ਇਕ ਸਿਆਸਤਦਾਨ ਦੇ ਤੌਰ 'ਤੇ ਅਟਲ ਬਿਹਾਰੀ ਵਾਜਪਾਈ ਦੀ ਮੁਸਕਰਾਹਟ ਸਭ ਤੋਂ ਵੱਧ ਆਕਰਸ਼ਕ ਸੀ। ਅਜਿਹਾ ਦਿਖਾਈ ਦਿੰਦਾ ਸੀ ਕਿ ਜਿਵੇਂ ਉਹ ਉਨ੍ਹਾਂ ਦੇ ਪੂਰੇ ਚਿਹਰੇ 'ਤੇ ਫੈਲੀ ਹੋਵੇ ਪਰ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਅੱਖਾਂ ਵਿਚ ਵੀ ਚਮਕ ਪੈਦਾ ਕਰਦੀ ਹੋਵੇ। ਇਸ ਤੋਂ ਉਹ ਇਕ ਆਨੰਦਿਤ ਸ਼ਰਾਰਤੀ ਦਿਖਾਈ ਦਿੰਦੇ ਸਨ। ਉਹ ਲਗਾਤਾਰ ਮੁਸਕਰਾਉਣ ਤੋਂ ਝਿਜਕਦੇ ਨਹੀਂ ਸਨ। ਦਰਅਸਲ, ਮੈਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਮੁਸਕਰਾਉਣ ਵਿਚ ਮਜ਼ਾ ਆਉਂਦਾ ਸੀ। ਸਿੱਟੇ ਵਜੋਂ ਇਸ ਤੁਲਨਾ ਰਹਿਤ ਵਿਅਕਤੀ ਦੀ ਮੁਸਕਰਾਹਟ ਮੇਰੀ ਇਕ ਅਮਿੱਟ ਯਾਦ ਬਣ ਗਈ।
ਅਟਲ ਜੀ ਦੀ ਮੁਸਕਰਾਹਟ ਬਾਰੇ ਇਕ ਹੋਰ ਗੱਲ ਇਹ ਸੀ ਕਿ ਉਹ ਗਰਮਜੋਸ਼ੀ ਭਰੀ ਅਤੇ ਮੰਤਰ-ਮੁਗਧ ਕਰਨ ਵਾਲੀ ਸੀ, ਜੋ ਕਦੇ ਵੀ ਠੰਡੀ ਜਾਂ ਪ੍ਰੇਸ਼ਾਨ ਕਰਨ ਵਾਲੀ ਨਹੀਂ ਸੀ।
ਅਟਲ ਜੀ ਦੀ ਮੁਸਕਰਾਹਟ ਪਿੱਛੇ ਇਕ ਗਰਮਜੋਸ਼ੀ ਭਰਿਆ ਤੇ ਦਰਿਆਦਿਲ ਵਿਅਕਤੀ ਸੀ। ਇਸ ਲਈ ਉਨ੍ਹਾਂ ਦੀ ਮੁਸਕਰਾਹਟ ਪਿੱਛੇ ਕੋਈ ਲੁਕੋਅ ਨਹੀਂ ਸੀ। ਮੈਨੂੰ ਇਸ ਦਾ ਪਹਿਲਾ ਅਹਿਸਾਸ 1991 ਵਿਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਕੁਝ ਹੀ ਸਮੇਂ ਬਾਅਦ ਹੋਇਆ। ਮੈਂ ਉਸ ਸਮੇਂ 'ਆਈਵਿਟਨੈੱਸ' ਨਾਂ ਦੇ ਇਕ ਵੀਡੀਓ ਮੈਗਜ਼ੀਨ ਦਾ ਸੰਪਾਦਨ ਕਰਦਾ ਸੀ, ਜਿਸ ਨੇ ਹੱਤਿਆ ਕੀਤੇ ਗਏ ਸਾਬਕਾ ਪ੍ਰਧਾਨ ਮੰਤਰੀ ਲਈ ਇਕ ਵਿਸ਼ੇਸ਼ ਸ਼ਰਧਾਂਜਲੀ ਦੀ ਯੋਜਨਾ ਬਣਾਈ ਅਤੇ ਸਾਡਾ ਵਿਚਾਰ ਉਨ੍ਹਾਂ ਨਾਲ ਜੁੜੀਆਂ ਸਭ ਤੋਂ ਵੱਧ ਮਹੱਤਵਪੂਰਨ ਯਾਦਾਂ ਨੂੰ ਸਾਂਝਾ ਕਰਨ ਲਈ ਬਹੁਤ ਸਾਰੇ ਲੋਕਾਂ ਨੂੰ ਸੱਦਾ ਦੇਣ ਦਾ ਸੀ। ਜਦੋਂ ਮੈਂ ਅਟਲ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਮੈਨੂੰ ਮਨ ਬਣਾ ਲੈਣ ਤੋਂ ਪਹਿਲਾਂ ਮਿਲਣ ਲਈ ਕਿਹਾ। ਇਸ ਤੋਂ ਬਾਅਦ ਜੋ ਹੋਇਆ, ਉਹ ਇਕ ਗੈਰ-ਸਾਧਾਰਨ ਗੱਲਬਾਤ ਸੀ, ਜੋ ਸਾਡੀ ਸ਼ਰਧਾਂਜਲੀ ਵਿਚ ਇਕ ਵਿਲੱਖਣ ਅਤੇ ਦਿਲ ਨੂੰ ਛੂਹ ਲੈਣ ਵਾਲਾ ਪਲ ਬਣ ਗਿਆ।
''ਮੈਂ ਰਾਜੀਵ ਬਾਰੇ ਬੋਲਦੇ ਹੋਏ ਬਹੁਤ ਖੁਸ਼ ਹਾਂ।'' ਅਟਲ ਜੀ ਨੇ ਕਹਿਣਾ ਸ਼ੁਰੂ ਕੀਤਾ, ''ਪਰ ਮੈਂ ਇਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇਸ ਨਾਲ ਮੈਨੂੰ ਉਹ ਕਹਿਣ ਦੀ ਆਜ਼ਾਦੀ ਨਹੀਂ ਮਿਲੇਗੀ, ਜੋ ਅਸਲ ਵਿਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਮੈਂ ਇਕ ਵਿਅਕਤੀ ਦੇ ਤੌਰ 'ਤੇ ਬੋਲਣਾ ਚਾਹੁੰਦਾ ਹਾਂ, ਜਿਸ ਨੇ ਰਾਜੀਵ ਦਾ ਇਕ ਪੱਖ ਜਾਣਿਆ ਹੈ, ਜੋ ਸ਼ਾਇਦ ਜਨਤਕ ਜੀਵਨ ਵਿਚ ਕਿਸੇ ਹੋਰ ਨੇ ਨਹੀਂ ਦੇਖਿਆ ਹੋਵੇਗਾ। ਜੇਕਰ ਤੁਹਾਨੂੰ ਇਹ ਠੀਕ ਲੱਗੇ ਤਾਂ ਮੈਨੂੰ ਤੁਹਾਡੇ ਵਲੋਂ ਬਣਾਈ ਜਾ ਰਹੀ ਸ਼ਰਧਾਂਜਲੀ ਯੋਜਨਾ ਦਾ ਹਿੱਸਾ ਬਣਨ ਵਿਚ ਖੁਸ਼ੀ ਹੋਵੇਗੀ।''
ਮੈਨੂੰ ਯਕੀਨ ਨਹੀਂ ਸੀ ਕਿ ਉਨ੍ਹਾਂ ਦੇ ਦਿਮਾਗ ਵਿਚ ਕੀ ਹੈ? ਇਹ ਪਹਿਲਾਂ ਵਰਗਾ ਸੁਣਾਈ ਦਿੰਦਾ ਸੀ ਪਰ ਮੈਂ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਸੀ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ, ਮੈਨੂੰ ਦੱਸੋ।
ਪ੍ਰਤੱਖ ਤੌਰ 'ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੇ ਪਹਿਲੇ ਹਿੱਸੇ ਦੌਰਾਨ ਰਾਜੀਵ ਗਾਂਧੀ ਨੂੰ ਪਤਾ ਲੱਗਾ ਕਿ ਅਟਲ ਜੀ ਨੂੰ ਕਿਡਨੀ ਦੀ ਸਮੱਸਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਸੰਸਦ ਸਥਿਤ ਪ੍ਰਧਾਨ ਮੰਤਰੀ ਦਫਤਰ ਵਿਚ ਬੁਲਾਇਆ ਅਤੇ ਕਿਹਾ ਕਿ ਉਹ ਅਟਲ ਜੀ ਨੂੰ ਸੰਯੁਕਤ ਰਾਸ਼ਟਰ ਜਾਣ ਵਾਲੇ ਭਾਰਤੀ ਵਫ਼ਦ ਦਾ ਮੈਂਬਰ ਬਣਾਉਣਾ ਚਾਹੁੰਦੇ ਹਨ ਅਤੇ ਆਸ ਕਰਦੇ ਹਨ ਕਿ ਉਹ ਨਿਊਯਾਰਕ ਜਾਣ ਤੇ ਇਲਾਜ ਕਰਵਾਉਣ ਲਈ ਮੰਨ ਜਾਣਗੇ ਅਤੇ ਅਟਲ ਜੀ ਨੇ ਉਹੀ ਕੀਤਾ। ਜਿਵੇਂ ਕਿ ਉਨ੍ਹਾਂ ਨੇ ਮੈਨੂੰ ਕਿਹਾ, ਸ਼ਾਇਦ ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ ਅਤੇ ਹੁਣ ਰਾਜੀਵ ਦੀ ਅਚਾਨਕ ਅਤੇ ਦੁੱਖਦਾਈ ਮੌਤ ਤੋਂ ਬਾਅਦ ਉਹ ਉਨ੍ਹਾਂ ਨੂੰ ਧੰਨਵਾਦ ਕਹਿਣ ਦੇ ਇਕ ਤਰੀਕੇ ਦੇ ਤੌਰ 'ਤੇ ਇਸ ਕਹਾਣੀ ਨੂੰ ਜਨਤਕ ਕਰਨਾ ਚਾਹੁੰਦੇ ਹਨ।
ਹੁਣ ਇਹ ਆਮ ਤੌਰ 'ਤੇ ਉਹ ਤਰੀਕਾ ਨਹੀਂ ਹੈ, ਜਿਸ ਨਾਲ ਵਿਰੋਧੀ ਧਿਰਾਂ ਦੇ ਸਿਆਸਤਦਾਨ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਜੇਕਰ ਉਹ ਕਦੇ ਕਰਦੇ ਵੀ ਹਨ ਤਾਂ ਉਹ ਸਿਰਫ ਨਿੱਜਤਾ 'ਚ ਹੁੰਦੀ ਹੈ। ਇਕ ਜਨਤਕ ਬਿਆਨ ਵਿਚ ਅਜਿਹਾ ਕਰਨ ਲਈ ਅਟਲ ਜੀ ਦਾ ਦ੍ਰਿੜ੍ਹ ਨਿਸ਼ਚੇ ਨਾ ਸਿਰਫ ਗੈਰ-ਸਾਧਾਰਨ ਸੀ, ਸਗੋਂ ਸੱਚਮੁਚ ਵਿਲੱਖਣ ਸੀ। ਹੋਰ ਵੀ ਵੱਧ ਮਹੱਤਵਪੂਰਨ ਇਹ ਕਿ ਉਨ੍ਹਾਂ ਵਲੋਂ ਕੀਤਾ ਗਿਆ ਸ਼ੁਕਰੀਆ ਤਹਿ-ਦਿਲੋਂ ਸੀ। ਇਸ ਕਹਾਣੀ ਨੇ ਮੇਰੇ ਦਿਲ ਦੀਆਂ ਤਾਰਾਂ ਨੂੰ ਡੂੰਘਾਈ ਤੋਂ ਛੂਹ ਲਿਆ ਤੇ ਮੈਂ ਜਾਣਦਾ ਸੀ ਕਿ ਇਸ ਦਾ ਦਰਸ਼ਕਾਂ 'ਤੇ ਵੀ ਉਹੋ ਜਿਹਾ ਹੀ ਪ੍ਰਭਾਵ ਪਵੇਗਾ। ਇਹ ਸ਼ਰਧਾਂਜਲੀ ਦਾ ਸਭ ਤੋਂ ਵੱਧ ਮਹੱਤਵਪੂਰਨ ਹਿੱਸਾ ਹੋਣ ਦੀ ਸੰਭਾਵਨਾ ਸੀ।
ਮੈਂ ਤੁਰੰਤ ਮਨਜ਼ੂਰੀ ਦੇ ਦਿੱਤੀ। ਅਸੀਂ ਅਗਲੇ ਦਿਨ ਰਿਕਾਰਡਿੰਗ ਕੀਤੀ ਅਤੇ ਅਟਲ ਜੀ ਨੇ ਠੀਕ ਉਸੇ ਤਰ੍ਹਾਂ ਬੋਲਿਆ, ਜਿਵੇਂ ਉਨ੍ਹਾਂ ਨੇ ਕਿਹਾ ਸੀ। ਹਾਲਾਂਕਿ ਉਨ੍ਹਾਂ ਨੇ ਜੋ ਪ੍ਰਭਾਵ ਛੱਡਿਆ, ਉਹ ਉਸ ਮੂਲ ਵਿਸ਼ਾ-ਵਸਤੂ ਤੋਂ ਕਿਤੇ ਵੱਧ ਸੀ, ਜੋ ਉਹ ਕਹਿਣਾ ਚਾਹੁੰਦੇ ਸਨ। ਉਨ੍ਹਾਂ ਦੇ ਹੌਲੀ-ਹੌਲੀ ਬੋਲਣ ਅਤੇ ਸੁਭਾਵਿਕ ਭਾਵਨਾਵਾਂ ਨੇ ਹਰ ਕਿਸੇ 'ਤੇ ਇਕ ਨਾ ਭੁਲਾਇਆ ਜਾ ਸਕਣ ਵਾਲਾ ਪ੍ਰਭਾਵ ਛੱਡਿਆ।
ਜਦੋਂ ਮੈਂ ਇਸ ਜਾਦੂਈ ਪਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤਾਂ ਉਨ੍ਹਾਂ ਨੇ ਇਕ ਅਜਿਹੀ ਚੀਜ਼ ਕਹਿਣ ਲਈ ਮੌਕਾ ਦੇਣ ਲਈ ਮੇਰਾ ਧੰਨਵਾਦ ਕੀਤਾ, ਜਿਸ ਨੂੰ ਉਹ ਬੜੇ ਲੰਮੇ ਸਮੇਂ ਤੋਂ ਜ਼ਾਹਿਰ ਕਰਨਾ ਚਾਹੁੰਦੇ ਸਨ ਪਰ ਨਹੀਂ ਜਾਣਦੇ ਸਨ ਕਿ ਕਿਵੇਂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ ਤੋਂ ਇਕ ਬੋਝ ਉਤਰ ਗਿਆ ਹੈ।
ਅਟਲ ਜੀ ਦੇ ਦਿਹਾਂਤ ਨੇ ਸਾਨੂੰ ਸਾਰਿਆਂ ਨੂੰ ਗਰੀਬ ਬਣਾ ਦਿੱਤਾ ਹੈ।
ਇਤਿਹਾਸ ਅਟਲ ਜੀ ਨੂੰ ਇਕ ਨਿਮਰ ਮਹਾਪੁਰਸ਼ ਦੇ ਤੌਰ 'ਤੇ ਯਾਦ ਕਰੇਗਾ
NEXT STORY