ਜਲੰਧਰ, (ਜ.ਬ.)- ਕੈਗ ਦਿੱਲੀ ਨੇ ਸੀ.ਆਰ.ਪੀ.ਐੱਫ. ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ’ਚ ਲੀਗ ਦੌਰ ’ਚ ਤਿੰਨ ਅੰਕ ਹਾਸਲ ਕੀਤੇ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਦੇ ਦੂਜੇ ਮੈਚ ’ਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਨੇਵੀ ਦੀਆਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ।
ਪੂਲ-ਡੀ ਦੇ ਮੈਚ ’ਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਭਾਰਤੀ ਨੇਵੀ ਨੇ ਸਖਤ ਟੱਕਰ ਦਿਤੀ। ਇੰਡੀਅਨ ਨੇਵੀ ਵੱਲੋਂ ਆਕਿਬ ਰਹੀਮ ਨੇ 47ਵੇਂ ਮਿੰਟ ਵਿਚ ਤੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸੰਤਾ ਸਿੰਘ ਨੇ 57ਵੇਂ ਮਿੰਟ ਵਿਚ ਗੋਲ ਕੀਤਾ। ਮੈਚ ਬਰਾਬਰ ਰਹਿਣ ਕਾਰਨ ਦੋਵੇਂ ਟੀਮਾਂ ਨੂੰ 1-1 ਅੰਕ ਪ੍ਰਾਪਤ ਹੋਇਆ। ਇਸ ਦੀ 27 ਮਿੰਟ ਦੀ ਖੇਡ ਕੱਲ ਸ਼ਾਮ ਨੂੰ ਖੇਡੀ ਗਈ ਸੀ ਜਦਕਿ ਮੈਚ ਦਾ ਬਾਕੀ ਹਿੱਸਾ ਅੱਜ ਖੇਡਿਆ ਗਿਆ।
ਪੂਲ-ਸੀ ’ਚ ਕੈਗ ਦਿੱਲੀ ਅਤੇ ਸੀ. ਆਰ. ਪੀ.ਐੱਫ. ਦਿੱਲੀ ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ, ਜਿੱਥੇ ਕੈਗ ਦਿੱਲੀ ਵੱਲੋਂ 17ਵੇਂ ਮਿੰਟ ਵਿਚ ਦੀਪਕ ਮਲਿਕ ਤੇ ਹਰੀਸ਼ ਮੁਤਾਗਰ ਨੇ 36ਵੇਂ ਮਿੰਟ ਵਿਚ ਗੋਲ ਕੀਤਾ। ਸੀ.ਆਰ.ਪੀ.ਐੱਫ. ਦਿੱਲੀ ਵੱਲੋਂ 28ਵੇਂ ਮਿੰਟ ਵਿਚ ਸ਼ਰਨਜੀਤ ਸਿੰਘ ਨੇ ਇਕਲੌਤਾ ਗੋਲ ਕੀਤਾ।
ਪੂਲ-ਬੀ ’ਚ ਪੰਜਾਬ ਪੁਲਸ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਖੇਡਿਆ ਗਿਆ। ਪੰਜਾਬ ਪੁਲਸ ਵਲੋਂ ਓਲੰਪੀਅਨ ਰੁਪਿੰਦਰਪਾਲ ਸਿੰਘ, ਓਲੰਪੀਅਨ ਆਕਾਸ਼ਦੀਪ ਸਿੰਘ, ਓਲੰਪੀਅਨ ਗੁਰਬਾਜ ਸਿੰਘ, ਓਲੰਪੀਅਨ ਧਰਮਵੀਰ ਸਿੰਘ, ਓਲੰਪੀਅਨ ਗੁਰਜੰਟ ਸਿੰਘ ਵੱਲੋਂ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਦੂਜੇ ਕੁਆਰਟਰ ਦੇ 29ਵੇਂ ਮਿੰਟ ਵਿਚ ਰੇਲ ਕੋਚ ਫੈਕਟਰੀ ਦੇ ਕਪਤਾਨ ਗੁਰਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਸੀ। ਫਲੱਡ ਲਾਇਟਾਂ ਦੀ ਤਕਨੀਕੀ ਖਰਾਬੀ ਕਾਰਨ ਮੈਚ ਦੇ ਬਾਕੀ ਦੋ ਕੁਆਰਟਰ ਸੋਮਵਾਰ ਬਾਅਦ ਦੁਪਹਿਰ 1:30 ਵਜੇ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਫਲੱਡ ਲਾਈਟਾਂ ਵਿਚ ਤਕਨੀਕੀ ਖਰਾਬੀ ਕਾਰਨ ਕੱਲ ਵੀ ਇਕ ਮੈਚ ਅੱਧਾ ਹੀ ਖੇਡਿਆ ਗਿਆ ਸੀ।
ਅੱਜ ਦੇ ਮੈਚਾਂ ਸਮੇਂ ਤਰਲੋਕ ਸਿੰਘ ਭੁੱਲਰ (ਕੈਨੇਡਾ) ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ’ਤੇ ਲਖਬੀਰ ਸਿੰਘ ਨਾਰਵੇ, ਲਖਵਿੰਦਰ ਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਰਾਣਾ ਟੁੱਟ, ਇਕਬਾਲ ਸਿੰਘ ਸੰਧੂ, ਸੰਦੀਪ ਸਿੰਘ ਘੁੰਮਣ, ਮਨਦੀਪ ਸਿੰਘ ਘੁੰਮਣ, ਗੌਰਵ ਮਹਾਜਨ, ਰਣਦੀਪ ਗੁਪਤਾ, ਕਰਮਬੀਰ ਸਿੰਘ, ਗੌਰਵ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸ਼ੰਮੀ ਨੇ ਬੈਂਗਲੁਰੂ ’ਚ ਕੀਤਾ ਗੇਂਦਬਾਜ਼ੀ ਅਭਿਆਸ
NEXT STORY