ਦੁਬਈ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਅੱਤਵਾਦ ਪੈਦਾ ਕਰਨ ਵਾਲੇ ਦੇਸ਼ਾਂ ਨਾਲ ਸਬੰਧ ਤੋੜਨ ਦੀ ਬੀ.ਸੀ.ਸੀ.ਆਈ. ਦੀ ਬੇਨਤੀ ਨੂੰ ਠੁਕਰਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਆਈ.ਸੀ.ਸੀ. ਦੀ ਕੋਈ ਭੂਮਿਕਾ ਨਹੀਂ ਹੈ। ਪੁਲਵਾਮਾ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੀ ਮੌਤ ਦੇ ਬਾਅਦ ਬੀ.ਸੀ.ਸੀ.ਆਈ. ਨੇ ਆਈ.ਸੀ.ਸੀ. ਨੂੰ ਚਿੱਠੀ ਲਿਖ ਕੇ ਸੰਸਾਰਕ ਅਦਾਰੇ ਅਤੇ ਉਸ ਦੇ ਮੈਂਬਰ ਦੇਸ਼ਾਂ ਤੋਂ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲ ਸਬੰਧ ਤੋੜਨ ਦੀ ਅਪੀਲ ਕੀਤੀ ਸੀ।

ਬੀ.ਸੀ.ਸੀ.ਆਈ. ਦੇ ਅਧਿਕਾਰੀ ਨੇ ਪੀ.ਟੀ.ਆਈ. ਨੂੰ ਨਾਂ ਜ਼ਾਹਰ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ, ''ਅਜਿਹੀ ਕੋਈ ਵੀ ਸੰਭਾਵਨਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਚੀਜ਼ ਹੁੰਦੀ। ਆਈ.ਸੀ.ਸੀ. ਚੇਅਰਮੈਨ ਨੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਦੇਸ਼ ਦਾ ਬਾਈਕਾਟ ਕਰਨ ਦਾ ਫੈਸਲਾ ਸਰਕਾਰ ਦੇ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਆਈ.ਸੀ.ਸੀ. ਦਾ ਅਜਿਹਾ ਕੋਈ ਨਿਯਮ ਨਹੀਂ ਹੈ। ਬੀ.ਸੀ.ਸੀ.ਆਈ. ਨੂੰ ਵੀ ਇਹ ਗੱਲ ਪਤਾ ਸੀ ਪਰ ਇਸ ਦੇ ਬਾਵਜੂਦ ਉਸ ਨੇ ਕੋਸ਼ਿਸ ਕਰਕੇ ਦੇਖੀ।'' ਬੀ.ਸੀ.ਸੀ.ਆਈ. ਦੀ ਚਿੱਠੀ 'ਚ ਪਾਕਿਸਤਾਨ ਦਾ ਸੰਦਰਭ ਨਹੀਂ ਸੀ ਜਿਸ 'ਤੇ ਭਾਰਤ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਹੈ।

ਇਹ ਮੁੱਦਾ ਸ਼ਨੀਵਾਰ ਨੂੰ ਚੇਅਰਮੈਨ ਸ਼ਸ਼ਾਂਕ ਮਨੋਹਰ ਦੀ ਪ੍ਰਧਾਨਗੀ 'ਚ ਹੋਈ ਆਈ.ਸੀ.ਸੀ. ਦੀ ਬੋਰਡ ਬੈਠਕ 'ਚ ਉਠਾਇਆ ਗਿਆ ਪਰ ਇਸ ਨੂੰ ਕਾਫੀ ਸਮਾਂ ਨਹੀਂ ਦਿੱਤਾ ਗਿਆ। ਬੀ.ਸੀ.ਸੀ.ਆਈ. ਦੀ ਨੁਮਾਇੰਦਗੀ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਕਰ ਰਹੇ ਸਨ। ਬੋਰਡ ਅਧਿਕਾਰੀ ਨੇ ਕਿਹਾ, ''ਮੈਂਬਰ ਦੇਸ਼ਾਂ ਦੇ ਇੰਨੇ ਸਾਰੇ ਖਿਡਾਰੀ ਪਾਕਿਸਤਾਨ ਸੁਪਰ ਲੀਗ 'ਚ ਖੇਡਦੇ ਹਨ ਅਤੇ ਉਹ ਇਸ ਤਰ੍ਹਾਂ ਦੀ ਮੰਗ ਨੂੰ ਕਦੀ ਧਿਆਨ ਨਹੀਂ ਦਿੰਦੇ। ਹਾਂ, ਸੁਰੱਖਿਆ ਚਿੰਤਾ ਦੀ ਗੱਲ ਸੀ ਅਤੇ ਇਸ ਨੂੰ ਪੂਰੀ ਤਰਜੀਹ ਦਿੱਤੀ ਗਈ।''

ਭਾਰਤੀ ਕ੍ਰਿਕਟ ਟੀਮ ਨੂੰ ਆਗਾਮੀ ਵਿਸ਼ਵ ਕੱਪ ਦੇ ਦੌਰਾਨ 16 ਜੂਨ ਨੂੰ ਪਾਕਿਸਤਾਨ ਨਾਲ ਭਿੜਨਾ ਹੈ। ਪੁਲਵਾਮਾ ਹਮਲੇ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਦੇ ਕਾਰਨ ਇਸ ਮੈਚ ਦੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਕ੍ਰਿਕਟ ਦੇ ਕੁਝ ਵੱਡੇ ਨਾਵਾਂ ਨੇ ਇਹ ਮੰਗ ਕੀਤੀ ਹੈ ਜਿਸ 'ਚ ਹਰਭਜਨ ਸਿੰਘ ਅਤੇ ਸੌਰਵ ਗਾਂਗੁਲੀ ਵੀ ਸ਼ਾਮਲ ਹਨ। ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਨੇ ਹਾਲਾਂਕਿ ਅਜੇ ਤਕ ਇਸ ਮਾਮਲੇ 'ਚ ਕੋਈ ਫੈਸਲਾ ਨਹੀਂ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਦਾ ਨਜ਼ਰੀਆ ਜਾਨਣਗੇ।
ਵਿਸ਼ਵ ਕੱਪ 2019 : ਸੁਰੱਖਿਆ ਨੂੰ ਲੈ ਕੇ ICC ਨੇ BCCI ਨੂੰ ਦਿੱਤਾ ਭਰੋਸਾ
NEXT STORY