ਨੂਰ ਸੁਲਤਾਨ— ਵਿਸ਼ਵ ਦੇ ਨੰਬਰ ਇਕ ਪਹਿਲਵਾਨ ਬਜਰੰਗ ਪੂਨੀਆ (65) ਅਤੇ ਰਵੀ ਕੁਮਾਰ (57) ਇਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ-2019 ਵਿਚ ਵੀਰਵਾਰ ਨੂੰ ਆਪਣੇ-ਆਪਣੇ ਫ੍ਰੀ ਸਟਾਈਲ ਭਾਰ ਵਰਗਾਂ ਦੇ ਸੈਮੀਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਹੁਣ ਕਾਂਸੀ ਤਮਗਾ ਮੁਕਾਬਲੇ ਲਈ ਉਤਰਨਗੇ। ਇਸਦੇ ਨਾਲ ਹੀ ਦੋਵਾਂ ਨੇ ਦੇਸ਼ ਨੂੰ 2020 ਟੋਕੀਓ ਓਲੰਪਿਕ ਦਾ ਕੋਟਾ ਦਿਵਾ ਦਿੱਤਾ। ਭਾਰਤ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਹੁਣ ਤਕ 3 ਓਲੰਪਿਕ ਕੋਟਾ ਸਥਾਨ ਮਿਲ ਚੁੱਕੇ ਹਨ। ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ 65 ਕਿ. ਗ੍ਰਾ. ਵਰਗ ਵਿਚ ਦੁਨੀਆ ਦਾ ਨੰਬਰ ਇਕ ਪਹਿਲਵਾਨ ਬਜਰੰਗ ਨੇ ਪੋਲੈਂਡ ਦੇ ਕ੍ਰਿਸਟੋਫ ਬਿਏਨਵਸਕੀ ਨੂੰ ਪਹਿਲੇ ਰਾਊਂਡ ਵਿਚ ਇਕਪਾਸੜ ਅੰਦਾਜ਼ ਵਿਚ 9-2 ਨਾਲ ਹਰਾਇਆ ਸੀ। ਬਜੰਰਗ ਨੇ ਫਿਰ ਪ੍ਰੀ-ਕੁਆਰਟਰ ਫਾਈਨਲ ਵਿਚ ਸਲੋਵਾਕੀਆ ਦੇ ਡੇਵਿਡ ਹਬਾਟ ਨੂੰ 3-0 ਨਾਲ ਹਰਾਇਆ।
ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਬਜਰੰਗ ਨੇ ਕੁਆਰਟਰ ਫਾਈਨਲ ਵਿਚ ਉੱਤਰ ਕੋਰੀਆ ਦੇ ਜੋਂਗ ਚੋਲ ਸੋਨ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਸਥਾਨ ਬਣਾਇਆ, ਜਿੱਥੇ ਉਸ ਨੂੰ ਕਜ਼ਾਕਿਸਤਾਨ ਦੇ ਦੌਲਤ ਨਿਯਾਜਬੇਕੋਵ ਨੇ ਹਰਾ ਦਿੱਤਾ। ਮੁਕਾਬਲਾ ਕਾਫੀ ਸੰਘਰਸ਼ਪੂਰਨ ਰਿਹਾ ਅਤੇ ਅੰਤ ਵਿਚ ਸਕੋਰ 9-9 ਨਾਲ ਬਰਾਬਰ ਰਿਹਾ ਪਰ ਆਖਰੀ ਅੰਕ ਬਟੋਰਨ ਦੇ ਕਾਰਨ ਨਿਯਾਜਬੇਕੋਵ ਜੇਤੂ ਬਣ ਗਿਆ ਅਤੇ ਫਾਈਨਲ ਵਿਚ ਪਹੁੰਚ ਗਿਆ। ਇਸ ਹਾਰ ਦੇ ਨਾਲ ਬਜਰੰਗ ਦਾ ਆਪਣਾ ਤਮਗਾ ਰੰਗ ਬਦਲਣ ਦਾ ਸੁਪਨਾ ਟੁੱਟ ਗਿਆ। ਪਿਛਲਾ ਚਾਂਦੀ ਤਮਗਾ ਜੇਤੂ ਬਜਰੰਗ ਹੁਣ ਕਾਂਸੀ ਤਮਗੇ ਲਈ ਖੇਡੇਗਾ।
ਰਵੀ ਨੇ ਵੀ ਸੈਮੀਫਾਈਨਲ ਵਿਚ ਸਥਾਨ ਬਣਾਇਆ ਪਰ ਸੈਮੀਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਹੁਣ ਉਹ ਕਾਂਸੀ ਤਮਗੇ ਲਈ ਖੇਡੇਗਾ। ਰਵੀ ਨੇ ਪਹਿਲੇ ਰਾਊਂਡ ਵਿਚ ਕੋਰੀਆ ਦੇ ਸੁੰਗਵੋਨ ਕਿਮ ਨੂੰ ਆਸਾਨੀ ਨਾਲ ਨਾਲ 11-0 ਨਾਲ ਹਰਾ ਦਿੱਤਾ। ਰਵੀ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਅਰਮੀਨੀਆ ਦੇ ਆਰਸਨ ਹਾਰੂਤਯੂਨਯਾਨ ਨੂੰ 17-6 ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਕੁਆਰਟਰ ਫਾਈਨਲ ਵਿਚ ਜਾਪਾਨ ਦੇ ਯੂਕੀ ਤਾਕਾਹਾਸ਼ੀ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਵਿਚ ਰਵੀ ਨੂੰ ਰੂਸ ਦੇ ਜਾਵੁਰ ਯੁਗੇਵ ਨੇ 6-4 ਨਾਲ ਹਰਾ ਦਿੱਤਾ। ਰਵੀ ਹੁਣ ਕਾਂਸੀ ਤਮਗੇ ਲਈ ਖੇਡੇਗਾ।
ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਉਤਰੇਗਾ ਸੁਸ਼ੀਲ
NEXT STORY