ਭਾਰਤ ਦੇ ਪੱਖ ’ਚ ਸਮਾਂ ਅਤੇ ਹਾਲਾਤ ਕਿਵੇਂ ਬਦਲ ਰਹੇ ਹਨ, ਦੁਨੀਆ ਦੀਅਾਂ ਤਾਕਤਾਂ ਭਾਰਤ ਸਾਹਮਣੇ ਕਿਵੇਂ ਝੁਕ ਰਹੀਅਾਂ ਹਨ, ਭਾਰਤ ਦੇ ਵਿਚਾਰ ਨੂੰ ਜਾਣਨ ਲਈ ਖ਼ੁਦ ਦਸਤਕ ਦੇ ਰਹੀਅਾਂ ਹਨ, ਇਸ ਦੀ ਇਕ ਮਿਸਾਲ ਤੁਹਾਡੇ ਸਾਹਮਣੇ ਪੇਸ਼ ਹੈ।
ਅਫਗਾਨਿਸਤਾਨ ’ਚ ਸ਼ਾਂਤੀਵਾਰਤਾ ਵਿਚ ਭਾਰਤ ਦੀ ਭੂਮਿਕਾ ਅਤੇ ਵਿਚਾਰ ਨੂੰ ਜਾਣਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜਾਲਮਾਈ ਖਲੀਲਜ਼ਾਦ ਖ਼ੁਦ ਅਮਰੀਕਾ ਤੋਂ ਚੱਲ ਕੇ ਭਾਰਤ ਆਏ। ਉਨ੍ਹਾਂ ਨੇ ਦਿੱਲੀ ਪਹੁੰਚ ਕੇ ਭਾਰਤ ਸਰਕਾਰ ਦੇ ਨੁਮਾਇੰਦਿਅਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਤਾਲਿਬਾਨ ਨੂੰ ਲੈ ਕੇ ਵਧਦੇ ਖਦਸ਼ਿਅਾਂ ਦਾ ਨਿਪਟਾਰਾ ਵੀ ਕੀਤਾ।
ਖਲੀਲਜ਼ਾਦ ਨੇ ਆਪਣੇ ਬਿਆਨ ’ਚ ਦ੍ਰਿੜ੍ਹਤਾ ਨਾਲ ਕਿਹਾ ਕਿ ਅਫਗਾਨਿਸਤਾਨ ’ਚ ਸ਼ਾਂਤੀ ਦੀ ਕੋਈ ਵੀ ਕੋਸ਼ਿਸ਼ ਜਾਂ ਫਿਰ ਤਾਲਿਬਾਨ ਨੂੰ ਸ਼ਾਂਤੀ ਦੇ ਰਾਹ ’ਤੇ ਤੋਰਨ ਦੀ ਕੋਈ ਵੀ ਕੋਸ਼ਿਸ਼ ਭਾਰਤ ਦੀ ਸਹਾਇਤਾ ਅਤੇ ਦਖਲ ਤੋਂ ਬਿਨਾਂ ਸੰਭਵ ਨਹੀਂ।
ਇਸ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਭਾਰਤ ਦੇ ਖਦਸ਼ਿਅਾਂ ਨੂੰ ਦੂਰ ਕੀਤੇ ਬਿਨਾਂ ਅਫਗਾਨਿਸਤਾਨ ’ਚ ਸੱਤਾ ਬਦਲਣ ਦੀ ਕੋਈ ਵੀ ਕੋਸ਼ਿਸ਼ ਅਤੇ ਉਥੇ ਤਾਲਿਬਾਨ ਨੂੰ ਸੱਤਾ ’ਚ ਹਿੱਸੇਦਾਰੀ ਦੇਣ ਦੇ ਯਤਨਾਂ ਤੋਂ ਪਹਿਲਾਂ ਭਾਰਤ ਦੀ ਭੂਮਿਕਾ ਤੈਅ ਹੋਣੀ ਚਾਹੀਦੀ ਹੈ ਅਤੇ ਭਾਰਤ ਦੇ ਵਿਚਾਰ ਨੂੰ ਦੇਖਣਾ-ਸਮਝਣਾ ਪਵੇਗਾ। ਇਸ ਤੋਂ ਪਹਿਲਾਂ ਅਫਗਾਨਿਸਤਾਨ-ਪਾਕਿਸਤਾਨ ਦੇ ਗੁਅਾਂਢੀ ਈਰਾਨ ਨੇ ਐਲਾਨ ਕੀਤਾ ਸੀ ਕਿ ਤਾਲਿਬਾਨ ਅਤੇ ਭਾਰਤ ਜਦੋਂ ਇਕੱਠੇ ਬੈਠਣਗੇ, ਤਾਂ ਹੀ ਅਫਗਾਨਿਸਤਾਨ ’ਚ ਕੋਈ ਸਿਆਸੀ ਫੈਸਲਾ ਸਾਰਥਕ ਹੋਵੇਗਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਅਫਗਾਨਿਸਤਾਨ ਦੀ ਮੌਜੂਦਾ ਸਰਕਾਰ ਵਿਸ਼ਵ ਤਾਕਤਾਂ ਰੂਸ ਅਤੇ ਅਮਰੀਕਾ ਦੇ ਸ਼ਾਂਤੀ ਯਤਨਾਂ ਤੋਂ ਡਰੀ ਤਾਂ ਜ਼ਰੂਰ ਹੈ ਪਰ ਅਫਗਾਨ ਸਰਕਾਰ ਭਾਰਤ ਦੀ ਭੂਮਿਕਾ ਅਤੇ ਇਸ ਦੇ ਦਖਲ ਨੂੰ ਲਾਜ਼ਮੀ ਮੰਨ ਰਹੀ ਹੈ।
ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਾਫ-ਸਾਫ ਕਿਹਾ ਹੈ ਕਿ ਜਦੋਂ ਤਕ ਭਾਰਤ ਦੀ ਭੂਮਿਕਾ ਸਰਵਸ੍ਰੇਸ਼ਠ ਨਹੀਂ ਹੋਵੇਗੀ, ਭਾਰਤ ਦੇ ਖਦਸ਼ੇ ਫੈਸਲਿਅਾਂ ’ਚ ਸ਼ਾਮਿਲ ਨਹੀਂ ਹੋਣਗੇ, ਉਦੋਂ ਤਕ ਅਫਗਾਨਿਸਤਾਨ ’ਚ ਸ਼ਾਂਤੀ ਦੇ ਯਤਨ ਸਫਲ ਨਹੀਂ ਹੋਣਗੇ। ਹਾਮਿਦ ਕਰਜ਼ਈ ਨੇ ਵਿਸ਼ਵ ਤਾਕਤਾਂ ਤੋਂ ਅਫਗਾਨਿਸਤਾਨ ’ਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੀ ਮੰਗ ਕੀਤੀ ਹੈ।
ਭਾਰਤ ਦੇ ਪੱਖ ’ਚ ਇਹ ਸਥਿਤੀਅਾਂ ਉਦੋਂ ਵੀ ਬਣੀਅਾਂ, ਜਦੋਂ ਪਾਕਿਸਤਾਨ ਤੇ ਚੀਨ ਦੀ ਜੁਗਲਬੰਦੀ ਭਾਰਤ ਦੇ ਵਿਰੁੱਧ ਰਹੀ। ਪਾਕਿਸਤਾਨ ਅਤੇ ਚੀਨ ਨਹੀਂ ਚਾਹੁੰਦੇ ਕਿ ਦੁਨੀਆ ਦੀਅਾਂ ਸਮੱਸਿਆਵਾਂ ਦੇ ਹੱਲ ’ਚ ਭਾਰਤ ਦੀ ਕੋਈ ਸਾਰਥਕ ਭੂਮਿਕਾ ਹੋਵੇ।
ਉਸ ਦੌਰ ਨੂੰ ਯਾਦ ਕਰੋ, ਜਦੋਂ ਭਾਰਤ ਨੂੰ ਅਰਾਜਕ, ਹਿੰਸਕ ਅਤੇ ਅਸਫਲ ਰਾਸ਼ਟਰ ਦੀ ਧਾਰਨਾ ਦੇ ਸ਼ਿਕਾਰ ਗੁਅਾਂਢੀਅਾਂ ਦੀ ਸ਼ਿਕਾਇਤ ਕਰਨ ਲਈ ਵਿਸ਼ਵ ਤਾਕਤਾਂ ਸਾਹਮਣੇ ਤਰਲੇ ਪਾਉਣੇ ਪੈਂਦੇ ਸਨ, ਅੱਤਵਾਦ ’ਤੇ ਕਾਬੂ ਪਾਉਣ ਲਈ ਵਿਸ਼ਵ ਤਾਕਤਾਂ ਨੂੰ ਵਾਰ-ਵਾਰ ਕਹਿਣਾ ਪੈਂਦਾ ਸੀ ਅਤੇ ਵਿਸ਼ਵ ਤਾਕਤਾਂ ਭਾਰਤ ਦਾ ਮਜ਼ਾਕ ਉਡਾਉਂਦੀਅਾਂ ਸਨ ਕਿ ਭਾਰਤ ਬੇਵਜ੍ਹਾ ਹੀ ਅੱਤਵਾਦ ਦਾ ਰਾਗ ਅਲਾਪਦਾ ਰਹਿੰਦਾ ਹੈ।
ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਤੱਤਕਾਲੀ ਭਾਰਤੀ ਪ੍ਰਧਾਨ ਮੰਤਰੀ ਨੂੰ ‘ਦਿਹਾਤੀ ਔਰਤ’ ਦਾ ਨਾਂ ਦਿੱਤਾ ਸੀ। ਭਾਰਤ ਨੂੰ ਹਮੇਸ਼ਾ ਪਾਕਿਸਤਾਨ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਅੱਤਵਾਦ ਦਾ ਮਾਮਲਾ ਦੋਹਾਂ ਦੇਸ਼ਾਂ ਦਾ ਆਪਸੀ ਮਾਮਲਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦਾ ਸ਼ਾਸਕ ਭਾਰਤ ਆਉਂਦਾ ਸੀ ਤਾਂ ਪਹਿਲਾਂ ਜਾਂ ਬਾਅਦ ’ਚ ਉਹ ਪਾਕਿਸਤਾਨ ਜਾਣਾ ਨਹੀਂ ਭੁੱਲਦਾ ਸੀ ਅਤੇ ਪਾਕਿਸਤਾਨ ਦੇ ਵਿਚਾਰਾਂ ਨੂੰ ਵੀ ਆਪਣੀ ਯਾਤਰਾ ’ਚ ਪ੍ਰਮੁੱਖਤਾ ਦਿੰਦਾ ਸੀ।
ਉਸ ਦੌਰ ’ਚ ਵਿਸ਼ਵ ਤਾਕਤਾਂ ਭਾਰਤ ਦੀ ਆਜ਼ਾਦ ਹੋਂਦ ਮੰਨਣ ਲਈ ਤਿਆਰ ਨਹੀਂ ਹੁੰਦੀਅਾਂ ਸਨ, ਕਸ਼ਮੀਰ ਦੇ ਸਵਾਲ ’ਤੇ ਵਿਸ਼ਵ ਤਾਕਤਾਂ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਂਦੀਅਾਂ ਸਨ, ਭਾਰਤ ਦੀ ਅਣਖ ਨਾਲ ਖਿਲਵਾੜ ਕਰਦੀਅਾਂ ਸਨ। ਕਸ਼ਮੀਰ ’ਚ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਭਾਰਤ ਨੂੰ ਧਮਕਾਇਆ ਜਾਂਦਾ ਸੀ।
ਅਫਗਾਨਿਸਤਾਨ ’ਚ ਹਿੰਸਾ ਲਈ ਪਾਕਿ ਜ਼ਿੰਮੇਵਾਰ
ਪਰ ਅੱਜ ਵਿਸ਼ਵ ਤਾਕਤਾਂ ਨਾ ਸਿਰਫ ਆਪਣਾ ਵਿਚਾਰ ਬਦਲ ਚੁੱਕੀਅਾਂ ਹਨ, ਸਗੋਂ ਭਾਰਤ ਨੂੰ ਪਾਕਿਸਤਾਨ ਨਾਲ ਰੱਖ ਕੇ ਇਸ ਦੀ ਤੁਲਨਾ ਕਰਨ ਦੀ ਆਪਣੀ ਇਕਪਾਸੜ ਮਾਨਸਿਕਤਾ ਨੂੰ ਆਤਮਘਾਤੀ ਮੰਨ ਰਹੀਅਾਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਕ ਬਿਆਨ ’ਚ ਸਾਫ ਤੌਰ ’ਤੇ ਕਹਿ ਦਿੱਤਾ ਕਿ ਉਸ ਦੇ ਲਈ ਪਾਕਿਸਤਾਨ ਕਿਸੇ ਕੰਮ ਦਾ ਨਹੀਂ ਹੈ। ਇੰਨਾ ਹੀ ਨਹੀਂ, ਟਰੰਪ ਨੇ ਭਾਰਤ ਨੂੰ ‘ਸੁਭਾਵਿਕ ਦੋਸਤ’ ਮੰਨ ਕੇ ਵਿਸ਼ਵ ਵਿਵਸਥਾ ’ਚ ਭਾਰਤ ਦੀਅਾਂ ਤਾਕਤਾਂ ਹੋਰ ਵਧਾਉਣ ਦਾ ਵਾਰ-ਵਾਰ ਐਲਾਨ ਕੀਤਾ ਹੈ।
ਪਾਕਿਸਤਾਨ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਅਫਗਾਨਿਸਤਾਨ ’ਚ ਸ਼ਾਂਤੀ ਦੇ ਕੋਈ ਵੀ ਯਤਨ ਉਸ ਦੇ ਸਹਿਯੋਗ ਅਤੇ ਸਮਰਥਨ ਤੋਂ ਬਿਨਾਂ ਸਿਰੇ ਨਹੀਂ ਚੜ੍ਹ ਸਕਦੇ। ਹੁਣ ਦੁਨੀਆ ਸਮਝ ਗਈ ਹੈ ਕਿ ਅਫਗਾਨਿਸਤਾਨ ਦੀ ਅਸ਼ਾਂਤੀ ਅਤੇ ਉਥੇ ਫੈਲੀ ਹਿੰਸਾ ਦੀ ਵਜ੍ਹਾ ਸਿਰਫ ਤੇ ਸਿਰਫ ਪਾਕਿਸਤਾਨ ਦੇ ‘ਪਾਪਾਂ ਦੀ ਗੱਠੜੀ’ ਹੈ।
ਜਿਸ ਤਾਲਿਬਾਨ ਕਾਰਨ ਅਫਗਾਨਿਸਤਾਨ ’ਚ ਅਸ਼ਾਂਤੀ ਹੈ, ਹਿੰਸਾ ਹੈ, ਉਸ ਤਾਲਿਬਾਨ ਨੂੰ ਪਾਕਿਸਤਾਨ ਨੇ ਪਾਲਿਆ-ਪੋਸਿਆ ਹੈ ਤੇ ਅੱਜ ਵੀ ਪਾਲ਼-ਪੋਸ ਰਿਹਾ ਹੈ। ਤਾਲਿਬਾਨ ਦਾ ਨੇਤਾ ਮੁੱਲਾ ਉਮਰ ਪਾਕਿਸਤਾਨ ’ਚ ਹੀ ਮਰਿਆ ਸੀ। ਮੁੱਲਾ ਉਮਰ ਦੀ ਜਦੋਂ ਪਾਕਿਸਤਾਨ ’ਚ ਮੌਤ ਹੋਈ ਸੀ, ਉਦੋਂ ਹੀ ਇਹ ਮੰਨ ਲਿਆ ਜਾਣਾ ਚਾਹੀਦਾ ਸੀ ਕਿ ਉਹ ਪਾਕਿਸਤਾਨ ਦੀ ਨਿਗਰਾਨੀ ਤੇ ਸੁਰੱਖਿਆ ਹੇਠ ਰਹਿ ਰਿਹਾ ਸੀ।
ਅੱਜ ਵੀ ਪਾਕਿਸਤਾਨ ‘ਗੁੱਡ ਤਾਲਿਬਾਨ’ ਦੇ ਨਾਂ ’ਤੇ ਹਿੰਸਾ ਅਤੇ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ। ਇਸੇ ਕਾਰਨ ਵਿਸ਼ਵ ਤਾਕਤਾਂ ਉਸ ਨੂੰ ਅਣਡਿੱਠ ਕਰ ਰਹੀਅਾਂ ਹਨ। ਫਿਰ ਵੀ ਪਾਕਿਸਤਾਨ ਨਾ ਮੰਨਿਆ ਤਾਂ ਉਸ ਨੂੰ ਸਜ਼ਾ ਮਿਲਣੀ ਤੈਅ ਹੈ। ਅੱਜ ਪਾਕਿਸਤਾਨ ਕੰਗਾਲ ਹੋ ਚੁੱਕਾ ਹੈ ਪਰ ਅੱਤਵਾਦ ਨੂੰ ਹਥਿਆਰ ਬਣਾ ਕੇ ਵਿਸ਼ਵ ਤਾਕਤਾਂ ਪਾਕਿਸਤਾਨ ਨੂੰ ਕਰਜ਼ਾ ਦੇਣ ਦੇ ਵਿਰੁੱਧ ਹਨ। ਵਿਸ਼ਵ ਤਾਕਤਾਂ ਦੇ ਵਿਰੋਧ ਕਾਰਨ ਦੁਨੀਆ ਦੇ ਹੋਰਨਾਂ ਦੇਸ਼ਾਂ ਤੋਂ ਪਾਕਿਸਤਾਨ ਨੂੰ ਕਰਜ਼ਾ ਨਹੀਂ ਮਿਲ ਰਿਹਾ।
ਅਫਗਾਨਿਸਤਾਨ ’ਚ ਭਾਰਤ ਦੀ ਭੂਮਿਕਾ ਫੈਸਲਾਕੁੰਨ ਅਤੇ ਸਰਵਸ੍ਰੇਸ਼ਠ ਕਿਉਂ ਮੰਨੀ ਜਾ ਰਹੀ ਹੈ? ਇਸ ਪਿੱਛੇ ਕਈ ਕਾਰਨ ਹਨ। ਕਦੇ ਅਮਰੀਕਾ ਚਾਹੁੰਦਾ ਸੀ ਕਿ ਭਾਰਤ ਵੀ ਅਫਗਾਨਿਸਤਾਨ ’ਚ ਆਪਣੀ ਫੌਜ ਖੜ੍ਹੀ ਕਰੇ ਅਤੇ ਤਾਲਿਬਾਨ ਦੇ ਵਿਰੁੱਧ ਲੜੇ। ਇਸ ਪਿੱਛੇ ਵਜ੍ਹਾ ਇਹ ਸੀ ਕਿ ਅੱਤਵਾਦ ਨਾਲ ਲੜਨ ’ਚ ਭਾਰਤੀ ਫੌਜ ਨੂੰ ਮੁਹਾਰਤ ਹਾਸਿਲ ਹੈ।
ਇੰਨਾ ਹੀ ਨਹੀਂ, ਸਗੋਂ ਦੁਨੀਆ ਦੇ ਕਈ ਹਿੱਸਿਅਾਂ ’ਚ ਭਾਰਤੀ ਫੌਜ ਨੇ ‘ਸ਼ਾਂਤੀ ਸੈਨਾ’ ਵਜੋਂ ਆਪਣੀ ਪ੍ਰਭੂਸੱਤਾ ਕਾਇਮ ਕੀਤੀ ਹੈ ਪਰ ਭਾਰਤ ਨੇ ਤਾਲਿਬਾਨ ਨਾਲ ਜੰਗ ’ਚ ਉਲਝਣ ਤੋਂ ਇਨਕਾਰ ਕਰ ਦਿੱਤਾ ਅਤੇ ਅਫਗਾਨਿਸਤਾਨ ਦੇ ਰਚਨਾਤਮਕ ਵਿਕਾਸ ਨੂੰ ਅਹਿਮੀਅਤ ਦਿੱਤੀ।
ਭਾਰਤ ਦਾ ਅਕਸ ਮਦਦਗਾਰ ਦੇਸ਼ ਵਾਲਾ
ਅਫਗਾਨਿਸਤਾਨ ਦੀ ਸੰਸਦ ਤੋਂ ਲੈ ਕੇ ਰਣਨੀਤਕ ਤੌਰ ’ਤੇ ਅਹਿਮ ਸੜਕਾਂ ਦੀ ਉਸਾਰੀ ਵੀ ਭਾਰਤ ਨੇ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਫਗਾਨਿਸਤਾਨ ’ਚ ਪੁਲਸ ਤੇ ਫੌਜ ਨੂੰ ਟ੍ਰੇਂਡ ਕਰਨ ’ਚ ਭਾਰਤ ਨੇ ਵੱਡੀ ਭੂਮਿਕਾ ਨਿਭਾਈ ਹੈ। ਅੱਜ ਭਾਰਤ ਅਫਗਾਨਿਸਤਾਨ ਨੂੰ ਸਭ ਤੋਂ ਵੱਧ ਸਹਾਇਤਾ ਦੇਣ ਵਾਲੇ ਮੋਹਰੀ ਦੇਸ਼ਾਂ ’ਚ ਹੈ। ਇਸੇ ਕਾਰਨ ਅਫਗਾਨ ਸਰਕਾਰ ਅਤੇ ਉਥੋਂ ਦੇ ਲੋਕਾਂ ’ਚ ਭਾਰਤ ਦਾ ਅਕਸ ਇਕ ਮਦਦਗਾਰ ਤੇ ਪਾਲਣਹਾਰੇ ਦੇਸ਼ ਵਾਲਾ ਬਣਿਆ ਹੋਇਆ ਹੈ। ਭਾਰਤ ਦੇ ਇਸ ਅਕਸ ਨੂੰ ਨਾ ਤਾਂ ਪਾਕਿਸਤਾਨ ਅਤੇ ਨਾ ਹੀ ਚੀਨ ਤੋੜ ਸਕਦਾ ਹੈ। ਵਿਸ਼ਵ ਤਾਕਤਾਂ ਭਾਰਤ ਦੇ ਇਸ ਅਕਸ ਨੂੰ ‘ਸਲਾਮ’ ਕਰਨ ’ਚ ਹੀ ਆਪਣੀ ਭਲਾਈ ਸਮਝਣਗੀਅਾਂ।
ਈਰਾਨ ਵੀ ਭਾਰਤ ਦੇ ਨਾਲ
ਸਭ ਤੋਂ ਵੱਡੀ ਗੱਲ ਇਹ ਹੈ ਕਿ ਈਰਾਨ ਵੀ ਭਾਰਤ ਨਾਲ ਕਈ ਮਾਮਲਿਅਾਂ ’ਤੇ ਡੂੰਘੀ ਦੋਸਤੀ ਰੱਖਦਾ ਹੈ। ਈਰਾਨ ਦੇ ਕਈ ਪ੍ਰਾਜੈਕਟਾਂ ’ਚ ਭਾਰਤ ਦੀ ਭੂਮਿਕਾ ਵਧੀ ਹੈ। ਅਫਗਾਨਿਸਤਾਨ ਦੀ ਅਸ਼ਾਂਤੀ ਤੋਂ ਈਰਾਨ ਵੀ ਪ੍ਰਭਾਵਿਤ ਹੁੰਦਾ ਹੈ, ਇਸ ਲਈ ਉਹ ਪਾਕਿਸਤਾਨ ਤੇ ਚੀਨ ’ਤੇ ਕਦੇ ਵੀ ਭਰੋਸਾ ਨਹੀਂ ਕਰਦਾ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਵੀ ਈਰਾਨ ਲਈ ਭਸਮਾਸੁਰ ਹਨ। ਇਸ ਲਈ ਈਰਾਨ ਵੀ ਭਾਰਤ ਨਾਲ ਖੜ੍ਹਾ ਹੈ। ਇਸ ਲਈ ਉਹ ਵੀ ਤਾਲਿਬਾਨ ਦੀ ਅਸ਼ਾਂਤੀ ਅਤੇ ਹਿੰਸਾ ਨੂੰ ਦੂਰ ਕਰਨਾ ਚਾਹੁੰਦਾ ਹੈ।
ਅਫਗਾਨਿਸਤਾਨ ’ਚ ਰੂਸ ਨੇ ਨਵੇਂ ਢੰਗ ਨਾਲ ਦਖਲ ਦਿੱਤਾ ਹੈ। ਉਹ ਤਾਲਿਬਾਨ ਨੂੰ ਇਥੇ ਸੱਤਾ ’ਚ ਭਾਈਵਾਲ ਬਣਾਉਣਾ ਚਾਹੁੰਦਾ ਹੈ। ਅਮਰੀਕਾ ਵੀ ਤਾਲਿਬਾਨ ਨੂੰ ਸੱਤਾ ’ਚ ਭਾਈਵਾਲ ਬਣਾ ਕੇ ਸਨਮਾਨਪੂਰਵਕ ਅਫਗਾਨਿਸਤਾਨ ’ਚੋਂ ਨਿਕਲਣਾ ਚਾਹੁੰਦਾ ਹੈ ਪਰ ਭਾਰਤ ਦੀ ਸਮੱਸਿਆ ਇਹ ਹੈ ਕਿ ਤਾਲਿਬਾਨ ਪਾਕਿਸਤਾਨ ਦੇ ਨਾਲ ਹੈ ਅਤੇ ਭਾਰਤ ਦੇ ਵਿਰੁੱਧ ਹੈ।
ਜਦੋਂ ਤਕ ਤਾਲਿਬਾਨ ਦੀ ਕਸੌਟੀ ’ਤੇ ਭਾਰਤ ਦੇ ਖਦਸ਼ੇ ਦੂਰ ਨਹੀਂ ਹੋਣਗੇ, ਉਦੋਂ ਤਕ ਭਾਰਤ ਤਾਲਿਬਾਨ ਦਾ ਸਮਰਥਨ ਕਿਵੇਂ ਤੇ ਕਿਉਂ ਕਰੇਗਾ? ਵਿਸ਼ਵ ਤਾਕਤਾਂ ਨੂੰ ਆਪਣਾ ਹਿੱਤ ਪਿਆਰਾ ਹੋ ਸਕਦਾ ਹੈ ਪਰ ਭਾਰਤ ਨੂੰ ਵੀ ਆਪਣੇ ਹਿੱਤ ਦੀ ਚਿੰਤਾ ਹੈ। ਭਾਰਤ ਨੇ ਸਿਰਫ ਅਫਗਾਨਿਸਤਾਨ ’ਚ ਹੀ ਨਹੀਂ, ਸਗੋਂ ਦੁਨੀਆ ਦੇ ਹੋਰ ਮੁੱਦਿਅਾਂ ’ਤੇ ਆਪਣੀ ਬਹਾਦਰੀ ਦਿਖਾਈ ਹੈ। ਸਿੱਟੇ ਦੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਅਫਗਾਨਿਸਤਾਨ ’ਚ ਤਾਲਿਬਾਨ ਨੂੰ ਲੈ ਕੇ ਭਾਰਤ ਨੂੰ ਚੌਕਸ ਰਹਿਣ ਦੀ ਲੋੜ ਹੈ।
ਰੋਜ਼ਗਾਰ ਲਈ ‘ਹੁਨਰ ਵਿਕਾਸ’ ਪਹਿਲੀ ਲੋੜ
NEXT STORY