰਸ਼ਿਪ ਦੀ ਖੋਜ ਵਿਚ ਹੈ, ਜੋ ਸਾਡੀਆਂ ਸਮਾਜਿਕ, ਸੱਭਿਆਚਾਰਕ ਅਤੇ ਸੰਵਿਧਾਨਿਕ ਮਰਿਆਦਾਵਾਂ ਨੂੰ ਪਰਿਭਾਸ਼ਿਤ ਕਰ ਸਕੇ ਅਤੇ ਦੇਸ਼ ਦੀ ਸਿਆਸਤ ਵਿਚ ਪਿਰੋ ਸਕੇ, ਜਿਵੇਂ ਕਿ ਅਟਲ ਜੀ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ।
ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਉਹ ਆਪਣੀ ਵੱਖਰੀ ਪਛਾਣ ਬਣਾਉਣ 'ਚ ਸਫਲ ਰਹੇ। ਉਨ੍ਹਾਂ ਦੀ ਇਸ ਪਛਾਣ ਦਾ ਸਬੰਧ ਉਨ੍ਹਾਂ ਦੇ ਦਿਲ ਦੀ ਡੂੰਘਾਈ ਨਾਲ ਸੀ। ਇਸ ਦਾ ਦਰਸ਼ਨ ਉਹ ਆਪਣੀਆਂ ਕਵਿਤਾਵਾਂ 'ਚ ਛੱਡ ਗਏ ਹਨ। ਇਨ੍ਹਾਂ ਕਵਿਤਾਵਾਂ ਦੇ ਜ਼ਰੀਏ ਉਹ ਦਇਆ, ਮਨੁੱਖਤਾ, ਪੀੜਾ, ਵਿਸ਼ਵਾਸ ਤੇ ਉਮੀਦ ਨਾਲ ਜੁੜੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੇ ਰਹੇ ਹਨ।
ਉਨ੍ਹਾਂ ਦੀਆਂ ਰਚਨਾਵਾਂ ਵਿਚ ਮਨੁੱਖਤਾ ਦੀ ਅਜਿਹੀ ਝਲਕ ਹੈ ਕਿ ਹਰੇਕ ਦੇਸ਼ਵਾਸੀ ਉਨ੍ਹਾਂ ਨਾਲ ਖ਼ੁਦ ਨੂੰ ਜੋੜ ਸਕਦਾ ਹੈ। ਉਨ੍ਹਾਂ ਦੀ ਕਵਿਤਾ 'ਗੀਤ ਨਯਾ ਗਾਤਾ ਹੂੰ' ਦੀਆਂ ਕੁਝ ਲਾਈਨਾਂ ਦਾ ਜ਼ਿਕਰ ਕਰਨਾ ਚਾਹਾਂਗਾ :
'ਟੂਟੇ ਹੂਏ ਸਪਨੇ ਕੀ ਸੁਨੇ ਕੌਨ ਸਿਸਕੀ,
ਅੰਤਰ ਕੀ ਚੀਰ ਵਿਅਥਾ, ਪਲਕੋਂ ਪਰ ਠਿਠਕੀ,
ਹਾਰ ਨਹੀਂ ਮਾਨੂੰਗਾ, ਰਾਰ ਨਹੀਂ ਠਾਨੂੰਗਾ,
ਕਾਲ ਕੇ ਕਪਾਲ ਪਰ ਲਿਖਤਾ, ਮਿਟਾਤਾ ਹੂੰ
ਗੀਤ ਨਯਾ ਗਾਤਾ ਹੂੰ।'
ਇਨ੍ਹਾਂ ਸਤਰਾਂ ਵਿਚ ਜਿੱਥੇ ਟੁੱਟੇ ਹੋਏ ਸੁਪਨਿਆਂ ਨਾਲ ਜੁੜੀ ਪੀੜਾ ਦੀ ਝਲਕ ਦਿਖਾਈ ਦਿੰਦੀ ਹੈ, ਉਥੇ ਹੀ ਚੁਣੌਤੀ ਭਰੇ ਜੀਵਨ ਵਿਚ ਹਾਰ ਨਾ ਮੰਨਣ ਦਾ ਸੰਕਲਪ ਵੀ ਹੈ। ਇਸੇ ਕੜੀ ਵਿਚ ਉਹ ਲਿਖਦੇ ਹਨ :
'ਬਾਤ ਐਸੀ ਨਹੀਂ ਕਿ ਕੋਈ ਗ਼ਮ ਭੀ ਨਹੀਂ,
ਦਰਦ ਅਪਨੇ-ਪਰਾਏ ਕੁਛ ਕਮ ਭੀ ਨਹੀਂ।
ਹਰ ਚੁਨੌਤੀ ਸੇ ਦੋ ਹਾਥ ਮੈਨੇਂ ਕੀਏ,
ਆਂਧੀਓਂ ਮੇਂ ਜਲਾਏ ਹੈਂ ਬੁਝਤੇ ਦੀਏ।
ਆਜ ਝਕਝੋੜਤਾ ਤੇਜ਼ ਤੂਫਾਨ ਹੈ,
ਨਾਵ ਭੰਵਰੋਂ ਕੀ ਬਾਹੋਂ ਮੇਂ ਮੇਹਮਾਨ ਹੈ।
ਪਾਰ ਪਾਨੇ ਕਾ ਕਾਯਮ ਮਗਰ ਹੌਸਲਾ,
ਦੇਖ ਤੇਵਰ ਤੂਫਾਂ ਕਾ, ਤੇਵਰੀ ਤਨ ਗਈ,
ਮੌਤ ਸੇ ਠਨ ਗਈ' ਅਤੇ
'ਲਗੀ ਕੁਛ ਐਸੀ ਨਜ਼ਰ
ਬਿਖਰਾ ਸ਼ੀਸ਼ੇ ਕਾ ਸ਼ਹਿਰ,
ਅਪਨੋਂ ਕੇ ਮੇਲੇ ਮੇਂ, ਮੀਤ ਨਹੀਂ ਪਾਤਾ ਹੂੰ,
ਗੀਤ ਨਹੀਂ ਗਾਤਾ ਹੂੰ'।
ਕਵੀ ਅਟਲ ਜੀ ਦੀਆਂ ਲਿਖੀਆਂ ਇਨ੍ਹਾਂ ਲਾਈਨਾਂ 'ਚ ਜਿਥੇ ਸੰਘਰਸ਼ ਅਤੇ ਇਰਾਦੇ ਦਾ ਦਰਸ਼ਨ ਹੈ, ਉਥੇ ਹੀ ਦਿਲ ਦੀ ਪੀੜਾ ਅਤੇ ਉਦਾਸੀਨਤਾ ਦਾ ਅਹਿਸਾਸ ਵੀ ਹੈ। ਇਹ ਪੀੜਾ ਇਕ ਰਹਿਮਦਿਲ ਇਨਸਾਨ ਦੀ ਹੈ, ਜਿਸ ਨੂੰ ਸੱਤਾ ਦੇ ਚੌਬਾਰਿਆਂ ਵਿਚ ਵੀ ਮਨੁੱਖੀ ਦਰਦ ਦਾ ਡੂੰਘਾ ਅਹਿਸਾਸ ਸੀ। ਇਸ ਪੀੜਾ ਦੇ ਅਹਿਸਾਸ, ਸੰਵੇਦਨਾ ਅਤੇ ਮਨੁੱਖਤਾ ਦੇ ਆਂਚਲ ਨੇ ਸਿਆਸਤ ਦੀ ਕਠੋਰਤਾ ਨੂੰ ਨਰਮੀ ਤੇ ਉਦਾਰਤਾ ਦੇ ਸੱਚੇ ਵਿਚ ਢਾਲ ਦਿੱਤਾ ਹੈ। ਅਟਲ ਜੀ ਦਾ ਨਰਮਪੰਥੀ ਅਕਸ ਨਾ ਤਾਂ ਦਿਖਾਵਾ ਸੀ ਤੇ ਨਾ ਹੀ ਕੁਝ ਹੋਰ।
ਉਨ੍ਹਾਂ ਦੀਆਂ ਕਵਿਤਾਵਾਂ, ਜੋ ਉਨ੍ਹਾਂ ਦੇ ਅੰਤਰ-ਮਨ ਦਾ ਦਰਸ਼ਨ ਹਨ, ਸਪੱਸ਼ਟ ਤੌਰ 'ਤੇ ਉਨ੍ਹਾਂ ਦੇ ਹਿਰਦੇ ਦੀ ਵਿਸ਼ਾਲਤਾ ਦੀਆਂ ਪ੍ਰਤੀਕ ਹਨ। ਇਹੋ ਵਜ੍ਹਾ ਹੈ ਕਿ ਅਟਲ ਜੀ ਦੀ ਸਿਆਸੀ ਪਛਾਣ ਉਨ੍ਹਾਂ ਦੀ ਪਾਰਟੀ ਦੀ ਪਛਾਣ ਨਾਲੋਂ ਵੱਖਰੀ ਮੰਨੀ ਜਾਂਦੀ ਹੈ, ਜਿਸ ਦੀ ਵਜ੍ਹਾ ਕਰਕੇ ਪਾਰਟੀ ਤੋਂ ਬਾਹਰ ਵੀ ਉਨ੍ਹਾਂ ਨੂੰ ਸਤਿਕਾਰ ਮਿਲਦਾ ਰਿਹਾ।
ਹਾਲਾਂਕਿ ਅਟਲ ਜੀ ਨੂੰ ਆਪਣੇ ਲੰਮੇ ਸਿਆਸੀ ਜੀਵਨ ਵਿਚ ਕਈ ਉਤਰਾਅ-ਚੜ੍ਹਾਅ ਦੇਖਣੇ ਪਏ, ਉਹ ਅਪਮਾਨਿਤ ਵੀ ਹੋਏ, ਤਿੱਖੇ ਸ਼ਬਦ ਵੀ ਸੁਣੇ, ਤਿੱਖੀ ਅਤੇ ਅਭੱਦਰ ਆਲੋਚਨਾ ਵੀ ਸਹਿਣੀ ਪਈ ਪਰ ਮੈਨੂੰ ਯਾਦ ਨਹੀਂ ਕਿ ਕਦੇ ਵੀ ਉਨ੍ਹਾਂ ਨੇ ਆਪਣੇ ਵਿਰੋਧੀਆਂ ਦੇ ਵਿਰੁੱਧ ਕੋਈ ਅਣਸੁਖਾਵੀਂ ਟਿੱਪਣੀ ਕੀਤੀ ਹੋਵੇ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕਤੰਤਰਿਕ ਸਿਆਸਤ ਵਿਚ ਵਿਚਾਰਧਾਰਾ ਦੀ ਲੜਾਈ ਅਤੇ ਸਿਆਸੀ ਵਿਰੋਧ ਸੁਭਾਵਿਕ ਹੈ ਪਰ ਨਿੱਜੀ ਦੁਸ਼ਮਣੀ ਲਈ ਕੋਈ ਜਗ੍ਹਾ ਨਹੀਂ।
ਜਦੋਂ ਰਾਜ ਸਭਾ ਵਿਚ ਵਿਰੋਧੀ ਪਾਰਟੀਆਂ ਦੇ ਮੈਂਬਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਵਾਜਪਾਈ 'ਤੇ ਸਿੱਧਾ ਵਾਰ ਕਰਦੇ ਸਨ, ਉਦੋਂ ਵੀ ਉਹ ਭੜਕਣ ਦੀ ਬਜਾਏ ਮੁਸਕਰਾਉਂਦੇ ਰਹਿੰਦੇ ਸਨ। ਉਨ੍ਹਾਂ ਨੇ ਕਦੇ ਵੀ ਕਿਸੇ ਪ੍ਰਤੀ ਨਿੱਜੀ ਕੁੜੱਤਣ ਦਾ ਪ੍ਰਦਰਸ਼ਨ ਨਹੀਂ ਕੀਤਾ। ਇਹੋ ਵਜ੍ਹਾ ਹੈ ਕਿ ਤਿੱਖੀ ਸਿਆਸੀ ਲੜਾਈ ਦੇ ਬਾਵਜੂਦ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਵੀ ਉਨ੍ਹਾਂ ਦਾ ਸਨਮਾਨ ਕਰਦੇ ਸਨ।
ਮੈਨੂੰ ਯਾਦ ਹੈ ਕਿ 1977 ਵਿਚ ਜਦੋਂ ਐਮਰਜੈਂਸੀ ਤੋਂ ਬਾਅਦ ਲੋਕ ਸਭਾ ਚੋਣਾਂ ਹੋਈਆਂ ਤਾਂ ਮੇਰੇ ਸਵਰਗਵਾਸੀ ਪਿਤਾ ਪੰਜਾਬ ਵਿਚ ਗੁਰਦਾਸਪੁਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਦਾ ਮੁਕਾਬਲਾ ਜਨਤਾ ਪਾਰਟੀ ਦੇ ਉਮੀਦਵਾਰ ਨਾਲ ਸੀ, ਜਿਸ ਦੇ ਪੱਖ ਵਿਚ ਅਟਲ ਜੀ ਨੇ ਪਠਾਨਕੋਟ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ।
ਆਪਣੇ 25 ਮਿੰਟਾਂ ਦੇ ਭਾਸ਼ਣ ਵਿਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ (ਭਾਵ ਮੇਰੇ ਪਿਤਾ ਜੀ) ਪ੍ਰਤੀ ਇਕ ਵੀ ਕੌੜੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਿਸੇ ਕਿਸਮ ਦੀ ਨਿੱਜੀ ਆਲੋਚਨਾ ਕੀਤੀ। ਮੈਂ ਉਨ੍ਹਾਂ ਦਾ ਭਾਸ਼ਣ ਭੀੜ ਵਿਚ ਖੜ੍ਹੇ ਹੋ ਕੇ ਸੁਣਿਆ ਸੀ, ਜਿਸ ਦੀ ਛਾਪ ਅੱਜ ਵੀ ਮੇਰੇ ਮਨ 'ਤੇ ਹੈ।
2002 ਵਿਚ ਜਦੋਂ ਮੈਨੂੰ ਕਾਂਗਰਸ ਪਾਰਟੀ ਨੇ ਰਾਜ ਸਭਾ ਵਿਚ ਆਪਣਾ ਮੈਂਬਰ ਬਣਾਇਆ ਤਾਂ ਮੈਨੂੰ ਪ੍ਰਧਾਨ ਮੰਤਰੀ ਵਾਜਪਾਈ ਜੀ ਨੂੰ ਮਿਲਣ ਦੇ ਕਈ ਮੌਕੇ ਮਿਲੇ। ਮੈਂ ਜਦੋਂ ਵੀ ਉਨ੍ਹਾਂ ਨੂੰ ਪ੍ਰਣਾਮ ਕਰਦਾ ਤਾਂ ਉਹ ਮੁਸਕਰਾਉਂਦੇ ਹੋਏ ਆਪਣਾ ਪਿਆਰ ਭਰਿਆ ਹੱਥ ਮੇਰੇ ਮੋਢੇ 'ਤੇ ਰੱਖਦੇ। ਇਸ ਤਰ੍ਹਾਂ ਕੁਝ ਕਦਮ ਰਾਜ ਸਭਾ ਦੇ ਗਲਿਆਰਿਆਂ ਵਿਚ ਮੈਨੂੰ ਉਨ੍ਹਾਂ ਨਾਲ ਚੱਲਣ ਦਾ ਮੌਕਾ ਵੀ ਮਿਲਿਆ। ਰਾਜ ਸਭਾ ਵਿਚ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਦੇ ਬਾਵਜੂਦ ਅਟਲ ਜੀ ਦੇ ਪਿਆਰ ਵਿਚ ਮੈਨੂੰ ਕਦੇ ਕਮੀ ਮਹਿਸੂਸ ਨਹੀਂ ਹੋਈ। ਉਹ ਸੰਜੀਦਾ ਅਤੇ ਸਬਰ ਵਾਲੇ ਵਿਅਕਤੀ ਸਨ। ਇਨ੍ਹਾਂ ਗੁਣਾਂ ਸਦਕਾ ਹੀ ਸਾਰੇ ਨੇਤਾ ਉਨ੍ਹਾਂ ਦਾ ਸਨਮਾਨ ਕਰਦੇ ਸਨ।
ਮੈਨੂੰ ਯਾਦ ਹੈ ਕਿ ਕਾਰਗਿਲ ਜੰਗ ਨੂੰ ਲੈ ਕੇ ਜਦੋਂ ਕਾਂਗਰਸ ਪਾਰਟੀ ਦੇ ਕੁਝ ਨੇਤਾ ਅਟਲ ਜੀ 'ਤੇ ਊਲ-ਜਲੂਲ ਟਿੱਪਣੀਆਂ ਕਰਨ ਲੱਗ ਪਏ ਤਾਂ ਸੋਨੀਆ ਜੀ ਨੇ ਮੈਨੂੰ ਇਕ ਗੱਲਬਾਤ ਦੌਰਾਨ ਸਪੱਸ਼ਟ ਕਿਹਾ ਸੀ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਦੋਂ ਮੈਂ ਕਾਂਗਰਸ ਪਾਰਟੀ ਦਾ ਬੁਲਾਰਾ ਸੀ।
ਅੱਜ ਸਾਡੇ ਦੇਸ਼ ਦਾ ਸਿਆਸੀ ਸੰਵਾਦ ਨਿੱਜੀ ਕੁੜੱਤਣ, ਵੈਰ ਅਤੇ ਕੂੜ-ਪ੍ਰਚਾਰ ਦੀ ਭੇਟ ਚੜ੍ਹ ਚੁੱਕਿਆ ਹੈ, ਜਿਸ ਕਾਰਨ ਰਾਸ਼ਟਰ ਦੇ ਅਹਿਮ ਮੁੱਦੇ ਸਿਆਸਤ ਅਤੇ ਸਿਆਸੀ ਸੰਵਾਦ ਵਿਚ ਦੋਇਮ ਬਣ ਗਏ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਵਾਕ-ਸ਼ੈਲੀ ਨੂੰ ਕੁੜੱਤਣ ਤੋਂ ਮੁਕਤ ਕਰੀਏ ਅਤੇ ਰਚਨਾਤਮਕ ਸਿਆਸੀ ਸੰਵਾਦ ਵੱਲ ਵਧੀਏ। ਇਸ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸਾਰੀਆਂ ਸਿਆਸੀ ਪਾਰਟੀਆਂ ਦੀ ਹੈ, ਖਾਸ ਕਰਕੇ ਉਨ੍ਹਾਂ ਨੇਤਾਵਾਂ ਦੀ, ਜੋ ਅਟਲ ਜੀ ਨੂੰ ਆਪਣਾ ਗੁਰੂ ਮੰਨਦੇ ਹਨ। ਉਨ੍ਹਾਂ ਨੂੰ ਅਟਲ ਜੀ ਦਾ ਇਹ ਕਥਨ 'ਛੋਟੇ ਮਨ ਸੇ ਕੋਈ ਬੜਾ ਨਹੀਂ ਹੋਤਾ....' ਯਾਦ ਰੱਖਣਾ ਪਵੇਗਾ। ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਸਾਡਾ ਪ੍ਰਪੱਕ ਲੋਕਤੰਤਰ ਤੇ ਇਸ ਨਾਲ ਜੁੜੀਆਂ ਸੰਵਿਧਾਨਿਕ ਰਵਾਇਤਾਂ ਹਨ। ਅੱਜ ਦੇਸ਼ ਜਦੋਂ ਇਕ ਕੁਸ਼ਲ ਲੀਡਰਸ਼ਿਪ ਦੀ ਭਾਲ ਵਿਚ ਹੈ, ਤਾਂ ਮੈਨੂੰ ਅੱਲਾਮਾ ਇਕਬਾਲ ਵਲੋਂ ਲਿਖੀਆਂ ਬਹੁ-ਚਰਚਿਤ ਸਤਰਾਂ ਯਾਦ ਆ ਰਹੀਆਂ ਹਨ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਰਾਸ਼ਟਰ ਦਾ ਨੇਤਾ ਕਿਹੋ ਜਿਹਾ ਹੋਵੇ—
'ਨਿਗਹ ਬੁਲੰਦ, ਸੁਖਨ ਦਿਲ-ਨਵਾਜ਼, ਜਾਂ ਪੁਰ-ਸੋਜ਼ ਯਹੀ ਹੈ ਰਖ਼ਤ-ਏ-ਸਫ਼ਰ ਮੀਰ-ਏ-ਕਾਰਵਾਂ ਕੇ ਲੀਏ' (ਉੱਚੀ ਸੋਚ, ਮਿੱਠੀ ਭਾਸ਼ਾ, ਦਿਲਾਂ ਨੂੰ ਜਿੱਤਣ ਦੀ ਸਮਰੱਥਾ ਅਤੇ ਗਤੀਸ਼ੀਲਤਾ ਹੀ ਨੇਤਾ ਦੀ ਪਛਾਣ ਹੈ)।
ਹਾਲਾਂਕਿ ਕਈ ਵਰ੍ਹਿਆਂ ਤੋਂ ਸਿਹਤ ਸਬੰਧੀ ਕਾਰਨਾਂ ਕਰਕੇ ਅਟਲ ਜੀ ਦੇਸ਼ ਦੀ ਸਰਗਰਮ ਸਿਆਸਤ ਤੋਂ ਦੂਰ ਰਹੇ ਪਰ ਉਨ੍ਹਾਂ ਦੀ ਕਮੀ ਦੇਸ਼ ਮਹਿਸੂਸ ਕਰਦਾ ਰਿਹਾ। ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਆਖਿਆ ਉਦਾਰਵਾਦੀ ਸੋਚ ਨਾਲ ਜੁੜੀ ਹੋਈ ਹੈ। ਸਭ ਜਾਣਦੇ ਹਨ ਕਿ ਅਟਲ ਜੀ ਨੂੰ ਉਨ੍ਹਾਂ ਦੇ ਸਿਆਸੀ ਜੀਵਨ ਵਿਚ ਪੰ. ਜਵਾਹਰ ਲਾਲ ਨਹਿਰੂ ਨੇ ਪ੍ਰੇਰਿਤ ਕੀਤਾ ਸੀ। ਕੋਈ ਵੀ ਵਿਅਕਤੀ ਆਪਣੇ ਆਪ ਨੂੰ ਦੋਸ਼-ਮੁਕਤ ਨਹੀਂ ਮੰਨ ਸਕਦਾ। ਮਨੁੱਖ ਆਖਿਰ ਅਧੂਰਾ ਹੈ ਪਰ ਅਧੂਰੇਪਣ ਨੂੰ ਦੂਰ ਕਰਨ ਦਾ ਸੰਕਲਪ ਅਤੇ ਸਮਰੱਥਾ ਹੀ ਉੱਚੀ ਸ਼ਖ਼ਸੀਅਤ ਦੀ ਪਛਾਣ ਹੈ। ਇਸ ਕਸੌਟੀ 'ਤੇ ਵੀ ਅਟਲ ਜੀ ਨੂੰ ਰਾਸ਼ਟਰ ਇਕ ਮਹਾਨ ਹਸਤੀ ਵਜੋਂ ਚੇਤੇ ਰੱਖੇਗਾ ਅਤੇ ਉਹ ਦੇਸ਼ਵਾਸੀਆਂ ਦੀਆਂ ਦੁਆਵਾਂ 'ਚ ਅਮਰ ਰਹਿਣਗੇ।
ਸਵ. ਅਟਲ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਮੈਂ ਇਹੋ ਕਹਾਂਗਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਨੇ ਪਾਰਟੀ ਦੀਆਂ ਕਮੀਆਂ ਨੂੰ ਪਾਰ ਕੀਤਾ ਅਤੇ ਉਸ ਤੋਂ ਉਪਰ ਉੱਠ ਗਏ। ਅੰਤਿਮ ਵਿਦਾਈ ਵੇਲੇ ਵੀ ਸਾਰੇ ਰਾਜਨੇਤਾਵਾਂ ਨੂੰ ਇਕ ਮੰਚ 'ਤੇ ਇਕੱਠੇ ਕਰ ਕੇ ਅਟਲ ਜੀ ਨੇ ਭਾਰਤੀ ਲੋਕਤੰਤਰ ਨੂੰ ਹੋਰ ਪ੍ਰਪੱਕ ਬਣਾ ਦਿੱਤਾ ਤੇ ਜਾਂਦੇ ਸਮੇਂ ਜਿਵੇਂ ਕਹਿ ਰਹੇ ਹੋਣ :
'ਖੁਸ਼ ਰਹੋ ਅਹਲ-ਏ-ਵਤਨ
ਹਮ ਤੋ ਸਫਰ ਕਰਤੇ ਹੈਂ।'
ਆਉਣ ਵਾਲੇ ਦਿਨਾਂ ਵਿਚ ਦੇਸ਼ ਨੂੰ ਸਮਦਰਸ਼ੀ ਸੋਚ, ਸੁਹਿਰਦਤਾ ਅਤੇ ਲੋਕਤੰਤਰ ਦੀਆਂ ਰਵਾਇਤਾਂ ਨੂੰ ਸਮਰਪਿਤ ਲੀਡਰਸ਼ਿਪ ਮਿਲੇ, ਇਹੋ ਅਟਲ ਜੀ ਨੂੰ ਰਾਸ਼ਟਰ ਦੀ ਸੱਚੀ ਸ਼ਰਧਾਂਜਲੀ ਹੋਵੇਗੀ। ਅਜਿਹੀ ਲੀਡਰਸ਼ਿਪ ਸਾਡਾ ਹੱਕ ਵੀ ਹੈ ਅਤੇ ਸਾਡੀ ਉਮੀਦ ਵੀ।
ਕੋਈ ਵੀ ਵਿਅਕਤੀ ਦੋਸ਼ਹੀਣ ਨਹੀਂ ਹੁੰਦਾ
NEXT STORY