ਸਪੋਰਟਸ ਡੈਸਕ– ਕਿਸਮਤ ਦੇ ਸਹਾਰੇ ਆਖਰੀ-4 ਵਿਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਮ ਨੂੰ ਮਹਿਲਾ ਵਨ ਡੇ ਵਿਸ਼ਵ ਕੱਪ ਦੇ ਵੀਰਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਤੇ ਉਸ ਨੂੰ ਉਮੀਦ ਰਹੇਗੀ ਕਿ ਕਪਤਾਨ ਹਰਮਨਪ੍ਰੀਤ ਕੌਰ 8 ਸਾਲ ਪਹਿਲਾਂ ਖੇਡੀ ਗਈ ਜਾਦੂਈ ਪਾਰੀ ਵਰਗਾ ਚਮਤਕਾਰ ਦਿਖਾਉਣ ਵਿਚ ਸਫਲ ਰਹੇਗੀ। ਹਰਮਨਪ੍ਰੀਤ ਦੀ 2017 ਵਿਚ ਇੰਗਲੈਂਡ ਦੇ ਡਰਬੀ ਵਿਚ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਵਿਚ 115 ਗੇਂਦਾਂ ਵਿਚ ਅਜੇਤੂ 171 ਦੌੜਾਂ ਦੀ ਪਾਰੀ ਇਕ ਮਹੱਤਵਪੂਰਨ ਪਲ ਸੀ, ਜਿਸ ਨੇ ਮਹਿਲਾ ਕ੍ਰਿਕਟ ਨੂੰ ਸੁਰਖੀਆਂ ਵਿਚ ਲਿਆ ਦਿੱਤਾ ਸੀ।
7 ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ’ਤੇ ਜਿੱਤ ਨਾਲ ਨਾ ਸਿਰਫ ਭਾਰਤ ਦਾ ਆਤਮਵਿਸ਼ਵਾਸ ਵਧੇਗਾ ਸਗੋਂ ਆਈ. ਸੀ. ਸੀ. ਖਿਤਾਬ ਜਿੱਤਣ ਦੀਆਂ ਉਸਦੀਆਂ ਉਮੀਦਾਂ ਨੂੰ ਵੀ ਖੰਭ ਲੱਗ ਜਾਣਗੇ।ਭਾਰਤੀ ਟੀਮ ਦੇ ਪ੍ਰਦਰਸ਼ਨ ਵਿਚ ਅਜੇ ਤੱਕ ਨਿਰੰਤਤਾ ਦੀ ਘਾਟ ਰਹੀ ਹੈ ਤੇ ਉਸਦੇ ਕੋਲ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਦਾ ਇਹ ਸੁਨਹਿਰਾ ਮੌਕਾ ਹੈ ਪਰ ਇਸ ਦੇ ਲਈ ਉਸਦੇ ਖਿਡਾਰੀਆਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।
ਮੌਜੂਦਾ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਅਜੇ ਤੱਕ ਉਤਾਰ-ਚੜਾਅ ਵਾਲਾ ਰਿਹਾ ਹੈ। ਪਹਿਲੇ ਦੋ ਮੈਚਾਂ ਵਿਚ ਜਿੱਤ ਤੋਂ ਬਾਅਦ ਉਸ ਨੂੰ ਲਗਾਤਾਰ 3 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਤੋਂ ਬਾਅਦ ਉਸ ਨੇ ਚੰਗੀ ਵਾਪਸੀ ਕੀਤੀ ਤੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ ਪਰ ਇਸ ਦੌਰਾਨ ਪ੍ਰਤਿਕਾ ਰਾਵਲ ਜ਼ਖ਼ਮੀ ਹੋ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਜਿਹੜਾ ਭਾਰਤੀ ਟੀਮ ਲਈ ਕਰਾਰ ਝਟਕਾ ਰਿਹਾ ਕਿਉਂਕਿ ਇਹ ਸਲਾਮੀ ਬੱਲੇਬਾਜ਼ ਚੰਗੀ ਫਾਰਮ ਵਿਚ ਚੱਲ ਰਹੀ ਸੀ।
ਹੁਣ ਗਲਤੀ ਦੀ ਗੁੰਜਾਇਸ਼ ਨਹੀਂ ਹੈ ਕਿਉਂਕਿ ਭਾਰਤ ਹੁਣ ਤੱਕ ਉਨ੍ਹਾਂ ਸਾਰੇ ਵਿਰੋਧੀਆਂ ਦੇ ਨਾਲ ਸੈਮੀਫਾਈਨਲ ਵਿਚ ਹੈ, ਜਿਨ੍ਹਾਂ ਨੇ ਲੀਗ ਮੁਕਾਬਲਿਆਂ ਵਿਚ ਉਸ ਨੂੰ ਹਰਾਇਆ ਸੀ ਪਰ ਮੈਦਾਨ ’ਤੇ ਉਤਰਨ ਤੋਂ ਪਹਿਲਾਂ ਭਾਰਤ ਨੂੰ ਆਪਣੇ ਟੀਮ ਸੁਮੇਲ ਨੂੰ ਲੈ ਕੇ ਕੁਝ ਪੁਰਾਣੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਵੱਡੀਆਂ ਸ਼ਾਟਾਂ ਲਾਉਣ ਵਾਲੀ ਸ਼ੈਫਾਲੀ ਵਰਮਾ ਨੂੰ ਟੀਮ ਵਿਚ ਸ਼ਾਮਲ ਕਰਨਾ ਅੱਗ ਵਿਚ ਘਿਓ ਪਾਉਣ ਵਰਗਾ ਹੈ ਕਿਉਂਕਿ ਉਹ ਭਾਰਤੀ ਯੋਜਨਾ ਦਾ ਹਿੱਸਾ ਨਹੀਂ ਸੀ ਤੇ ਇਹ ਹੀ ਵਜ੍ਹਾ ਸੀ ਕਿ ਉਹ ਰਿਜ਼ਰਵ ਖਿਡਾਰਨਾਂ ਵਿਚ ਵੀ ਸ਼ਾਮਲ ਨਹੀਂ ਸੀ।
ਉਪ ਕਪਤਾਨ ਸਮ੍ਰਿਤੀ ਮੰਧਾਨਾ ਦੇ ਨਾਲ ਉਸਦਾ ਰਿਕਾਰਡ (25 ਪਾਰੀਆਂ ਵਿਚ 37.20 ਦੀ ਔਸਤ ਨਾਲ 893 ਦੌੜਾਂ) ਰਾਵਲ ਤੇ ਮੰਧਾਨਾ ਦੇ ਸਲਾਮੀ ਜੋੜੀ ਦੇ ਰੂਪ ਵਿਚ 23 ਪਾਰੀਆਂ ਵਿਚ 78.21 ਦੀ ਔਸਤ ਨਾਲ 1799 ਦੌੜਾਂ ਤੋਂ ਕਿਤੇ ਘੱਟ ਦਿਸਦਾ ਹੈ। ਕੀ ਭਾਰਤ ਨੂੰ ਸ਼ੈਫਾਲੀ ਨੂੰ ਚੁਣਨਾ ਚਾਹੀਦਾ ਸੀ, ਜਿਸਦੀ ਹਮਲਾਵਰ ਸ਼ੈਲੀ ਵਿਰੋਧੀਆਂ ’ਤੇ ਦਬਾਅ ਬਣਾ ਸਕਦੀ ਹੈ ਤੇ ਮੰਧਾਨਾ ਦੀ ਸ਼ਾਨਦਾਰ ਫਾਰਮ ਦੀ ਬਰਾਬਰੀ ਕਰ ਸਕਦੀ ਹੈ। ਜਾਂ ਫਿਰ ਉਸ ਨੂੰ ਛੇਵੇਂ ਗੇਂਦਬਾਜ਼ ਨੂੰ ਸ਼ਾਮਲ ਕਰਨ ਲਈ ਹਰਲੀਨ ਦਿਓਲ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਾਰਨਾ ਚਾਹੀਦਾ ਹੈ।
ਭਾਰਤੀ ਟੀਮ ਮੈਨੇਜਮੈਂਟ ਲਈ ਇਹ ਸਭ ਤੋਂ ਵੱਡਾ ਸਵਾਲ ਹੈ। ਹਰਲੀਨ ਨੇ 7 ਮੈਚਾਂ ਵਿਚ 75.11 ਦੀ ਔਸਤ ਨਾਲ ਬਿਨਾਂ ਕਿਸੇ ਅਰਧ ਸੈਂਕੜੇ ਦੇ 169 ਦੌੜਾਂ ਬਣਾਈਆਂ ਹਨ ਜਿਹੜੀ ਹਮਲਾਵਰ ਨਹੀਂ ਲੱਗਦੀ ਹੈ ਪਰ ਕ੍ਰੀਜ਼ ’ਤੇ ਟਿਕੇ ਰਹਿਣ ਦੀ ਉਸਦੀ ਸਮਰੱਥਾ ਭਾਰਤ ਨੂੰ ਚੋਟੀ ’ਤੇ ਮਜ਼ਬੂਤੀ ਪ੍ਰਦਾਨ ਕਰ ਸਕਦੀ ਹੈ ਤੇ ਮੰਧਾਨਾ ਨੂੰ ਇਕ ਪੁਰਾਣਾ ਸਹਾਰਾ ਵੀ ਦੇ ਸਕਦੀ ਹੈ ਜਿਹੜਾ ਰਾਵਲ ਦੂਜੇ ਪਾਸੇ ਤੋਂ ਪ੍ਰਦਾਨ ਕਰਦੀ ਸੀ।
ਬੇ-ਮੌਸਮੀ ਮੀਂਹ ਦੇ ਪਹਿਲਾਂ ਤੋਂ ਅਨੁਮਾਨ ਦੇ ਬਾਵਜੂਦ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਬਣੀ ਹੋਈ ਹੈ ਤੇ ਵੱਡੇ ਸਕੋਰ ਦਾ ਦਬਾਅ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਪ੍ਰੇਸ਼ਾਨੀ ਵਿਚ ਪਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਵੱਡਾ ਸਵਾਲ ਹੈ ਕਿ ਕੀ ਭਾਰਤ ਨੂੰ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ ਨੂੰ ਟੀਮ ਵਿਚ ਬਰਕਰਾਰ ਰੱਖਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਉਹ ਇਕ ਮਾਹਿਰ ਫੀਲਡਰ ਹੈ ਤੇ ਪਿਛਲੇ ਮੈਚ ਵਿਚ ਉਸ ਨੇ ਚੰਗੀ ਗੇਂਦਬਾਜ਼ੀ ਵੀ ਕੀਤੀ ਸੀ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਨੇਹ ਰਾਣਾ ਅਜੇ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਹਰਮਨਪ੍ਰੀਤ ਅਜੇ ਤੱਕ ਬੱਲੇਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ ਤੇ ਉਹ ਨਿਸ਼ਚਿਤ ਤੌਰ ’ਤੇ 2017 ਦੀ ਪਾਰੀ ਤੋਂ ਪ੍ਰੇਰਣਾ ਲੈਣਾ ਚਾਹੇਗੀ।
ਭਾਰਤ ਲਈ ਹਾਲਾਂਕਿ ਮੰਧਾਨਾ ਦਾ ਪ੍ਰਦਰਸ਼ਨ ਬਹੁਤ ਮਾਇਨੇ ਰੱਖਦਾ ਹੈ। ਉਸ ਨੇ ਹੁਣ ਤੱਕ ਇਸ ਟੂਰਨਾਮੈਂਟ ਵਿਚ 60.83 ਦੀ ਔਸਤ ਨਾਲ 365 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਸ਼ਾਮਲ ਹਨ।
ਆਸਟ੍ਰੇਲੀਆ ਦੀ ਟੀਮ ਹਰ ਵਿਭਾਗ ਵਿਚ ਮਜ਼ਬੂਤ ਹੈ। ਸ਼ਾਇਦ ਹੀ ਕੋਈ ਹੋਰ ਟੀਮ ਹੈ ਜਿਹੜੀ ਉਸਦੀ ਕਲਾ ਜਾਂ ਦ੍ਰਿੜ੍ਹਤਾ ਦੀ ਬਰਾਬਰੀ ਕਰ ਸਕੇ ਪਰ ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਟੀਮ ਉਸ ਦਿਨ ਕਿੰਨੀ ਚੰਗੀ ਖੇਡ ਦਿਖਾਉਂਦੀ ਹੈ। ਆਸਟ੍ਰੇਲੀਆ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਨਾਲ ਅਹਿਸਾਸ ਹੋਵੇਗਾ ਕਿ ਭਾਰਤ ਉਸਦੇ ਸਾਹਮਣੇ ਸਖਤ ਚੁਣੌਤੀ ਪੇਸ਼ ਕਰਦਾ ਹੈ ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ- ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਓਮਾ ਸ਼ੇਤਰੀ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਹਰਲੀਨ ਦਿਓਲ, ਸ਼ੈਫਾਲੀ ਵਰਮਾ, ਜੇਮਿਮਾ ਰੋਡ੍ਰਿਗਜ਼, ਅਮਨਜੋਤ ਕੌਰ, ਸਨੇਹ ਰਾਣਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਅਰੁੰਧਤੀ ਰੈੱਡੀ, ਰੇਣੂਕਾ ਸਿੰਘ ਠਾਕੁਰ, ਸ਼੍ਰੀ ਚਰਣੀ, ਰਾਧਾ ਯਾਦਵ।
ਆਸਟ੍ਰੇਲੀਆ : ਐਲਿਸਾ ਹੀਲੀ (ਕਪਤਾਨ ਤੇ ਵਿਕਟਕੀਪਰ), ਤਾਹਿਲਿਆ ਮੈਕਗ੍ਰਾ (ਉਪ ਕਪਤਾਨ), ਐਲਿਸ ਪੈਰੀ, ਬੇਥ ਮੂਨੀ (ਵਿਕਟਕੀਪਰ), ਫੋਬੇ ਲਿਚਫੀਲਡ, ਜਾਰਜੀਆ ਵੋਲ, ਐਸ਼ਲੇ ਗਾਰਡਨਰ, ਕਿਮ ਗਾਰਥ, ਹੀਥਰ ਗ੍ਰਾਹਮ, ਅਲਾਨਾ ਕਿੰਗ, ਸੋਫੀ ਮੋਲਨਿਕਸ, ਐਨਾਬੇਲ ਸਦਰਲੈਂਡ, ਡਾਰਸੀ ਬਰਾਊਨ, ਮੇਗਨ ਸ਼ੱਟ, ਜਾਰਜੀਆ ਵੇਅਰਹੈਮ।
ਚੱਲਦੇ ਕ੍ਰਿਕਟ ਮੈਚ ਦੌਰਾਨ ਹੋਇਆ ਬਲਾਸਟ, 4 ਖਿਡਾਰੀ ਜ਼ਖਮੀ
NEXT STORY