ਨਵੀਂ ਦਿੱਲੀ- ਇਸੇ ਹਫਤੇ ਤੋਂ ਪੈਰਿਸ 'ਚ ਓਲੰਪਿਕ 2024 ਦਾ ਆਗਾਜ਼ ਹੋਣਾ ਹੈ। ਇਸ ਲਈ ਭਾਰਤੀ ਐਥਲੀਟਾਂ ਦਾ ਦਲ ਪੂਰੀ ਤਰ੍ਹਾਂ ਰਿਕਾਰਡ ਤੋੜ ਮੈਡਲ ਜਿੱਤਣ ਲਈ ਤਿਆਰ ਹੈ। ਇਸ ਵਿਚਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਦੱਸ ਦਿੱਤਾ ਹੈ ਕਿ ਉਹ ਵੀ ਆਪਣੇ ਐਥਲੀਟਾਂ ਤੋਂ ਮੈਡਲਾਂ ਦੀ ਉਮੀਦ ਲਗਾਈ ਬੈਠਾ ਹੈ।
ਇਹੀ ਵਜ੍ਹਾ ਹੈ ਕਿ ਬੀ.ਸੀ.ਸੀ.ਆਈ. ਨੇ ਓਲੰਪਿਕ ਮੁਹਿੰਮ ਨੂੰ ਦੇਖਦੇ ਹੋਏ ਭਾਰਤੀ ਓਲੰਪਿਕ ਐਸੀਸੀਏਸ਼ਨ (ਆਈ.ਓ.ਏ.) ਨੂੰ 8.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਐਲਾਨ ਖੁਦ ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਹੈ।
ਜੈ ਸ਼ਾਹ ਨੇ ਪੋਸਟ 'ਚ ਲਿਖਿਆ- ਮੈਨੂੰ ਇਹ ਐਲਾਨ ਕਰਦੇ ਹੋਏ ਗਰਵ ਹੋ ਰਿਹਾ ਹੈ ਕਿ ਬੀ.ਸੀ.ਸੀ.ਆਈ. ਪੈਰਿਸ ਓਲਿੰਪਿਕ 2024 'ਚ ਭਾਰਤ ਦੀ ਅਗਵਾਈ ਕਰਨ ਵਾਲੇ ਸਾਡੇ ਬਿਹਤਰੀਨ ਐਥਲੀਟਾਂ ਨੂੰ ਸਪੋਰਟ ਕਰੇਗਾ। ਅਸੀਂ ਇਸ ਮੁਹਿੰਮ (ਓਲੰਪਿਕ) ਲਈ ਆਈ.ਓ.ਏ. ਨੂੰ 8.5 ਕਰੋੜ ਰੁਪਏ ਦੇ ਰਹੇ ਹਾਂ।
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਇਸੇ ਸਾਲ ਜੂਨ 'ਚ ਟੀ-20 ਵਰਲਡ ਕੱਪ 2024 ਖਿਤਾਬ ਜਿੱਤਿਆ ਸੀ। ਉਦੋਂ ਬੀ.ਸੀ.ਸੀ.ਆਈ. ਨੇ ਭਾਰਤੀ ਕ੍ਰਿਕਟ ਟੀਮ ਅਤੇ ਸਪੋਰਟਿੰਗ ਸਟਾਫ ਨੂੰ ਬਤੌਰ ਇਨਾਮ 125 ਕਰੋੜ ਰੁਪਏ ਦਿੱਤੇ ਸਨ। 15 ਖਿਡਾਰੀਆਂ ਅਤੇ ਸਾਬਕਾ ਹੈੱਡ ਕੋਚ ਰਾਹੁਲ ਦ੍ਰਾਵਿੜ ਨੂੰ 5-5 ਕਰੋੜ ਰੁਪਏ ਦਿੱਤੇ ਗਏ ਸਨ। ਹਾਲਾਂਕਿ, ਦ੍ਰਾਵਿੜ ਨੇ ਸਿਰਫ 2.5 ਕਰੋੜ ਰੁਪਏ ਹੀ ਲੈਣ ਦੀ ਗੱਲ ਆਖੀ ਸੀ।
ਪੈਰਿਸ ਓਲੰਪਿਕ 'ਚ ਉਤਰਨਗੇ 117 ਭਾਰਤੀ ਐਥਲੀਟਾਂ
ਦੱਸ ਦੇਈਏ ਕਿ ਇਸ ਵਾਰ ਪੈਰਿਸ ਓਲੰਪਿਕ 'ਚ ਭਾਰਤ ਦੇ 117 ਖਿਡਾਰੀ ਭਾਗ ਲੈਣਗੇ। ਖੇਡ ਮੰਤਰਾਲਾ ਨੇ ਇਸ ਤੋਂ ਇਲਾਵਾ ਸਹਿਯੋਗੀ ਸਟਾਫ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ ਵਿਚ ਖੇਡ ਅਧਿਕਾਰੀ ਵੀ ਸ਼ਾਮਲ ਹਨ। ਸਹਿਯੋਗੀ ਸਟਾਫ ਦੇ 72 ਮੈਂਬਰਾਂ ਨੂੰ ਸਰਕਾਰ ਦੇ ਖਰਚੇ 'ਤੇ ਮਨਜ਼ੂਰੀ ਮਿਲੀ ਹੈ। ਪੈਰਿਸ ਓਲੰਪਿਕ ਦਾ ਆਗਾਜ਼ 26 ਜੁਲਾਈ ਨੂੰ ਹੋਵੇਗਾ, ਜੋ 11 ਅਗਸਤ ਤੱਕ ਚੱਲੇਗਾ।
ਰਿਚਾ ਘੋਸ਼ ਨੇ ਮਹਿਲਾ ਏਸ਼ੀਆ ਕੱਪ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਵਿਕਟਕੀਪਰ ਬੱਲੇਬਾਜ਼
NEXT STORY