ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੇ ਗੰਭੀਰ ਸੱਟ ਤੋਂ ਬਾਅਦ ਮੈਦਾਨ 'ਤੇ ਵਾਪਸੀ ਲਈ ਕਮਰ ਕੱਸ ਲਈ ਹੈ। ਸਰੋਤਾਂ ਅਨੁਸਾਰ ਅਈਅਰ ਨੇ ਪਿਛਲੇ 2 ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਪਹਿਲੀ ਵਾਰ ਬੱਲੇਬਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਕਦੋਂ ਅਤੇ ਕਿਵੇਂ ਲੱਗੀ ਸੀ ਸੱਟ?
31 ਸਾਲਾ ਸ਼੍ਰੇਅਸ ਅਈਅਰ ਅਕਤੂਬਰ ਵਿੱਚ ਆਸਟ੍ਰੇਲੀਆ ਦੌਰੇ ਦੌਰਾਨ ਤੀਜੇ ਵਨਡੇ ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। 25 ਅਕਤੂਬਰ ਨੂੰ ਸਿਡਨੀ ਵਿੱਚ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਕੈਚ ਫੜਨ ਲਈ ਡਾਈਵ ਮਾਰਨ ਕਾਰਨ ਉਨ੍ਹਾਂ ਦੀਆਂ ਪਸਲੀਆਂ ਵਿੱਚ ਗੰਭੀਰ ਸੱਟ ਲੱਗੀ ਸੀ। ਇਸ ਤੋਂ ਤੁਰੰਤ ਬਾਅਦ ਸਿਡਨੀ ਵਿੱਚ ਹੀ ਉਨ੍ਹਾਂ ਦੀ ਸਰਜਰੀ ਹੋਈ ਸੀ, ਜਿਸ ਕਾਰਨ ਉਹ ਪਿਛਲੇ ਦੋ ਮਹੀਨਿਆਂ ਤੋਂ ਟੀਮ ਤੋਂ ਬਾਹਰ ਸਨ ਅਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਦਾ ਹਿੱਸਾ ਵੀ ਨਹੀਂ ਬਣ ਸਕੇ ਸਨ।
60 ਦਿਨਾਂ ਬਾਅਦ ਕੀਤੀ ਬੱਲੇਬਾਜ਼ੀ
ਅਈਅਰ ਨੇ ਬੀਤੇ ਦਿਨ ਮੁੰਬਈ ਵਿੱਚ ਲਗਭਗ ਇੱਕ ਘੰਟਾ ਬੱਲੇਬਾਜ਼ੀ ਦਾ ਅਭਿਆਸ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਹੋਈ। ਇਸ ਤੋਂ ਬਾਅਦ ਉਹ 25 ਦਸੰਬਰ ਨੂੰ ਬੈਂਗਲੁਰੂ ਵਿੱਚ BCCI ਦੇ ਸੈਂਟਰ ਆਫ ਐਕਸੀਲੈਂਸ (CoE) ਪਹੁੰਚ ਗਏ ਹਨ। ਉੱਥੇ ਮੈਡੀਕਲ ਟੀਮ ਅਗਲੇ 6 ਦਿਨਾਂ ਤੱਕ ਉਨ੍ਹਾਂ ਦੀ ਫਿਟਨੈੱਸ 'ਤੇ ਨਜ਼ਰ ਰੱਖੇਗੀ ਅਤੇ ਅਗਲੇਰੀ ਰੀਹੈਬਲੀਟੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੇਗੀ।
ਨਿਊਜ਼ੀਲੈਂਡ ਸੀਰੀਜ਼ ਰਾਹੀਂ ਵਾਪਸੀ ਦੀ ਉਮੀਦ
ਭਾਰਤੀ ਟੀਮ ਜਨਵਰੀ ਵਿੱਚ ਨਿਊਜ਼ੀਲੈਂਡ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਖੇਡਣ ਵਾਲੀ ਹੈ। ਵਨਡੇ ਸੀਰੀਜ਼ ਦੀ ਸ਼ੁਰੂਆਤ 11 ਜਨਵਰੀ ਤੋਂ ਹੋਣੀ ਹੈ। ਹਾਲਾਂਕਿ ਅਈਅਰ ਦੀ ਵਾਪਸੀ ਨੂੰ ਲੈ ਕੇ ਫੈਸਲਾ ਉਨ੍ਹਾਂ ਦੀ ਫਿਟਨੈੱਸ 'ਤੇ ਨਿਰਭਰ ਕਰੇਗਾ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਜਨਵਰੀ ਦੇ ਪਹਿਲੇ ਹਫਤੇ ਐਲਾਨੀ ਜਾਣ ਵਾਲੀ ਵਨਡੇ ਟੀਮ ਵਿੱਚ ਉਨ੍ਹਾਂ ਨੂੰ ਜਗ੍ਹਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵਿਜੇ ਹਜ਼ਾਰੇ ਟਰਾਫੀ ਦੇ ਅਗਲੇ ਗੇੜ ਵਿੱਚ ਖੇਡਣ ਦੀ ਵੀ ਸੰਭਾਵਨਾ ਹੈ।
8 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਿਹੈ ਭਾਰਤ ਦਾ ਚੈਂਪੀਅਨ ਕ੍ਰਿਕਟਰ, ਇਕੱਠਿਆਂ ਦੀ ਵੀਡੀਓ ਆਈ ਸਾਹਮਣੇ
NEXT STORY