ਨਵੀਂ ਦਿੱਲੀ– ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕੋਲ ਦੋ ਓਲੰਪਿਕ ਕਾਂਸੀ ਤਮਗੇ ਹਨ ਪਰ ਉਸ ਨੂੰ ਵਿਸ਼ਵ ਕੱਪ ਵਿਚ ਤਮਗਾ ਨਾ ਜਿੱਤ ਸਕਣ ਦਾ ਅਫਸੋਸ ਹੈ ਤੇ ਉਹ ਇਸ ਕਮੀ ਨੂੰ 2026 ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਪੂਰਾ ਕਰਨਾ ਚਾਹੁੰਦਾ ਹੈ। ਭਾਰਤ ਨੇ ਵਿਸ਼ਵ ਕੱਪ ਵਿਚ ਅਜੇ ਤੱਕ ਤਿੰਨ ਤਮਗੇ ਜਿੱਤੇ ਹਨ। ਭਾਰਤ ਨੇ 1971 (ਬਾਰਸੀਲੋਨਾ) ਵਿਚ ਕਾਂਸੀ, 1973 ਵਿਚ ਚਾਂਦੀ (ਐਮਸਟੇਲਵੀਨ, ਨੀਦਰਲੈਂਡ) ਤੇ ਅਜੀਤ ਪਾਲ ਦੀ ਅਗਵਾਈ ਵਿਚ 1975 (ਕੁਅਲਾਲੰਪੁਰ) ਵਿਚ ਸੋਨ ਤਮਗਾ ਜਿੱਤਿਆ ਸੀ। ਹਰਮਨਪ੍ਰੀਤ ਟੋਕੀਓ ਤੇ ਪੈਰਿਸ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸੀ। ਪੈਰਿਸ ਖੇਡਾਂ ਵਿਚ ਉਹ ਟੀਮ ਦਾ ਕਪਤਾਨ ਵੀ ਸੀ। ਉਹ 2016 ਵਿਚ ਲਖਨਊ ਵਿਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਸੀ।
ਹਰਮਨਪ੍ਰੀਤ ਨੇ ਕਿਹਾ,‘‘ਸਾਡਾ ਟੀਚਾ ਹਮੇਸ਼ਾ ਓਲੰਪਿਕ ਵਿਚ ਸੋਨ ਤਮਗਾ ਤੇ ਵਿਸ਼ਵ ਕੱਪ ਵਿਚ ਤਮਗਾ ਜਿੱਤਣਾ ਹੋਵੇਗਾ। ਅਸੀਂ ਪੈਰਿਸ ਵਿਚ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਸੇ ਵੀ ਚੋਟੀ ਦੀ ਟੀਮ ਦਾ ਸਾਹਮਣਾ ਕਰਕੇ ਜਿੱਤ ਸਕਦੇ ਹਾਂ।’’ ਉਸ ਨੇ ਕਿਹਾ,‘‘ਸਾਡਾ ਫਿਲਹਾਲ ਟੀਚਾ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੈਚ ਹਨ। ਅਸੀਂ ਏਸ਼ੀਆਈ ਕੱਪ ਵਿਚ ਜਿੱਤ ਦਰਜ ਕਰਦੇ ਹੋਏ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨਾ ਚਾਹੁੰਦੇ ਹਾਂ।’’ ਹਰਮਨਪ੍ਰੀਤ ਨੇ ਕਿਹਾ,‘‘ਉਮੀਦ ਹੈ ਕਿ ਅਸੀਂ ਆਪਣੇ ਕਰੀਅਰ ਦੌਰਾਨ ਉਨ੍ਹਾਂ ਸੁਨਹਿਰੇ ਦਿਨਾਂ ਨੂੰ ਫਿਰ ਤੋਂ ਜੀਅ ਸਕਾਂਗੇ। ਜਦੋਂ ਤੱਕ ਅਸੀਂ ਇਸ ਨੂੰ ਹਾਸਲ ਨਹੀਂ ਕਰ ਲੈਂਦੇ, ਅਸੀਂ ਹਾਰ ਨਹੀਂ ਮੰਨਾਂਗੇ।’’ਜਿਥੋਂ ਤੱਕ ਹਰਮਨਪ੍ਰੀਤ ਦੇ ਵਿਅਕਤੀਗਤ ਟੀਚੇ ਦੀ ਗੱਲ ਹੈ ਤਾਂ ਉਹ ਆਪਣੀ ਡ੍ਰੈਗ ਫਲਿੱਕ ਕਲਾ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਤੇ ਆਪਣੇ ਕਰੀਅਰ ਨੂੰ ਲੰਬਾ ਕਰਨ ਲਈ ਫਿੱਟ ਰਹਿਣਾ ਚਾਹੁੰਦਾ ਹੈ।
ਪਰਥ ਤੋਂ ਬਾਅਦ ਆਸਟ੍ਰੇਲੀਅਨ ਗੇਂਦਬਾਜ਼ ਆਪਣੀਆਂ ਗੇਂਦਬਾਜ਼ੀ ਯੋਜਨਾਵਾਂ ’ਚ ਬਦਲਾਅ ਕਰ ਸਕਦੇ ਹਨ : ਬੋਲੈਂਡ
NEXT STORY