ਮੁੰਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਾਅਦਾ ਕੀਤਾ ਹੈ ਕਿ ਉਹ ਆਸਟਰੇਲੀਆ ਦੌਰੇ 'ਤੇ ਖੁਦ 'ਤੇ ਪੂਰੀ ਤਰ੍ਹਾਂ ਕਾਬੂ ਰੱਖੇਗਾ ਪਰ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਕੰਗਾਰੂਆਂ ਨੇ ਮੈਦਾਨ 'ਤੇ ਸਲੇਜ਼ਿੰਗ ਕਰਨ ਦੀ ਜ਼ਰਾ ਵੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ੁਬਾਨ ਵਿਚ ਜਵਾਬ ਦਿੱਤਾ ਜਾਵੇਗਾ।
ਵਿਰਾਟ ਨੇ ਕੋਚ ਰਵੀ ਸ਼ਾਸਤਰੀ ਨਾਲ ਆਸਟਰੇਲੀਆ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਸਖਤ ਸ਼ਬਦਾਂ ਵਿਚ ਇਹ ਗੱਲ ਕਹੀ। ਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 21 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਤੋਂ ਬਾਅਦ 6 ਦਸੰਬਰ ਤੋਂ ਚਾਰ ਟੈਸਟਾਂ ਦੀ ਸੀਰੀਜ਼ ਖੇਡੀ ਜਾਵੇਗੀ। ਤਿੰਨ ਵਨ ਡੇ ਮੁਕਾਬਲੇ ਜਨਵਰੀ ਵਿਚ ਹੋਣਗੇ।
ਭਾਰਤ ਤੇ ਆਸਟਰੇਲੀਆ ਵਿਚਾਲੇ ਮੈਦਾਨ 'ਤੇ ਜ਼ਬਰਦਸਤ ਤਾਅਨੇ-ਮੇਹਣਿਆਂ ਦਾ ਇਤਿਹਾਸ ਰਿਹਾ ਹੈ। ਪਿਛਲੀਆਂ ਦੋ ਲੜੀਆਂ ਤਾਂ ਖਾਸ ਤੌਰ 'ਤੇ ਇਨ੍ਹਾਂ ਗੱਲਾਂ ਲਈ ਮਸ਼ਹੂਰ ਰਹੀਆਂ। ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਦੇ ਬੈਂਗਲੁਰੂ ਟੈਸਟ ਵਿਚ ਡੀ. ਆਰ. ਐੱਸ. ਦੀ ਮਦਦ ਲੈਣ ਲਈ ਡ੍ਰੈਸਿੰਗ ਰੂਮ ਵੱਲ ਦੇਖਣ ਤੇ ਫਿਰ ਬੇਨ ਡੈੱਡ ਲਈ ਮੁਆਫੀ ਮੰਗਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਭਾਰਤੀ ਕਪਤਾਨ ਵਿਰਾਟ ਨੇ ਕਿਹਾ ਸੀ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸਮਿਥ ਨੇ ਧੋਖਾਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ।
4 ਮੈਚਾਂ ਦੀ ਸੀਰੀਜ਼ ਤੋਂ ਬਾਅਦ ਵਿਰਾਟ ਤੇ ਕਈ ਆਸਟਰੇਲੀਆਈ ਖਿਡਾਰੀਆਂ ਦੇ ਸਬੰਧਾਂ ਵਿਚ ਕੁੜੱਤਣ ਆ ਗਈ ਸੀ। ਇਸ ਸਬੰਧ ਵਿਚ ਪੁੱਛੇ ਜਾਣ 'ਤੇ ਵਿਰਾਟ ਨੇ ਕਿਹਾ, ''ਮੈਦਾਨ 'ਤੇ ਜਦੋਂ ਵੀ ਕਿਸੇ ਗੱਲ 'ਤੇ ਬਹਿਸ ਨੂੰ ਲੈ ਕੇ ਕੋਈ ਮੁੱਦਾ ਉਠਦਾ ਹੈ ਤਾਂ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮੈਂ ਇਨ੍ਹਾਂ ਵਿਚ ਨਾ ਉਲਝਾਂ। ਮੈਨੂੰ ਆਪਣੀ ਸਮਰੱਥਾ 'ਤੇ ਪੂਰਾ ਭਰੋਸਾ ਹੈ। ਉਹ ਅਪ੍ਰਪੱਕ ਚੀਜ਼ਾਂ ਸਨ, ਜਿਹੜੀਆਂ ਮੈਂ ਕਰਿਆ ਕਰਦਾ ਸੀ ਪਰ ਉਦੋਂ ਮੈਂ ਵੱਧ ਨੌਜਵਾਨ ਸੀ। ਹੁਣ ਟੀਮ ਦਾ ਕਪਤਾਨ ਹੋਣ ਦੇ ਨਾਤੇ ਤੁਹਾਡੇ ਕੋਲ ਇਨ੍ਹਾਂ ਸਭ ਗੱਲਾਂ ਨੂੰ ਸੋਚਣ ਲਈ ਸਮਾਂ ਨਹੀਂ ਹੈ। ਤੁਹਾਨੂੰ ਆਪਣੀ ਟੀਮ 'ਤੇ ਧਿਆਨ ਦੇਣਾ ਹੈ।''
ਭਾਰਤੀ ਕਪਤਾਨ ਨੇ ਦਾਅਵਾ ਕੀਤਾ ਕਿ ਟੀਮ ਇੰਡੀਆ ਕਦੇ ਵੀ ਸਲੇਜ਼ਿੰਗ ਸ਼ੁਰੂ ਨਹੀਂ ਕਰਦੀ ਤੇ ਉਸਦੇ ਖਿਡਾਰੀ ਉਦੋਂ ਹੀ ਜਵਾਬ ਦਿੰਦੇ ਹਨ, ਜਦੋਂ ਉਨ੍ਹਾਂ ਨੂੰ ਭੜਕਾਇਆ ਜਾਂਦਾ ਹੈ। ਉਸ ਨੇ ਕਿਹਾ ਕਿ ਜਦੋਂ ਤਕ ਕੁਝ ਸ਼ੁਰੂ ਨਹੀਂ ਕੀਤਾ ਜਾਂਦਾ ਹੈ, ਉਦੋਂ ਤਕ ਅਸੀਂ ਸ਼ਾਂਤੀ ਨਾਲ ਖੇਡਦੇ ਹਾਂ ਪਰ ਜੇਕਰ ਵਿਰੋਧੀ ਟੀਮ ਭੜਕਾਉਣ ਵਰਗਾ ਕੰਮ ਕਰਦੀ ਹੈ ਤਾਂ ਅਸੀਂ ਪਿੱਛੇ ਨਹੀਂ ਹਟਦੇ।
218 ਦੌੜਾਂ ਦੀ ਜਿੱਤ ਨਾਲ ਬੰਗਲਾਦੇਸ਼ ਨੇ ਡਰਾਅ ਕਰਵਾਈ ਸੀਰੀਜ਼
NEXT STORY