ਸ਼ੰਘਾਈ–ਏਸ਼ੀਆਈ ਖੇਡਾਂ ਦੀ ਚੈਂਪੀਅਨ ਜਯੋਤੀ ਸੁਰੇਖਾ ਵੇਨਮ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਸ਼ਨੀਵਾਰ ਨੂੰ ਇੱਥੇ ਸ਼ੰਘਾਈ ਵਿਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਗੇੜ ਵਿਚ ਸੋਨ ਤਮਗਿਆਂ ਦੀ ਹੈਟ੍ਰਿਕ ਬਣਾ ਕੇ ਭਾਰਤੀ ਦਬਦਬੇ ਦੀ ਅਗਵਾਈ ਕੀਤੀ, ਜਿਸ ਵਿਚ ਕੰਪਾਊਂਡ ਤੀਰਅੰਦਾਜ਼ਾਂ ਨੇ 5 ਤਮਗੇ ਜਿੱਤੇ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਜਯੋਤੀ ਨੇ ਸੈਸ਼ਨ ਦੇ ਸ਼ੁਰੂਆਤੀ ਵਿਸ਼ਵ ਪੱਧਰੀ ਟੂਰਨਾਮੈਂਟ ਵਿਚ ਮੈਕਸੀਕੋ ਦੀ ਚੋਟੀ ਦਰਜਾ ਪ੍ਰਾਪਤ ਆਂਦ੍ਰਿਯਾ ਬੇਸੇਰਾ ਨੂੰ ਸ਼ੂਟਆਫ ਵਿਚ 146=146 (9*-9) ਨਾਲ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ, ਜਿਸ ਨਾਲ ਉਹ ਤਿੰਨ ਵਾਰ ਦੀ ਓਲੰਪੀਅਨ ਦੀਪਿਕਾ ਕੁਮਾਰੀ ਤੋਂ ਬਾਅਦ ਇਕ ਵਿਸ਼ਵ ਕੱਪ ਵਿਚ ਤਿੰਨ ਸੋਨ ਤਮਗੇ ਜਿੱਤਣ ਵਾਲੀ ਦੂਜੀ ਭਾਰਤੀ ਬਣੀ। ਸਾਬਕਾ ਨੰਬਰ ਇਕ ਤੀਰਅੰਦਾਜ਼ ਦੀਪਿਕਾ ਨੇ ਜੂਨ 2021 ਵਿਚ ਪੈਰਿਸ ਵਿਸ਼ਵ ਕੱਪ ਦੇ ਤੀਜੇ ਗੇੜ ਵਿਚ ਇਹ ਕਾਰਨਾਮਾ ਕੀਤਾ ਸੀ।
ਜਯੋਤੀ ਨੇ ਇਸ ਤਰ੍ਹਾਂ ਪਿਛਲੇ ਸਾਲ ਹਾਂਗਝੋਊ ਏਸ਼ਿਆਡ ਦੀ ਉਪਲੱਬਧੀ ਦੀ ਬਰਾਬਰੀ ਕੀਤੀ, ਜਿਸ ਵਿਚ ਵਿਜਯਵਾੜਾ ਦੀ 27 ਸਾਲਾ ਤੀਰਅੰਦਾਜ਼ ਨੇ ਵਿਅਕਤੀਗਤ, ਮਹਿਲਾ ਟੀਮ ਤੇ ਮਿਕਸਡ ਟੀਮ ਪ੍ਰਤੀਯੋਗਿਤਾਵਾਂ ਵਿਚ ਜਿੱਤ ਹਾਸਲ ਕਰਦੇ ਹੋਏ ਸੋਨ ਤਮਗਿਆਂ ਦੀ ਹੈਟ੍ਰਿਕ ਲਾਈ ਸੀ।
ਨੌਜਵਾਨ ਪ੍ਰਿਯਾਂਸ਼ ਨੇ ਪੁਰਸ਼ ਵਿਅਕਤੀਗਤ ਵਰਗ ਵਿਚ ਚਾਂਦੀ ਦੇ ਰੂਪ ਵਿਚ ਆਪਣਾ ਪਹਿਲਾ ਵਿਸ਼ਵ ਕੱਪ ਤਮਗਾ ਜਿੱਤਿਆ। ਆਪਣੇ ਦੂਜੇ ਵਿਸ਼ਵ ਕੱਪ ਵਿਚ 21 ਸਾਲਾ ਤੀਰਅੰਦਾਜ਼ ਨੇ 2021 ਦੇ ਵਿਸ਼ਵ ਚੈਂਪੀਅਨ ਨਿਕੋ ਵੀਨਰ ਹੱਥੋਂ ਹਾਰ ਕੇ ਦੂਜਾ ਸਥਾਨ ਹਾਸਲ ਕੀਤਾ।
ਸਵੇਰ ਦੇ ਸੈਸ਼ਨ ਵਿਚ ਭਾਰਤ ਨੇ ਗੈਰ-ਓਲੰਪਿਕ ਕੰਪਾਊਂਡ ਤੀਰਅੰਦਾਜ਼ੀ ਵਿਚ ਆਪਣਾ ਦਬਦਬਾ ਬਣਾਉਂਦੇ ਹੋਏ ਟੀਮ ਪ੍ਰਤੀਯੋਗਿਤਾਵਾਂ ਵਿਚ ਕਲੀਨ ਸਵੀਪ ਕਰਦੇ ਹੋਏ ਸੋਨ ਤਮਗਿਆਂ ਦੀ ਹੈਟ੍ਰਿਕ ਲਾਈ ਤੇ ਪੁਰਸ਼ ਟੀਮ, ਮਹਿਲਾ ਟੀਮ ਤੇ ਮਿਕਸਡ ਟੀਮ ਪ੍ਰਤੀਯੋਗਿਤਾ ਜਿੱਤੀ। ਇਨ੍ਹਾਂ ਵਿਚੋਂ ਦੋ ਵਿਚ ਜਯੋਤੀ ਟੀਮ ਦਾ ਹਿੱਸਾ ਰਹੀ। ਜਯੋਤੀ ਸੁਰੇਖਾ ਵੇਨਮ, ਅਦਿੱਤੀ ਸਵਾਮੀ ਤੇ ਪਰਣੀਤ ਕੌਰ ਦੀ ਤਿੱਕੜੀ ਨੇ ਮਹਿਲਾ ਕੰਪਾਊਂਡ ਟੀਮ ਪ੍ਰਤੀਯੋਗਿਤਾ ਵਿਚ ਇਟਲੀ ਨੂੰ 236-225 ਨਾਲ ਹਰਾਇਆ। ਭਾਰਤੀ ਤਿੱਕੜੀ ਨੇ 24 ਤੀਰਾਂ ਵਿਚੋਂ ਸਿਰਫ 4 ਅੰਕ ਗੁਆਏ ਤੇ 6ਵਾਂ ਦਰਜਾ ਪ੍ਰਾਪਤ ਇਟਲੀ ਨੂੰ ਵੱਡੇ ਫਰਕ ਨਾਲ ਹਰਾ ਕੇ ਸੋਨ ਤਮਗੇ ਨਾਲ ਖਾਤਾ ਖੋਲ੍ਹਿਆ। ਪੁਰਸ਼ ਟੀਮ ਵਿਚ ਅਭਿਸ਼ੇਕ ਵਰਮਾ, ਪ੍ਰਿਯਾਂਸ਼ ਤੇ ਪ੍ਰਥਮੇਸ਼ ਐੱਫ. ਨੇ ਨੀਦਰਲੈਂਡ ਨੂੰ 238-231 ਨਾਲ ਹਰਾਇਆ।
ਇਸ ਤੋਂ ਬਾਅਦ ਭਾਰਤ ਦੀ ਮਿਕਸਡ ਟੀਮ ਨੇ ਕੰਪਾਊਂਡ ਵਰਗ ਵਿਚ ਤੀਜਾ ਸੋਨਾ ਜਿੱਤ ਕੇ ਕਲੀਨ ਸਵੀਪ ਕੀਤਾ। ਦੂਜਾ ਦਰਜਾ ਪ੍ਰਾਪਤ ਜਯੋਤੀ ਤੇ ਅਭਿਸ਼ੇਕ ਦੀ ਜੋੜੀ ਨੇ ਐਸਤੋਨੀਆ ਦੀ ਲਿਸੇਲ ਜਾਤਮਾ ਤੇ ਰੌਬਿਨ ਜਾਤਮਾ ਦੀ ਮਿਕਸਡ ਜੋੜੀ ਨੂੰ ਰੋਮਾਂਚਕ ਮੁਕਾਬਲੇ ਵਿਚ 158-157 ਨਾਲ ਹਰਾਇਆ। ਮੌਜੂਦਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਜਯੋਤੀ ਲਈ ਇਹ ਦੋਹਰਾ ਸੋਨ ਤਮਗਾ ਸੀ। ਉਹ ਵਿਅਕਤੀਗਤ ਪ੍ਰਤੀਯੋਗਿਤਾ ਵਿਚ ਸੋਨ ਤਮਗੇ ਦੀ ਦੌੜ ਵਿਚ ਹੈ ਤੇ ਦਿਨ ਦੇ ਅੰਤ ਵਿਚ ਆਪਣਾ ਸੈਮੀਫਾਈਨਲ ਖੇਡੇਗੀ।
IPL 2024: ਹੈਦਰਾਬਾਦ ਖਿਲਾਫ ਜਿੱਤ ਲਈ ਬੇਤਾਬ ਹੋਵੇਗੀ CSK, ਦੇਖੋ ਸੰਭਾਵਿਤ 11
NEXT STORY