ਸਭ ਕੁਝ ਜੇਕਰ ਯੋਜਨਾਬੱਧ ਢੰਗ ਨਾਲ ਚੱਲਿਆ ਤਾਂ ਵੈਂਕੱਈਆ ਨਾਇਡੂ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਸਿਆਸਤ ਦੀ ਨਬਜ਼ ਪੜ੍ਹਨ ਵਾਲੇ ਮੋਦੀ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਇਕ ਦੱਖਣ ਭਾਰਤੀ ਨੂੰ ਰਾਏਸਿਨਾ ਹਿੱਲਜ਼ 'ਚ ਬਿਠਾਉਣ 'ਤੇ ਇਸ ਦਾ ਦੱਖਣ ਭਾਰਤੀ ਸੂਬਿਆਂ 'ਚ ਚੰਗਾ ਸੰਕੇਤ ਜਾਵੇਗਾ।
ਯਾਦ ਰਹੇ ਕਿ ਇਨ੍ਹੀਂ ਦਿਨੀਂ ਦੱਖਣੀ ਸੂਬਿਆਂ 'ਚ ਭਾਜਪਾ ਦੇ ਪੈਰ ਜਮਾਉਣ ਲਈ ਮੋਦੀ ਅਤੇ ਸ਼ਾਹ ਪੂਰੀ ਵਾਹ ਲਾ ਰਹੇ ਹਨ। ਦੋ ਦਿਨ ਪਹਿਲਾਂ ਹੀ ਨਵੇਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਮੋਦੀ ਨੇ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ ਤੇ ਨਿਤਿਨ ਗਡਕਰੀ ਨਾਲ ਇਕ ਅਹਿਮ ਮੀਟਿੰਗ ਕੀਤੀ ਸੀ। ਸੂਤਰ ਦੱਸਦੇ ਹਨ ਕਿ ਆਪਣੇ ਸੀਨੀਅਰ ਮੰਤਰੀਆਂ ਦੀ ਇਸ ਮੀਟਿੰਗ 'ਚ ਮੋਦੀ ਨੇ ਆਪਣਾ ਪੱਤਾ ਖੋਲ੍ਹਦਿਆਂ ਵੈਂਕੱਈਆ ਦਾ ਨਾਂ ਅੱਗੇ ਕੀਤਾ ਤੇ ਇਸ 'ਤੇ ਬਾਕੀ ਮੰਤਰੀਆਂ ਦੀ ਰਾਏ ਲਈ।
ਸੂਤਰ ਇਹ ਵੀ ਦੱਸਦੇ ਹਨ ਕਿ ਮੋਦੀ 'ਤੇ ਵੈਂਕੱਈਆ ਦਾ ਇਕ ਪੁਰਾਣਾ ਕਰਜ਼ਾ ਹੈ। ਜਦੋਂ ਮੋਦੀ ਗੁਜਰਾਤ ਦੇ ਦੰਗਿਆਂ ਦੇ ਝੰਜਟ ਨਾਲ ਜੂਝ ਰਹੇ ਸਨ, ਉਦੋਂ ਵੈਂਕੱਈਆ ਨਾਇਡੂ ਪਾਰਟੀ ਦੇ ਪ੍ਰਧਾਨ ਸਨ ਅਤੇ ਮੋਦੀ-ਹਿਰੇਨ ਪਾਂਡਿਆ ਦਰਮਿਆਨ ਤਣਾਅ ਚੱਲ ਰਿਹਾ ਸੀ। ਉਦੋਂ ਮੋਦੀ ਨੂੰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਇਹ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਹ ਪਾਂਡਿਆ ਨੂੰ ਗ਼ੈਰ-ਜ਼ਰੂਰੀ ਤੌਰ 'ਤੇ ਆਪਣਾ 'ਪ੍ਰੈਸਟਿਜ ਇਸ਼ੂ' ਨਾ ਬਣਾਉਣ ਪਰ ਮੋਦੀ ਨੇ ਇਸ 'ਤੇ ਜਵਾਬ ਦਿੱਤਾ ਕਿ :
''ਗੁਨਾਹ ਕਿਸੇ ਹੋਰ ਦਾ ਅਤੇ ਗੁਨਾਹਗਾਰ ਮੈਨੂੰ ਠਹਿਰਾਇਆ ਜਾ ਰਿਹਾ ਹੈ?'' ਸੂਤਰਾਂ ਦਾ ਦਾਅਵਾ ਹੈ ਕਿ ਉਦੋਂ ਮੋਦੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪਾਰਟੀ ਪ੍ਰਧਾਨ ਵੈਂਕੱਈਆ ਨਾਇਡੂ ਨੇ ਪਾਂਡਿਆ ਨੂੰ ਗੁਜਰਾਤ ਦੀਆਂ ਚੋਣਾਂ ਤੋਂ ਦੂਰੀ ਬਣਾਈ ਰੱਖਣ ਲਈ ਕਹਿ ਦਿੱਤਾ ਸੀ ਤੇ ਇਸ ਨੂੰ ਮੋਦੀ ਆਪਣੇ ਉੱਪਰ ਵੈਂਕੱਈਆ ਦਾ ਅਹਿਸਾਨ ਮੰਨਦੇ ਹਨ। ਇਹੋ ਵਜ੍ਹਾ ਹੈ ਕਿ ਇਕ ਅਸਫਲ ਸੰਸਦੀ ਕਾਰਜ ਮੰਤਰੀ ਸਿੱਧ ਹੋਣ ਦੇ ਬਾਵਜੂਦ ਅੱਜ ਵੈਂਕੱਈਆ ਕੋਲ ਸ਼ਹਿਰੀ ਵਿਕਾਸ ਤੇ ਸੂਚਨਾ ਪ੍ਰਸਾਰਣ ਵਰਗੇ ਦੋ ਅਹਿਮ ਮੰਤਰਾਲੇ ਹਨ।
ਦੂਜੇ ਪਾਸੇ ਪਾਰਟੀ ਦਾ ਇਕ ਵਰਗ ਅਜਿਹਾ ਵੀ ਹੈ, ਜੋ ਇਹ ਖਦਸ਼ਾ ਪ੍ਰਗਟਾ ਰਿਹਾ ਹੈ ਕਿ ਜੇਕਰ ਇਕ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਵੈਂਕੱਈਆ ਦਾ ਨਾਂ ਅੱਗੇ ਆਇਆ ਤਾਂ ਉਨ੍ਹਾਂ ਦੇ ਪੁਰਾਣੇ ਕਿੱਸੇ ਵੀ ਸਾਹਮਣੇ ਆ ਜਾਣਗੇ। ਇਨ੍ਹਾਂ 'ਚੋਂ ਇਕ ਪ੍ਰਮੁੱਖ ਦੋਸ਼ ਵੈਂਕੱਈਆ 'ਤੇ ਇਹ ਹੈ ਕਿ ਵਾਜਪਾਈ ਸਰਕਾਰ 'ਚ ਜਦੋਂ ਉਹ ਦਿਹਾਤੀ ਵਿਕਾਸ ਮੰਤਰੀ ਸਨ ਤਾਂ ਆਂਧਰਾ ਦੇ ਪੈਕੇਜ 'ਚ 100 ਕਰੋੜ ਰੁਪਏ ਦੀ ਗੜਬੜ ਹੋ ਗਈ ਸੀ, ਜਿਸ 'ਤੇ ਵਿਰੋਧੀ ਧਿਰ ਨੇ ਲਗਾਤਾਰ 4 ਦਿਨਾਂ ਤਕ ਸੰਸਦ ਨਹੀਂ ਚੱਲਣ ਦਿੱਤੀ ਸੀ।
ਇਕ ਡਾਕਟਰ ਭਾਜਪਾ ਦੇ ਅੰਦਰ
ਇਹ ਸ਼ਖਸ ਕਦੇ ਦਿੱਲੀ ਦੇ ਅਪੋਲੋ ਹਸਪਤਾਲ 'ਚ ਇਕ ਮਾਮੂਲੀ ਡਾਕਟਰ ਸਨ ਪਰ ਅੱਜ ਉਨ੍ਹਾਂ ਦੇ ਹੱਥ ਦੋ ਸੂਬਿਆਂ 'ਚ ਭਗਵਾ ਸੱਤਾ ਦੀ ਨਬਜ਼ ਹੈ। ਉਹ ਪਾਰਟੀ ਪ੍ਰਧਾਨ ਦੇ ਬਹੁਤ ਜ਼ਿਆਦਾ ਨੇੜੇ ਹਨ, ਸੋ ਪਾਰਟੀ ਸੰਗਠਨ 'ਚ ਨਾ ਸਿਰਫ ਉਨ੍ਹਾਂ ਨੂੰ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਹੈ ਸਗੋਂ ਦੋ ਅਹਿਮ ਸੂਬਿਆਂ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਇਨ੍ਹਾਂ ਦੋਹਾਂ ਸੂਬਿਆਂ 'ਚ ਭਾਜਪਾ ਹੀ ਸੱਤਾ 'ਚ ਹੈ।
ਪਾਰਟੀ ਪ੍ਰਧਾਨ ਦੀ ਕਿਰਪਾ ਨੇ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਸੂਬਿਆਂ ਦਾ 'ਇਕਛਤਰ ਸ਼ਾਹ' ਬਣਾ ਦਿੱਤਾ ਹੈ, ਪਾਰਟੀ ਦੇ ਕੇਂਦਰੀ ਦਫਤਰ 14, ਅਸ਼ੋਕ ਰੋਡ, ਵਿਚ ਲਗਜ਼ਰੀ ਕਮਰਾ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦੀ ਸਿਆਸੀ ਦੁਕਾਨ ਖੂਬ ਚੱਲ ਪਈ ਹੈ।
ਉਨ੍ਹਾਂ ਦੇ ਹਾਵ-ਭਾਵ ਵੀ ਬਦਲ ਗਏ ਹਨ ਅਤੇ ਭਾਜਪਾ ਦੇ ਸ਼ਾਸਨ ਵਾਲੇ ਇਕ ਉੱਤਰ ਭਾਰਤੀ ਸੂਬੇ ਦੇ ਸਾਰੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਨੇ ਇਕ ਅਣਐਲਾਨਿਆ ਫਰਮਾਨ ਜਾਰੀ ਕੀਤਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਪਾਰਟੀ ਦਫਤਰ 'ਚ ਆਉਣ ਤੇ ਉਨ੍ਹਾਂ ਤੋਂ ਦਿਸ਼ਾ-ਨਿਰਦੇਸ਼ ਲੈਣ।
ਪਾਰਟੀ ਦੇ ਵਿਧਾਇਕਾਂ ਤੇ ਅਹੁਦੇਦਾਰਾਂ ਲਈ ਵੀ ਲੱਗਭਗ ਇਹੋ ਆਦੇਸ਼ ਸਨ। ਸੋ ਉਹ ਸਾਰੇ ਉਨ੍ਹਾਂ ਕੋਲ ਆਉਂਦੇ ਗਏ ਅਤੇ ਸਿਰ ਝੁਕਾ ਕੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਦੇ ਰਹੇ ਪਰ ਉਸੇ ਸੂਬੇ ਤੋਂ ਆਉਣ ਵਾਲੇ ਇਕ ਧਾਕੜ ਐੱਮ. ਪੀ. ਨੇ ਡਾਕਟਰ ਸਾਹਿਬ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੂੰ ਜੋ ਦਿਸ਼ਾ-ਨਿਰਦੇਸ਼ ਚਾਹੀਦੇ ਹਨ, ਉਹ ਪਾਰਟੀ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਤੋਂ ਮਿਲ ਜਾਂਦੇ ਹਨ, ਫਿਰ ਹਰ ਜਗ੍ਹਾ ਸਿਰ ਝੁਕਾਉਣ ਦੀ ਕੀ ਲੋੜ ਹੈ।
ਦੋਹਾਂ ਦਰਮਿਆਨ ਤਲਵਾਰਾਂ ਖਿੱਚੀਆਂ ਗਈਆਂ ਹਨ। ਡਾਕਟਰ ਸਾਹਿਬ ਨੇ ਉਸ ਐੱਮ. ਪੀ. ਦੇ ਸਾਹਮਣੇ ਅਹਿਮ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਕਿ 'ਅਗਲੀ ਵਾਰ ਟਿਕਟ ਲੈ ਕੇ ਦਿਖਾਉਣਾ।' ਅੱਗਿਓਂ ਸੰਸਦ ਮੈਂਬਰ ਵੀ ਘੱਟ ਨਹੀਂ। ਉਨ੍ਹਾਂ ਨੇ ਠਾਣ ਲਿਆ ਹੈ ਕਿ ਉਹ ਇਸ ਦੁਬਲੇ-ਪਤਲੇ ਡਾਕਟਰ ਨੂੰ ਸਿਆਸੀ ਪਟਕਣੀ ਦੇ ਕੇ ਹੀ ਰਹਿਣਗੇ।
ਚਿਦਾਂਬਰਮ 'ਤੇ ਚੱਲ ਸਕਦੈ ਦੇਸ਼ਧ੍ਰੋਹ ਦਾ ਮੁਕੱਦਮਾ
ਕੇਂਦਰ ਸਰਕਾਰ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਦੀ ਕੁੰਡਲੀ ਖੰਗਾਲਣ 'ਚ ਲੱਗੀ ਹੋਈ ਹੈ। ਜੇਕਰ ਸੂਤਰਾਂ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾਵੇ ਤਾਂ ਆਉਣ ਵਾਲੇ ਦਿਨਾਂ 'ਚ ਚਿਦਾਂਬਰਮ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਚੱਲ ਸਕਦਾ ਹੈ।
ਯਾਦ ਰਹੇ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਲੰਬੇ ਸਮੇਂ ਤੋਂ ਚਿਦਾਂਬਰਮ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕਰ ਰਹੇ ਹਨ। ਸਵਾਮੀ ਨੇ ਜਾਂਚ ਏਜੰਸੀਆਂ ਸਾਹਮਣੇ ਸਬੂਤ ਵੀ ਪੇਸ਼ ਕੀਤੇ ਹਨ ਕਿ ਜਦੋਂ 1996 'ਚ ਕੇਂਦਰ 'ਚ ਦੇਵੇਗੌੜਾ ਦੀ ਸਰਕਾਰ ਸੀ ਅਤੇ ਚਿਦਾਂਬਰਮ ਉਸ 'ਚ ਵਿੱਤ ਮੰਤਰੀ ਸਨ ਤਾਂ ਉਨ੍ਹਾਂ ਨੇ ਭਾਰਤੀ ਕਰੰਸੀ ਲਈ ਕਾਗਜ਼ ਖਰੀਦਣ ਅਤੇ ਕਰੰਸੀ ਛਾਪਣ ਦਾ ਠੇਕਾ ਇਕ ਬ੍ਰਿਟਿਸ਼ ਕੰਪਨੀ 'ਦੇ ਲਾ ਰੂ' ਨੂੰ ਦੇ ਦਿੱਤਾ ਸੀ।
ਚਿਦਾਂਬਰਮ 'ਤੇ ਇਹ ਵੀ ਦੋਸ਼ ਲੱਗਦੇ ਹਨ ਕਿ ਉਨ੍ਹਾਂ ਨੇ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਪੁੱਛਣ ਦੀ ਲੋੜ ਨਹੀਂ ਸਮਝੀ। ਸਵਾਲ ਇਹ ਵੀ ਉੱਠਦੇ ਹਨ ਕਿ ਕੀ ਇਹ ਸਿਰਫ ਇਤਫਾਕ ਸੀ ਕਿ ਇਹ ਬ੍ਰਿਟਿਸ਼ ਕੰਪਨੀ ਉਹੀ ਸੀ, ਜਿਹੜੀ ਪਾਕਿਸਤਾਨੀ ਕਰੰਸੀ ਵੀ ਛਾਪਦੀ ਸੀ?
ਕਿਹਾ ਜਾਂਦਾ ਹੈ ਕਿ ਦੁਸ਼ਮਣ ਦੇਸ਼ ਪਾਕਿਸਤਾਨ ਨੂੰ ਭਾਰਤੀ ਕਰੰਸੀ ਦਾ ਕਾਗਜ਼ ਹਾਸਿਲ ਕਰਨ ਲਈ ਇਸ ਨਾਲ ਇਕ ਸੌਖਾ ਰਾਹ ਮਿਲ ਗਿਆ ਤੇ ਭਾਰਤ 'ਚ ਕਸ਼ਮੀਰ ਦੇ ਰਸਤੇ ਜਾਅਲੀ ਭਾਰਤੀ ਕਰੰਸੀ ਪਹੁੰਚਣ ਦਾ ਸਿਲਸਿਲਾ ਕਾਇਮ ਹੋ ਗਿਆ, ਜਿਸ 'ਤੇ ਅੱਜ ਵੀ ਠੀਕ ਢੰਗ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਪੀ. ਐੱਮ. ਓ. ਨਾਲ ਜੁੜੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਮੋਦੀ ਨੇ ਆਪਣੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਬੁਲਾ ਕੇ ਦੋ-ਟੁੱਕ ਕਹਿ ਦਿੱਤਾ ਹੈ ਕਿ ਚਿਦਾਂਬਰਮ ਵਿਰੁੱਧ ਸਾਰੇ ਦਸਤਾਵੇਜ਼ ਸਹੀ ਢੰਗ ਨਾਲ ਇਕੱਠੇ ਕੀਤੇ ਜਾਣ ਅਤੇ ਜਾਂਚ ਏਜੰਸੀਆਂ ਦੇ ਹਵਾਲੇ ਕੀਤੇ ਜਾਣ।
ਸ਼ਾਟਗਨ ਦਾ ਸੁਸ਼ੀਲ ਮੋਦੀ ਵਿਰੁੱਧ ਮੋਰਚਾ
ਆਪਣੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਉਰਫ ਸ਼ਾਟਗਨ ਨੇ ਬਿਹਾਰ ਭਾਜਪਾ ਦੇ ਮਹਾਬਲੀ ਸੁਸ਼ੀਲ ਮੋਦੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ਼ਾਟਗਨ ਚਾਹੁੰਦੇ ਹਨ ਕਿ ਪਾਰਟੀ ਹਾਈਕਮਾਨ ਬਿਨਾਂ ਕਿਸੇ ਦੇਰੀ ਦੇ ਸਾਰੇ ਪਾਰਟੀ ਅਹੁਦਿਆਂ ਤੋਂ ਉਨ੍ਹਾਂ ਦੀ ਛੁੱਟੀ ਕਰੇ।
ਸ਼ਾਟਗਨ ਦੇ ਸਮਰਥਨ 'ਚ 'ਸ਼ਤਰੂਘਨ ਸਿਨ੍ਹਾ ਫੈਨਜ਼ ਕਲੱਬ' ਛੇਤੀ ਹੀ ਸੁਸ਼ੀਲ ਮੋਦੀ ਨੂੰ ਹਟਾਉਣ ਲਈ ਇਕ ਵੱਡੀ ਦਸਤਖਤ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਤੋਂ ਬਾਅਦ ਇਹ ਦਸਤਖਤ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਭੇਜੇ ਜਾਣਗੇ ਤਾਂ ਕਿ ਉਹ ਬਿਹਾਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਣ।
ਸੂਤਰ ਦੱਸਦੇ ਹਨ ਕਿ ਸ਼ਾਟਗਨ ਸੁਸ਼ੀਲ ਮੋਦੀ ਤੋਂ ਇਸ ਗੱਲੋਂ ਖਫਾ ਹਨ ਕਿ ਉਨ੍ਹਾਂ ਨੇ ਵੇਲੇ-ਕੁਵੇਲੇ ਸ਼ਤਰੂਘਨ 'ਤੇ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਪਰ ਸ਼ਤਰੂਘਨ ਦੀ ਦਿੱਕਤ ਇਹ ਹੈ ਕਿ ਬਿਹਾਰ ਭਾਜਪਾ ਦਾ ਕੋਈ ਵੀ ਵੱਡਾ ਨੇਤਾ ਉਨ੍ਹਾਂ ਨੂੰ ਸਮਰਥਨ ਦੇਣ ਲਈ ਅੱਗੇ ਨਹੀਂ ਆ ਰਿਹਾ।
ਮੋਦੀ ਦੀਆਂ ਤਾਕਤਾਂ ਹੀ ਉਨ੍ਹਾਂ ਦੀਆਂ ਕਮਜ਼ੋਰੀਆਂ ਬਣ ਰਹੀਆਂ ਹਨ
NEXT STORY