ਯੂ.ਪੀ. ਦੀਆਂ ਜੂਲੀਅਟੋ, ਮੈਂ ਜਾਣਦਾ ਹਾਂ, ਤੁਸੀਂ ਜੂਲੀਅਟ ਨਹੀਂ ਹੋ। ਤੁਸੀਂ ਰਾਧਾ ਹੋ, ਅਨੁਰਾਧਾ ਹੋ, ਪੁਸ਼ਪਾ ਹੋ, ਕਮਲਾ ਹੋ, ਚੰਦਨਾ ਹੋ, ਸੁਗੰਧਾ ਹੋ, ਚੰਪਾ ਹੋ, ਬੇਲਾ ਹੋ, ਵੰਦਨਾ ਹੋ, ਪੂਜਾ ਹੋ, ਅਰਚਨਾ ਹੋ, ਆਰਤੀ ਹੋ, ਮੰਗਲਾ ਹੋ, ਸੰਧਿਆ ਹੋ, ਗਰਿਮਾ ਹੋ, ਪ੍ਰਤਿਮਾ ਹੋ। ਇਹ ਨਾ ਸੋਚਣਾ ਕਿ ਮੈਂ ਪੂਜਾ-ਸਮੱਗਰੀ ਦੀ ਸੂਚੀ ਬਣਾ ਰਿਹਾ ਹਾਂ। ਤੁਸੀਂ ਪੂਜਾ ਤੋਂ ਇਲਾਵਾ ਵੀ ਬਹੁਤ ਕੁਝ ਹੋ। ਤੁਸੀਂ ਕਲਪਨਾ ਵੀ ਹੋ, ਸਪਨਾ ਵੀ ਹੋ, ਕਵਿਤਾ ਵੀ ਹੋ।
ਤੁਸੀਂ ਗੋਂਡਾ ਦੀਆਂ ਹੋ ਜਾਂ ਬਹਿਰਾਈਚ ਦੀਆਂ, ਜਾਲੌਨ ਦੀਆਂ ਹੋ ਜਾਂ ਖੀਰੀ ਦੀਆਂ, ਮਿਰਜ਼ਾਪੁਰ ਦੀਆਂ ਹੋ ਜਾਂ ਜੌਨਪੁਰ ਦੀਆਂ। ਮੈਂ ਨਹੀਂ ਜਾਣਦਾ ਯੂ. ਪੀ. ਵਿਚ ਤੁਸੀਂ ਕਿੱਥੇ ਰਹਿੰਦੀਆਂ ਹੋ। ਤੁਸੀਂ ਜਿਥੋਂ ਦੀਆਂ ਵੀ ਹੋਵੋ, ਤੁਹਾਡੇ 'ਚ ਕੋਈ ਖਾਸ ਫਰਕ ਨਹੀਂ ਹੈ। ਤੁਹਾਡੇ 'ਤੇ ਨਜ਼ਰ ਰੱਖਣ ਵਾਲੀ ਇਕ ਹੀ ਨਜ਼ਰ ਹੈ। ਤੁਸੀਂ ਸ਼ੀਸ਼ਾ ਤੋੜ ਸਕਦੀਆਂ ਹੋ, ਦਿਲ ਤੋੜ ਸਕਦੀਆਂ ਹੋ ਪਰ ਰਵਾਇਤ ਨਹੀਂ ਤੋੜ ਸਕਦੀਆਂ। ਤੂੰ ਇਕ ਮਾਂ ਹੈਂ, ਭੈਣ ਹੈਂ ਅਤੇ ਮਿੱਤਰ ਵੀ ਪਰ ਪ੍ਰੇਮਿਕਾ ਅਤੇ ਜੂਲੀਅਟ ਨਹੀਂ। ਜੋ ਤੂੰ ਨਹੀਂ ਹੈਂ, ਮੈਂ ਉਸੇ ਨਾਂ ਨਾਲ ਇਹ ਪੱਤਰ ਲਿਖ ਰਿਹਾ ਹਾਂ।
ਤੁਹਾਡੇ ਯੂ. ਪੀ. ਵਿਚ ਪਾਰਕ ਬਹੁਤ ਚੰਗੇ ਹਨ। ਪੁਰਸ਼-ਮਹਾਪੁਰਸ਼, ਵਿਚਾਰਕ-ਪ੍ਰਚਾਰਕ, ਸ਼ਹੀਦ-ਸੰਸਦ ਮੈਂਬਰ, ਜੀਵ-ਜੰਤੂ, ਦੇਵੀ-ਦੇਵਤਾ, ਭਾਵ ਹਰ ਕੋਟੇ ਦੇ ਲੋਕਾਂ ਦੇ ਨਾਂ ਨਾਲ ਪਾਰਕ ਬਣੇ ਹੋਏ ਹਨ ਜਿਵੇਂ ਦਇਆਨੰਦ ਸਰਸਵਤੀ ਪਾਰਕ, ਦੀਨਦਿਆਲ ਪਾਰਕ, ਗਾਂਧੀ ਪਾਰਕ, ਨਹਿਰੂ ਪਾਰਕ, ਇੰਦਰਾ ਪਾਰਕ, ਲੋਹੀਆ ਪਾਰਕ, ਅੰਬੇਡਕਰ ਪਾਰਕ, ਚੰਦਰਸ਼ੇਖਰ ਆਜ਼ਾਦ ਪਾਰਕ, ਭਗਤ ਸਿੰਘ ਪਾਰਕ, ਨਿੰਬੂ ਪਾਰਕ, ਹਾਥੀ ਪਾਰਕ, ਦਿਲਕੁਸ਼ਾ ਪਾਰਕ, ਸ਼ਿਵ ਪਾਰਕ, ਦੁਰਗਾ ਪਾਰਕ, ਵਿੰਧਿਆਵਾਸਿਨੀ ਪਾਰਕ, ਵਿਕਟੋਰੀਆ ਪਾਰਕ ਅਤੇ ਆਗਰਾ ਦਾ ਕੁੱਤਾ ਪਾਰਕ। ਆਦਰਸ਼ਾਂ ਅਤੇ ਚੌਗਿਰਦੇ ਨੂੰ ਬਚਾਉਣ ਲਈ ਇਹ ਪਾਰਕ ਬਣਾਏ ਗਏ ਪਰ ਇਨ੍ਹਾਂ ਦੇ ਦਰੱਖਤਾਂ ਹੇਠਾਂ ਰਵਾਇਤਾਂ ਟੁੱਟਣ ਲੱਗੀਆਂ। ਤੁਸੀਂ ਇਥੇ ਪਿਆਰ ਤਾਂ ਕੀਤਾ ਪਰ ਅੰਬੇਡਕਰ, ਲੋਹੀਆ, ਗਾਂਧੀ, ਦਇਆਨੰਦ ਸਰਸਵਤੀ ਦੇ ਵਿਚਾਰਾਂ ਨੂੰ ਨਹੀਂ ਜਾਣਿਆ।
ਅੱਜ ਤੋਂ ਨਹੀਂ, 10 ਸਾਲਾਂ ਤੋਂ ਯੂ. ਪੀ. ਦੇ ਪਾਰਕਾਂ ਵਿਚ ਬੈਠੇ ਜੋੜਿਆਂ 'ਤੇ ਪੁਲਸ ਅਤੇ ਪਿਆਰ ਵਿਰੋਧੀ ਸਿਆਸੀ ਪਾਰਟੀਆਂ ਦੇ ਹਮਲੇ ਹੋ ਰਹੇ ਹਨ। ਪ੍ਰੇਮੀਆਂ ਨੂੰ ਪਾਰਕ ਅਤੇ ਥਾਣੇ ਵਿਚ ਮੁਰਗਾ ਬਣਾਉਣ ਦਾ ਰਿਵਾਜ ਸਾਡੇ ਦੇਸ਼ ਵਿਚ ਹੀ ਹੈ, ਫਰਾਂਸ 'ਚ ਨਹੀਂ।
ਜਿਸ ਮੁਲਕ ਵਿਚ ਪਿਆਰ ਕਰਨਾ ਇੰਨਾ ਮੁਸ਼ਕਿਲ ਹੋਵੇ, ਉਹ ਖੁਸ਼ਹਾਲੀ ਦੇ ਮਾਮਲੇ ਵਿਚ ਨੰਬਰ ਇਕ ਕਿਵੇਂ ਹੋ ਸਕਦਾ ਹੈ? ਤੁਹਾਨੂੰ ਜਦੋਂ ਪਾਰਕਾਂ ਵਿਚ ਕੁੱਟਿਆ ਜਾ ਰਿਹਾ ਸੀ ਅਤੇ ਚੈਨਲਾਂ 'ਤੇ ਉਸਦਾ ਪ੍ਰਸਾਰਣ ਕੀਤਾ ਜਾ ਰਿਹਾ ਸੀ, ਉਦੋਂ ਸਮਾਜ ਇਸ ਨੂੰ ਖਾਮੋਸ਼ ਸਹਿਮਤੀ ਦੇ ਰਿਹਾ ਸੀ।
ਬੇਸ਼ੱਕ ਹੀ ਟੀ. ਵੀ. ਦਾ ਐਂਕਰ ਕੁੱਟਣ ਵਾਲਿਆਂ ਦਾ ਵਿਰੋਧ ਕਰ ਰਿਹਾ ਸੀ ਪਰ ਸਮਾਜ ਉਨ੍ਹਾਂ ਦ੍ਰਿਸ਼ਾਂ ਨੂੰ ਦੇਖ ਕੇ ਆਸਵੰਦ ਹੋ ਰਿਹਾ ਸੀ। ਇਸ ਲਈ ਆਪਣੇ ਸਮਾਜ ਨੂੰ ਪਛਾਣੋ, ਉਹ ਕਦੋਂ ਤੋਂ 'ਐਂਟੀ ਰੋਮੀਓ' ਬਣਿਆ ਬੈਠਾ ਹੈ। ਇਹ ਪੁੱਛੋ ਕਿ 'ਐਂਟੀ ਜੂਲੀਅਟ' ਕਿਉਂ ਨਹੀਂ ਬਣਿਆ ਕਿਉਂਕਿ ਉਹ ਪੁਲਸ ਨੂੰ ਛੋਟ ਨਹੀਂ ਦੇਣਾ ਚਾਹੁੰਦਾ ਕਿ ਧੀਆਂ ਨੂੰ ਕੋਈ ਮਾਰੇ-ਕੁੱਟੇ, ਉਨ੍ਹਾਂ ਨੂੰ ਪੁਲਸ ਥਾਣੇ ਵਿਚ ਬਿਠਾਇਆ ਜਾਵੇ।
ਹੁਣ 'ਐਂਟੀ ਰੋਮੀਓ' ਦੇ ਨਾਂ 'ਤੇ ਸਿਰਫ ਮੁੰਡਿਆਂ ਨੂੰ ਥਾਣੇ ਲਿਜਾਇਆ ਜਾਵੇਗਾ। ਯਾਦ ਰੱਖਣਾ ਕਿ ਮਾਲਜ਼ ਦੇ ਖੰਭਿਆਂ ਤੋਂ ਲੈ ਕੇ ਮਾਰਨਿੰਗ ਸ਼ੋਅ ਦੀਆਂ ਖਾਲੀ ਕੁਰਸੀਆਂ 'ਤੇ ਵੀ ਪਹਿਰਾ ਹੋਵੇਗਾ। ਤੁਹਾਡੀ ਡਾਇਰੀ, ਤੁਹਾਡੀਆਂ ਕਵਿਤਾਵਾਂ, ਤੁਹਾਡੇ ਸੁਪਨੇ ਹੁਣ ਸਭ ਥਾਣਿਆਂ ਦੀ ਜੱਦ 'ਚ ਹੋ ਸਕਦੇ ਹਨ। ਪਤਾ ਨਹੀਂ, ਤੁਸੀਂ ਕਦੋਂ, ਕਿਸਦੇ ਨਾਲ ਫੜੀਆਂ ਜਾਓ ਅਤੇ ਇਹ ਸਭ ਚੀਜ਼ਾਂ ਸਬੂਤ ਦੇ ਤੌਰ 'ਤੇ ਕੱਢੀਆਂ ਜਾਣ ਲੱਗਣ। ਤੁਹਾਨੂੰ ਹਰ ਸਮੇਂ ਸਿੱਧ ਕਰਨਾ ਪਵੇਗਾ ਕਿ ਤੁਸੀਂ ਕਿਸੇ ਰੋਮੀਓ ਦੀ 'ਜੂਲੀਅਟ' ਨਹੀਂ ਹੋ।
ਮੁੰਬਈ ਦੇ ਸਮੁੰਦਰ ਕੰਢੇ ਸਾਰੇ ਜੋੜੇ ਛੱਤਰੀਆਂ ਲੈ ਕੇ ਲਹਿਰਾਂ ਨੂੰ ਗਿਣਦੇ ਰਹਿੰਦੇ ਹਨ। ਜ਼ਮਾਨੇ ਵੱਲ ਪਿੱਠ ਕਰਕੇ, ਆਨੰਦ ਲੈਂਦੇ ਇਨ੍ਹਾਂ ਜੋੜਿਆਂ ਨੂੰ ਦੇਖ ਕੇ ਮੁੰਬਈ ਵੀ ਪਰਵਾਹ ਨਹੀਂ ਕਰਦੀ। ਉਥੇ ਹਰ ਪੰਜ ਸਾਲਾਂ ਬਾਅਦ ਕਦੇ ਕਾਂਗਰਸ ਤਾਂ ਕਦੇ ਭਾਜਪਾ ਦੀ ਸਰਕਾਰ ਆਉਂਦੀ ਹੈ। ਉਸ ਦੀ ਨਗਰ ਪਾਲਿਕਾ ਵਿਚ ਸ਼ਿਵ ਸੈਨਾ ਤਾਂ 20-50 ਸਾਲਾਂ ਤੋਂ ਰਹਿੰਦੀ ਹੀ ਆ ਰਹੀ ਹੈ। ਫਿਰ ਵੀ ਮੁੰਬਈ ਵਿਚ ਜੋੜਿਆਂ ਦਾ ਪਿੱਛਾ ਕਰਨ ਵਾਲਾ 'ਐਂਟੀ ਰੋਮੀਓ ਦਸਤਾ' ਨਹੀਂ ਹੈ। ਆਪਣੇ ਯੂ. ਪੀ. ਤੋਂ ਪੁੱਛੋ ਕਿ ਮੁੰਬਈ ਵਿਚ 'ਐਂਟੀ ਰੋਮੀਓ ਦਸਤਾ' ਕਿਉਂ ਨਹੀਂ ਹੈ, ਦਿੱਲੀ 'ਚ ਕਿਉਂ ਨਹੀਂ ਹੈ?
ਪਿਆਰ ਦੀਆਂ ਸੰਭਾਵਨਾਵਾਂ ਕੰਧਾਂ ਦੇ ਪਾਰ ਜਾਂਦੀਆਂ ਹਨ, ਜਾਤਾਂ ਟੁੱਟਣ ਲੱਗਦੀਆਂ ਹਨ। ਰੋਮੀਓ ਦੇ ਨਾਂ 'ਤੇ ਦਾਜ ਦੇ ਜ਼ਰੀਏ ਕਮਾਈ ਦਾ ਸੁਪਨਾ ਟੁੱਟ ਜਾਂਦਾ ਹੈ। ਪਿਆਰ ਦਾ ਵਿਰੋਧ ਕਰਨਾ ਸਿਰਫ ਪਿਆਰ ਦਾ ਵਿਰੋਧ ਕਰਨਾ ਹੀ ਨਹੀਂ ਹੈ। ਇਸਦੇ ਕਾਰਨ ਇਕ ਦੱਬੂ ਲਾੜੀ ਅਤੇ ਅਥਾਹ ਦਾਜ ਮਿਲਣ ਦੀਆਂ ਸੰਭਾਵਨਾਵਾਂ ਖਤਮ ਹੋ ਰਹੀਆਂ ਹਨ। ਇਸ ਅਰਥਤੰਤਰ ਨੂੰ ਬਚਾਉਣਾ ਵੀ ਤਾਂ ਹੈ। ਜੇਕਰ ਯੂ. ਪੀ. ਦੀਆਂ ਜੂਲੀਅਟਾਂ ਕਿਸੇ ਨਾਲ ਵੀ ਪਿਆਰ ਕਰਕੇ ਆਪਣਾ ਫੈਸਲਾ ਖ਼ੁਦ ਲੈਣ ਲੱਗ ਪਈਆਂ ਤਾਂ 'ਰੋਮੀਓ' ਦੇ ਮਾਂ-ਪਿਓ ਦੇ ਸੁਪਨੇ ਟੁੱਟ ਜਾਣਗੇ। ਤੁਸੀਂ ਚਾਹੇ ਜਹਾਜ਼ ਉਡਾ ਲਓ ਪਰ ਦਾਜ ਪ੍ਰਥਾ ਕਦੇ ਨਹੀਂ ਮਿਟਾ ਸਕਦੀਆਂ।
'ਐਂਟੀ ਰੋਮੀਓ ਦਸਤਾ' ਯੂ. ਪੀ. ਦੇ ਸਮਾਜ ਦੀ ਖਾਮੋਸ਼ ਸਹਿਮਤੀ ਦਾ ਨਤੀਜਾ ਹੈ। ਯਕੀਨ ਨਾ ਹੋਵੇ ਤਾਂ ਆਪਣੇ ਘਰਾਂ 'ਚੋਂ ਪਤਾ ਕਰ ਲਓ। ਇਸਦੇ ਲਈ ਤੁਸੀਂ ਕਿਸੇ ਪਾਰਟੀ ਜਾਂ ਕਿਸੇ ਸਰਕਾਰ ਨੂੰ ਦੋਸ਼ ਨਾ ਦਿਓ। ਸਰਕਾਰ ਨੇ ਫੈਸਲਾ ਲੈਣ ਤੋਂ ਕਈ ਹਫਤੇ ਪਹਿਲਾਂ ਦੱਸਿਆ ਸੀ ਕਿ ਸੱਤਾ ਵਿਚ ਉਸ ਦੀ ਪਾਰਟੀ ਆਈ ਤਾਂ ਅਜਿਹਾ ਕਰੇਗੀ।
ਯਕੀਨੀ ਤੌਰ 'ਤੇ ਉਸ 'ਚ ਤੁਹਾਡੀ ਵੀ ਸਹਿਮਤੀ ਹੋਵੇਗੀ। ਕੀ ਉਦੋਂ ਤੁਸੀਂ 'ਐਂਟੀ ਰੋਮੀਓ ਦਸਤੇ' ਦਾ ਵਿਰੋਧ ਕੀਤਾ ਸੀ? ਇਸ ਇਕ ਦਸਤੇ ਨਾਲ ਪਰਿਵਾਰਾਂ ਅੰਦਰ ਕੰਟਰੋਲ ਨੂੰ ਸਿਆਸੀ ਮਨਜ਼ੂਰੀ ਮਿਲ ਗਈ ਹੈ। ਇਹ ਦਸਤਾ ਤੁਹਾਡੀਆਂ ਕਲਪਨਾਵਾਂ ਦੀ ਆਜ਼ਾਦੀ ਦੇ ਖਾਤਮੇ ਦਾ ਦਸਤਾ ਹੈ। ਕੋਈ ਵੀ ਪੁਲਸ ਥਾਣੇ ਜਾ ਕੇ ਸ਼ਿਕਾਇਤ ਕਰ ਦੇਵੇਗਾ ਕਿ ਮੇਰੀ ਧੀ ਦਾ ਦੋਸਤ 'ਰੋਮੀਓ' ਹੈ, ਬਸ ਪੁਲਸ ਆਪਣੇ ਕੰਮ 'ਤੇ ਲੱਗ ਜਾਵੇਗੀ। ਅਜੇ ਤਾਂ ਪੁਲਸ ਨੇ ਪਾਰਕਾਂ 'ਚੋਂ ਰੋਮੀਓ ਚੁੱਕਣੇ ਹਨ, ਛੇਤੀ ਹੀ ਘਰਾਂ ਤੋਂ ਲੋਕ ਆਪੋ-ਆਪਣੇ 'ਰੋਮੀਓ' ਦੀ ਲਿਸਟ ਲੈ ਕੇ ਆਉਣਗੇ।
ਪਾਰਕਾਂ 'ਚੋਂ ਨਿਕਲ ਰਹੇ ਘਬਰਾਏ ਹੋਏ ਜੋੜੇ ਖ਼ੁਦ ਨਾਲ ਹੋ ਰਹੀ ਛੇੜਖਾਨੀ ਤੋਂ ਤੰਗ ਹੁੰਦੇ ਹਨ, ਉਹ ਦੂਜਿਆਂ ਨੂੰ ਕੀ ਛੱਡਣਗੇ? ਛੱਡਣ ਵਾਲਾ ਉਸੇ ਪਾਰਕ ਵਿਚ ਘੁੰਮ ਰਿਹਾ ਹੁੰਦਾ ਹੈ, ਜਿਥੇ ਜੋੜੇ ਬੈਠੇ ਮਿਲਦੇ ਹਨ। ਛੇਤੀ ਹੀ ਪੁਲਸ ਨੂੰ ਬੁਲਾਉਣ ਵਾਲਾ ਇਕ ਗੈਂਗ ਵੀ ਬਣ ਜਾਵੇਗਾ, ਜੋ ਜੋੜਿਆਂ ਤੋਂ ਵਸੂਲੀ ਕਰੇਗਾ। ਮਾਂ-ਬਾਪ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦਾ ਬੇਟਾ ਰੋਮੀਓ 'ਐਂਟੀ ਰੋਮੀਓ ਦਸਤੇ' ਦੇ ਹੱਥੇ ਚੜ੍ਹ ਗਿਆ ਹੈ, ਤਾਂ ਉਹ ਇੱਜ਼ਤ ਬਚਾਉਣ ਲਈ ਨਜ਼ਰਾਨਿਆਂ ਦੀ ਰਕਮ ਮੋਟੀ ਕਰਦੇ ਜਾਣਗੇ।
ਇਸ ਨਾਲ ਨੌਜਵਾਨਾਂ ਦੇ ਦਿਲੋ-ਦਿਮਾਗ 'ਤੇ ਕੀ ਅਸਰ ਪਵੇਗਾ, ਇਸ ਦੀ ਪਰਵਾਹ ਕਿਸੇ ਨੂੰ ਵੀ ਨਹੀਂ ਹੈ। ਹੋ ਸਕਦਾ ਹੈ ਕਿ ਯੂ. ਪੀ. ਦੇ ਨੌਜਵਾਨ ਵੀ 'ਐਂਟੀ ਰੋਮੀਓ ਦਸਤੇ' ਦੇ ਸਮਰਥਕ ਨਿਕਲਣ। ਉਹੀ, ਜੋ ਪੂਰੇ ਦਿਨ ਬਾਲਕੋਨੀ ਵਿਚ ਕਿਸੇ ਜੂਲੀਅਟ ਦੇ ਦੀਦਾਰ ਲਈ ਖੜ੍ਹੇ ਵੀ ਨਜ਼ਰ ਆਉਣਗੇ।
ਸਿਆਸਤ 'ਚ ਕਥਿਤ ਤੌਰ 'ਤੇ ਜਿਸ ਜਾਤਵਾਦ ਦੇ ਟੁੱਟਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਕਿ ਯੂ. ਪੀ. ਤੋਂ ਕੋਈ 'ਨਿਊ ਇੰਡੀਆ' ਨਿਕਲ ਆਇਆ ਹੈ, ਉਸੇ 'ਨਿਊ ਇੰਡੀਆ' ਵਿਚ ਪਿਆਰ ਦੀਆਂ ਸੰਭਾਵਨਾਵਾਂ 'ਤੇ ਪਹਿਰਾ ਵੀ ਬਿਠਾਇਆ ਜਾ ਰਿਹਾ ਹੈ, ਤਾਂ ਕਿ ਜਾਤ ਨਾ ਟੁੱਟੇ। ਅਸਲ 'ਚ ਇਹੋ 'ਨਿਊ ਇੰਡੀਆ' ਹੈ।
ਤੁਹਾਨੂੰ ਕਿਸੇ ਨੇ ਪਾਰਕ ਵਿਚ ਜਾਣ ਤੋਂ ਨਹੀਂ ਰੋਕਿਆ ਹੈ। ਬਿਲਕੁਲ ਜਾਓ। ਉਥੇ ਰਿਟਾਇਰਮੈਂਟ ਤੋਂ ਬਾਅਦ ਗੋਗੜ ਘੱਟ ਕਰਨ ਲਈ ਸਮੂਹਿਕ ਤੌਰ 'ਤੇ ਹਾਸਾ-ਮਜ਼ਾਕ ਕਰ ਰਹੇ ਬਜ਼ੁਰਗਾਂ ਦੀ ਸੇਵਾ ਕਰੋ, ਉਨ੍ਹਾਂ ਦੇ ਪੈਰ ਘੁੱਟੋ, ਉਨ੍ਹਾਂ ਤੋਂ ਸਿੱਖੋ। ਉਨ੍ਹਾਂ ਦੀਆਂ ਨਜ਼ਰਾਂ ਵਿਚ ਤੁਸੀਂ ਜੂਲੀਅਟ ਹੋ, ਜੋ ਉਨ੍ਹਾਂ ਦੇ ਸਮੇਂ ਵਾਲੇ ਚੰਗੇ ਸਮਾਜ ਨੂੰ ਵਿਗਾੜ ਰਹੀਆਂ ਹੋ।
ਇਹ ਗੱਲ ਉਨ੍ਹਾਂ 'ਚੋਂ ਕਈਆਂ ਨੇ ਤੁਹਾਨੂੰ ਠੀਕ ਤਰ੍ਹਾਂ ਘੂਰਨ ਤੋਂ ਬਾਅਦ ਹੀ ਕਹੀ ਹੋਵੇਗੀ। ਹੁਣ ਇਸਦਾ ਫੈਸਲਾ ਕੌਣ ਕਰੇਗਾ ਕਿ ਛੇੜਖਾਨੀ ਦੀ ਸਮੱਸਿਆ 'ਰੋਮੀਓ' ਕਾਰਨ ਹੈ, ਉਨ੍ਹਾਂ ਰਵਾਇਤੀ ਪਰਿਵਾਰਾਂ ਦੇ ਆਦਰਸ਼ ਮਰਦਾਂ ਕਾਰਨ ਨਹੀਂ, ਜਿਹੜੇ ਘਰ 'ਚ ਅਤੇ ਘਰੋਂ ਨਿਕਲ ਕੇ ਛੇੜਖਾਨੀ ਕਰਦੇ ਹਨ। ਯੌਨ ਸ਼ੋਸ਼ਣ ਦੇ ਸਭ ਤੋਂ ਵੱਧ ਮਾਮਲੇ ਘਰਾਂ ਦੇ ਅੰਦਰ ਹੁੰਦੇ ਹਨ, ਜਿਥੇ ਭਾਰਤੀ ਸੱਭਿਅਤਾ ਰਹਿੰਦੀ ਹੈ।
ਯੂ. ਪੀ. ਦੀਆਂ ਜੂਲੀਅਟੋ, ਤੁਸੀਂ ਪਾਰਕ ਵਿਚ ਬੇਸ਼ੱਕ ਜਾਓ, ਉਥੋਂ ਦੇ ਰੁੱਖਾਂ, ਪੰਛੀਆਂ ਨਾਲ ਪਿਆਰ ਕਰੋ, ਪਿਆਰ ਕਰਨ ਲਈ ਕਿੰਨਾ ਕੁਝ ਹੈ। ਮੇਰੀ ਗੱਲ ਮੰਨੋ ਤਾਂ ਤੁਸੀਂ ਯੂ. ਪੀ. ਦੇ 'ਰੋਮੀਓ' ਨੂੰ ਆਜ਼ਾਦ ਕਰ ਦਿਓ। 'ਰੋਮੀਓ' ਤੁਹਾਨੂੰ ਚੋਰੀ-ਚੋਰੀ ਹੀ ਮਿਲਣ ਆਉਣਗੇ, ਇਕ ਅਪਰਾਧੀ ਵਾਂਗ।
ਜਿਹੜੀ ਮੁਲਾਕਾਤ ਤੁਹਾਨੂੰ ਅਪਰਾਧੀ ਬਣਾਵੇ, ਉਸ ਦਾ ਜਾਂ ਤਾਂ ਵਿਰੋਧ ਕਰੋ ਜਾਂ ਫਿਰ ਮੁਲਾਕਾਤ ਕਰਨੀ ਛੱਡ ਦਿਓ। ਪਿਆਰ ਵਿਚ ਇਕ ਗੱਲ ਦਾ ਖਿਆਲ ਰੱਖਣਾ ਕਿ 'ਰੋਮੀਓ' ਚਾਹੇ ਕਿੰਨਾ ਵੀ ਸਮਾਰਟ ਕਿਉਂ ਨਾ ਹੋਵੇ, ਉਸ ਦੀ ਅੰਗਰੇਜ਼ੀ ਚਾਹੇ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ, ਜੇਕਰ ਉਹ ਬੁਜ਼ਦਿਲ ਹੈ ਤਾਂ ਪ੍ਰੇਮੀ ਨਹੀਂ ਹੋ ਸਕਦਾ ਹੈ। ਉਹ ਜੇਕਰ ਬਾਗ਼ੀ ਨਹੀਂ ਹੈ ਤਾਂ ਪ੍ਰੇਮੀ ਵੀ ਨਹੀਂ ਹੈ।
ਸੈਕੁਲਰਵਾਦੀਆਂ ਦੀ ਕਮਜ਼ੋਰ, ਪਖੰਡ ਭਰੀ ਸਿਆਸਤ ਕਾਰਨ 'ਸੈਕੁਲਰਵਾਦ' ਸੰਕਟ 'ਚ
NEXT STORY