ਨਵੀਂ ਦਿੱਲੀ - ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਵਿਸ਼ਵ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਖਿਡਾਰਨਾਂ ਦੀ ਸੂਚੀ ਵਿਚ ਟਾਪ-10 ਵਿਚ ਸ਼ਾਮਲ ਹੋ ਗਈ ਹੈ। ਪ੍ਰਸਿੱਧ ਫੋਰਬਸ ਪੱਤ੍ਰਿਕਾ ਵੱਲੋਂ ਜਾਰੀ ਟਾਪ-10 ਖਿਡਾਰਨਾਂ ਦੀ ਸੂਚੀ ਵਿਚ ਸਿੰਧੂ 7ਵੇਂ ਸਥਾਨ 'ਤੇ ਹੈ। ਇਸ ਸੂਚੀ ਵਿਚ ਚੋਟੀ 'ਤੇ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਹੈ।
ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੈਡਮਿੰਟਨ ਨੂੰ ਪੂਰਨ ਰੂਪ ਨਾਲ ਵਪਾਰਕ ਖੇਡ ਦਾ ਦਰਜਾ ਪ੍ਰਾਪਤ ਨਹੀਂ ਹੈ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਜੂਨ 2017 ਤੋਂ ਲੈ ਕੇ ਜੂਨ 2018 ਵਿਚਾਲੇ ਕੁਲ 85 ਲੱਖ ਡਾਲਰ ਦੀ ਕਮਾਈ ਕੀਤੀ ਹੈ। ਉਸਦੀ ਇਸ ਕਮਾਈ ਵਿਚ ਪੁਰਸਕਾਰ ਰਾਸ਼ੀ ਦੇ ਇਲਾਵਾ ਇਸ਼ਤਿਹਾਰਾਂ ਰਾਹੀਂ ਮਿਲਣ ਵਾਲਾ ਪੈਸਾ ਵੀ ਸ਼ਾਮਲ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਇਸ ਸੂਚੀ ਵਿਚ ਸਿੰਧੂ ਤੋਂ ਪਿੱਛੇ ਰਹਿ ਕੇ 8ਵੇਂ ਸਥਾਨ 'ਤੇ ਹੈ। ਇਹ ਵੀ ਦਿਲਚਸਪ ਹੈ ਕਿ ਸਿੰਧੂ ਨੂੰ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਣ ਤੋਂ ਬਅਦ ਵੱਖ-ਵੱਖ ਸੂਬਾ ਸਰਕਾਰਾਂ ਤੇ ਸਰਕਾਰੀ ਅਦਾਰਿਆਂ ਤੋਂ ਕਰੀਬ 13 ਕਰੋੜ ਰੁਪਏ ਨਕਦ ਇਨਾਮਾਂ ਵਿਚ ਮਿਲੇ ਸਨ, ਜਦਕਿ ਉਸ ਨੂੰ ਹਰਾਉਣ ਵਾਲੀ ਕੈਰੋਲਿਨਾ ਮਾਰਿਨ ਨੂੰ ਉਸਦੀ ਸਪੇਨ ਸਰਕਾਰ ਤੋਂ ਸਿਰਫ 70 ਲੱਖ ਰੁਪਏ ਹੀ ਮਿਲੇ ਸਨ।
23 ਸਾਲਾ ਸਿੰਧੂ ਨੇ ਇਸ਼ਤਿਹਾਰ ਨੂੰ ਲੈ ਕੇ ਕਈ ਵੱਡੀਆਂ ਕੰਪਨੀਆਂ ਨਾਲ ਕਰਾਰ ਕੀਤੇ ਹਨ। ਸਿੰਧੂ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਤੇ ਵਿਜਾਗ ਸਟੀਲ ਦੀ ਬਰਾਂਡ ਅੰਬੈਸਡਰ ਵੀ ਹੈ। ਸੇਰੇਨਾ ਨੇ ਪਿਛਲੇ ਸਾਲ ਬੇਟੀ ਨੂੰ ਜਨਮ ਦਿੱਤਾ ਸੀ। ਸੇਰੇਨਾ ਵਿਲੀਅਮਸ ਦੇ ਗਰਭਵਤੀ ਹੋਣ ਦੇ ਬਾਵਜੂਦ ਉਸਦੀ ਸਾਲਾਨਾ ਕਮਾਈ ਕਰੀਬ 18 ਮਿਲੀਅਨ ਡਾਲਰ ਰਹੀ ਹੈ, ਜਿਸ ਕਾਰਨ ਇਸ ਸੂਚੀ ਵਿਚ ਉਹ ਚੋਟੀ 'ਤੇ ਹੈ।
ਬੋਪੰਨਾ-ਦਿਵਿਜ ਸ਼ਰਣ ਸੋਨ ਤਮਗੇ ਦੇ ਮੈਚ 'ਚ; ਪ੍ਰਜਨੇਸ਼ ਦਾ ਤਮਗਾ ਪੱਕਾ
NEXT STORY