ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2024 ਦਾ ਆਗਾਜ਼ ਹੋ ਚੁੱਕਾ ਹੈ ਤੇ ਵੱਖ-ਵੱਖ ਟੀਮਾਂ ਆਪਣੀਆਂ ਤਿਆਰੀਆਂ ਪਰਖਣ ਲਈ ਅਭਿਆਸ ਮੈਚ ਖੇਡ ਰਹੀਆਂ ਹਨ। ਇਸੇ ਤਹਿਤ ਭਾਰਤ ਤੇ ਬੰਗਲਾਦੇਸ਼ ਵਿਚਾਲੇ ਇਕਲੌਤਾ ਅਭਿਆਸ ਮੈਚ ਅਮਰੀਕਾ ਦੇ ਨਿਊਯਾਰਕ ਸਥਿਤ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਭਾਰਤ ਨੇ ਬੰਗਲਾਦੇਸ਼ ਨੂੰ ਇਕਤਰਫ਼ਾ ਅੰਦਾਜ਼ 'ਚ 60 ਦੌੜਾਂ ਨਾਲ ਹਰਾ ਦਿੱਤਾ ਹੈ।

ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਵੱਲੋਂ ਸੰਜੂ ਸੈਮਸਨ ਤੇ ਕਪਤਾਨ ਰੋਹਿਤ ਸ਼ਰਮਾ ਓਪਨਿੰਗ ਕਰਨ ਉਤਰੇ। ਰੋਹਿਤ ਸ਼ਰਮਾ ਨੇ 19 ਗੇਂਦਾਂ 'ਚ 2 ਚੌਕੇ ਤੇ 1 ਛੱਕੇ ਦੀ ਮਦਦ ਨਾਲ 23 ਦੌੜਾਂ ਦੀ ਪਾਰੀ ਖੇਡੀ, ਜਦਕਿ ਸੰਜੂ ਸੈਮਸਨ 6 ਗੇਂਦਾਂ 'ਚ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਿਆ।
ਇਸ ਤੋਂ ਬਾਅਦ ਕਰੀਬ ਡੇਢ ਸਾਲ ਬਾਅਦ ਰਾਸ਼ਟਰੀ ਟੀਮ 'ਚ ਵਾਪਸੀ ਕਰ ਰਹੇ ਰਿਸ਼ਭ ਪੰਤ ਨੇ ਆਉਂਦਿਆਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਗ੍ਰਾਊਂਡ ਦੇ ਚਾਰੋਂ ਪਾਸੇ ਸ਼ਾਟ ਖੇਡੇ। ਉਸ ਨੇ 32 ਗੇਂਦਾਂ 'ਚ 4 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਤੇ ਰਿਟਾਇਰ ਹੋ ਕੇ ਵਾਪਸ ਚਲਾ ਗਿਆ।

ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ 18 ਗੇਂਦਾਂ 'ਚ 31 ਦੌੜਾਂ ਦੀ ਪਾਰੀ ਖੇਡੀ, ਜਦਕਿ ਸ਼ਿਵਮ ਦੁਬੇ ਨੇ 16 ਗੇਂਦਾਂ 'ਚ 14 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 23 ਗੇਂਦਾਂ 'ਚ 2 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਦਕਿ ਜਡੇਜਾ ਨੇ 6 ਗੇਂਦਾਂ 'ਚ ਨਾਬਾਦ 4 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤਰ੍ਹਾਂ ਭਾਰਤ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 182 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕਰ ਦਿੱਤਾ। ਬੰਗਲਾਦੇਸ਼ ਵੱਲੋਂ ਮਹਿੰਦੀ ਹਸਨ, ਸ਼ੌਰਿਫੁਲ ਇਸਲਾਮ, ਮਹਿਮਦੁੱਲਾ ਤੇ ਤਨਵੀਰ ਇਸਲਾਮ ਨੂੰ 1-1 ਵਿਕਟ ਮਿਲੀ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਭਾਰਤੀ ਪੇਸ ਅਟੈਕ ਦਾ ਸਾਹਮਣਾ ਨਹੀਂ ਕਰ ਸਕੀ ਤੇ ਉਨ੍ਹਾਂ ਦੇ 7 ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਮਹਿਮਦੁੱਲਾ (40) ਨੇ ਬਣਾਈਆਂ, ਜਦਕਿ ਸ਼ਾਕਿਬ ਅਲ ਹਸਨ ਨੇ 28 ਤੇ ਤਨਜ਼ੀਦ ਅਹਿਮਦ ਨੇ 17 ਦੌੜਾਂ ਦਾ ਯੋਗਦਾਨ ਦਿੱਤਾ।
ਬੰਗਲਾਦੇਸ਼ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 122 ਦੌੜਾਂ ਹੀ ਬਣਾ ਸਕੀ ਤੇ 60 ਦੌੜਾਂ ਦੇ ਵੱਡੇ ਫ਼ਰਕ ਨਾਲ ਭਾਰਤ ਹੱਥੋਂ ਇਹ ਮੁਕਾਬਲਾ ਹਾਰ ਗਈ। ਭਾਰਤ ਵੱਲੋਂ ਅਰਸ਼ਦੀਪ ਸਿੰਘ ਤੇ ਸ਼ਿਵਮ ਦੁਬੇ ਨੇ 2-2, ਜਦਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਹਾਰਦਿਕ ਪੰਡਯਾ ਤੇ ਅਕਸ਼ਰ ਪਟੇਲ ਨੂੰ 1-1 ਵਿਕਟ ਮਿਲੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਦਿਤੀ ਅਸ਼ੋਕ ਨੇ ਯੂਐੱਸ ਮਹਿਲਾ ਓਪਨ 'ਚ ਕੱਟ ਹਾਸਲ ਕੀਤਾ
NEXT STORY