ਸੈਂਚੁਰੀਅਨ— ਮੇਜ਼ਬਾਨ ਦੱਖਣੀ ਅਫਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਕੋਈ ਦੋ-ਪੱਖੀ ਸੀਰੀਜ਼ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਛੇਵੇਂ ਤੇ ਆਖਰੀ ਇਕ-ਦਿਨਾ ਮੈਚ ਨੂੰ ਜਿੱਤ ਕੇ ਸੀਰੀਜ਼ ਦੀ ਸਮਾਪਤੀ 5-1 ਨਾਲ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਭਾਰਤੀ ਟੀਮ ਨੇ ਮੰਗਲਵਾਰ ਨੂੰ ਪੋਰਟ ਐਲਿਜ਼ਾਬੇਥ ਵਿਚ ਖੇਡੇ ਗਏ ਪੰਜਵੇਂ ਵਨ ਡੇ ਮੈਚ ਵਿਚ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 4-1 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ 25 ਸਾਲਾਂ ਵਿਚ ਪਹਿਲੀ ਵਾਰ ਦੱਖਣੀ ਅਫਰੀਕਾ ਦੀ ਧਰਤੀ 'ਤੇ ਕੋਈ ਸੀਰੀਜ਼ ਜਿੱਤੀ ਹੈ।
ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਆਪਣੀ ਬਾਦਸ਼ਾਹਤ ਮਜ਼ਬੂਤ ਕਰ ਲਈ ਹੈ। ਉਹ ਛੇਵੇਂ ਵਿਚ ਕੋਈ ਵੀ ਨਤੀਜਾ ਆਉਣ 'ਤੇ ਵੀ ਨੰਬਰ ਵਨ ਬਣੀ ਰਹੇਗੀ। ਭਾਰਤੀ ਟੀਮ ਜਦੋਂ ਵਨ ਡੇ ਸੀਰੀਜ਼ ਵਿਚ ਖੇਡਣ ਉਤਰੇਗੀ ਤਾਂ ਉਸ ਸਮੇਂ ਉਹ 119 ਅੰਕਾਂ ਨਾਲ ਦੂਜੇ ਨੰਬਰ 'ਤੇ ਸੀ। ਲਗਾਤਾਰ ਦੋ ਮੈਚ ਜਿੱਤਦੇ ਹੀ ਟੀਮ ਇੰਡੀਆ ਪਹਿਲੇ ਨੰਬਰ 'ਤੇ ਪਹੁੰਚ ਗਈ ਸੀ ਪਰ ਹੁਣ ਸੀਰੀਜ਼ ਵਿਚ 4-1 ਦੀ ਅਜੇਤੂ ਬੜ੍ਹਤ ਬਣਾਉਣ ਦੇ ਨਾਲ ਹੀ ਭਾਰਤੀ ਟੀਮ ਦੇ 122 ਅੰਕ ਹੋ ਗਏ ਹਨ। ਉਹ ਸੀਰੀਜ਼ ਖਤਮ ਹੋਣ ਤੋਂ ਬਾਅਦ ਵੀ ਨੰਬਰ ਵਨ ਸਥਾਨ 'ਤੇ ਕਾਇਮ ਰਹੇਗੀ। ਚਾਹੇ ਆਖਰੀ ਮੈਚ ਵਿਚ ਕੋਈ ਵੀ ਨਤੀਜਾ ਨਿਕਲੇ।
ਭਾਰਤੀ ਟੀਮ ਲਗਾਤਾਰ ਸਭ ਤੋਂ ਵੱਧ ਦੋ-ਪੱਖੀ ਵਨ ਡੀ ਸੀਰੀਜ਼ ਜਿੱਤਣ ਦੇ ਮਾਮਲੇ ਵਿਚ ਹੁਣ ਦੁਨੀਆ 'ਚ ਵੈਸਟਇੰਡੀਜ਼ ਤੋਂ ਬਾਅਦ ਦੂਜੇ ਨੰਬਰ 'ਤੇ ਆ ਗਈ ਹੈ। ਭਾਰਤ ਨੇ 2016 ਤੋਂ ਲੈ ਕੇ ਹੁਣ ਤੱਕ ਲਗਾਤਾਰ 9 ਵਨ ਡੇ ਸੀਰੀਜ਼ ਆਪਣੇ ਨਾਂ ਕੀਤੀਆਂ ਹਨ ਜਦਕਿ ਵੈਸਟਇੰਡੀਜ਼ ਨੇ 1980-1988 ਦੌਰਾਨ ਲਗਾਤਾਰ 14 ਸੀਰੀਜ਼ ਆਪਣੇ ਨਾਂ ਕੀਤੀਆਂ ਸਨ।
ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਕੋਈ ਸੀਰੀਜ਼ ਜਿੱਤਣ ਲਈ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਪਰ ਭਾਰਤੀ ਟੀਮ ਆਖਰੀ ਵਨ ਡੇ ਵਿਚ ਬੈਂਚ ਸਟ੍ਰੈਂਥ ਨੂੰ ਅਜ਼ਮਾ ਸਕਦੀ ਹੈ, ਜਿਸ ਦਾ ਸੰਕੇਤ ਕਪਤਾਨ ਵਿਰਾਟ ਕੋਹਲੀ ਨੇ ਪੰਜਵੇਂ ਵਨ ਡੇ ਤੋਂ ਬਾਅਦ ਹੀ ਦੇ ਦਿੱਤਾ ਸੀ। ਵਿਰਾਟ ਕੋਲ ਇਕ ਮੌਕਾ ਹੋਵੇਗਾ ਕਿ ਉਹ ਬਿਨਾਂ ਕਿਸੇ ਦਬਾਅ ਦੇ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾ ਸਕਦਾ ਹੈ ਹਾਲਾਂਕਿ ਉਸ ਨੂੰ ਇਹ ਵੀ ਦੇਖਣਾ ਪਵੇਗਾ ਕਿ ਸੀਰੀਜ਼ ਦੀ ਸਮਾਪਤੀ 5-1 ਨਾਲ ਕਰਨ ਲਈ ਉਹ ਆਪਣੇ ਦੋ ਪ੍ਰਮੁੱਖ ਸਪਿਨਰਾਂ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਵਿਚੋਂ ਕਿਸ ਨੂੰ ਬਾਹਰ ਬਿਠਾਉਂਦਾ ਹੈ। ਲੈੱਗ ਸਪਿਨਰ ਚਾਹਲ ਤੇ ਚਾਈਨਮੈਨ ਕੁਲਦੀਪ ਨੇ ਸੀਰੀਜ਼ ਦੇ ਪੰਜ ਮੈਚਾਂ ਵਿਚ ਹੁਣ ਤੱਕ 30 ਵਿਕਟਾਂ ਲਈਆਂ ਹਨ, ਜਿਹੜੀਆਂ ਕਿ ਇਕ ਦੋ-ਪੱਖੀ ਸੀਰੀਜ਼ ਵਿਚ ਭਾਰਤੀ ਸਪਿਨਰਾਂ ਵੱਲੋਂ ਸਭ ਤੋਂ ਵੱਧ ਹਨ। ਦੋਵਾਂ ਸਪਿਨਰਾਂ ਨੇ ਇਕ ਸੀਰੀਜ਼ ਵਿਚ ਭਾਰਤੀ ਸਪਿਨਰਾਂ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ 12 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ।
ਇਸ ਤੋਂ ਪਹਿਲਾਂ ਇਹ ਰਿਕਾਰਡ 2005-06 ਵਿਚ ਇੰਗਲੈਂਡ ਵਿਰੁੱਧ ਘਰੇਲੂ ਸੀਰੀਜ਼ ਵਿਚ ਸੀ, ਜਦੋਂ ਭਾਰਤੀ ਸਪਿਨਰਾਂ ਨੇ 27 ਵਿਕਟਾਂ ਲਈਆਂ ਸਨ। ਕੁਲਦੀਪ ਹੁਣ ਤੱਕ 11.56 ਦੀ ਔਸਤ ਨਾਲ 16 ਵਿਕਟਾਂ ਲੈ ਚੁੱਕਾ ਹੈ ਜਦਕਿ ਚਾਹਲ ਨੇ 16.00 ਦੀ ਔਸਤ ਨਾਲ 14 ਵਿਕਟਾਂ ਲਈਆਂ ਹਨ। ਕੁਲਦੀਪ ਦੀਆਂ 16 ਵਿਕਟਾਂ ਦੱਖਣੀ ਅਫਰੀਕਾ ਵਿਚ ਕਿਸੇ ਸੀਰੀਜ਼ ਵਿਚ ਇਕ ਸਪਿਨਰ ਵੱਲੋਂ ਸਭ ਤੋਂ ਵੱਧ ਵਿਕਟਾਂ ਹਨ। ਜਿੱਥੇ ਇਕ ਪਾਸੇ ਸਪਿਨਰਾਂ ਨੇ ਭਾਰਤ ਨੂੰ ਇਤਿਹਾਸ ਰਚਣ ਵਿਚ ਆਪਣਾ ਆਸਾਧਾਰਨ ਯੋਗਦਾਨ ਦਿੱਤਾ ਹੈ, ਉਥੇ ਹੀ ਭਾਰਤੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਨੂੰ ਵੀ ਘੱਟ ਕਰ ਕੇ ਨਹੀਂ ਸਮਝਿਆ ਜਾ ਸਕਦਾ, ਖਾਸ ਤੌਰ 'ਤੇ ਵਿਰਾਟ ਕੋਹਲੀ ਦਾ। ਵਿਰਾਟ ਸੀਰੀਜ਼ ਦੇ ਪਿਛਲੇ ਪੰਜ ਮੈਚਾਂ ਵਿਚ 143 ਦੀ ਔਸਤ ਨਾਲ ਹੁਣ ਤੱਕ 429 ਦੌੜਾਂ ਬਣਾ ਚੁੱਕਾ ਹੈ।
ਸ਼ਿਖਰ ਧਵਨ ਵੀ ਇਕ ਸੈਂਕੜਾ ਤੇ ਦੋ ਅਰਧ-ਸੈਂਕੜੇ ਲਾ ਚੁੱਕਾ ਹੈ। ਪਿਛਲੇ ਚਾਰ ਮੈਚਾਂ ਵਿਚ ਅਸਫਲ ਰਹਿਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਪੰਜਵੇਂ ਮੈਚ ਵਿਚ ਸੈਂਕੜਾ ਲਾ ਕੇ ਦਿਖਾ ਦਿੱਤਾ ਹੈ ਕਿ ਤਿੰਨ ਮੈਚਾਂ 'ਚ ਘੱਟ ਸਕੋਰ ਦਾ ਮਤਲਬ ਖਰਾਬ ਫਾਰਮ ਨਹੀਂ ਹੁੰਦੀ। ਆਖਰੀ ਮੈਚ ਵਿਚ ਮੱਧਕ੍ਰਮ ਵਿਚ (ਅਜਿੰਕਯ ਰਹਾਨੇ, ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ) ਕੋਲ ਬੱਲੇ ਨਾਲ ਟੀਮ ਵਿਚ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ ਰਹੇਗਾ। ਭਾਰਤ ਇਸ ਤੋਂ ਪਹਿਲਾਂ ਦੂਜਾ ਵਨ ਡੇ ਇੱਥੇ ਖੇਡ ਚੁੱਕਾ ਹੈ ਜਦੋਂ ਉਸ ਨੇ ਦੱਖਣੀ ਅਫਰੀਕੀ ਟੀਮ ਨੂੰ 118 ਦੌੜਾਂ 'ਤੇ ਹੀ ਢੇਰ ਕਰ ਦਿੱਤਾ ਸੀ ਤੇ 9 ਵਿਕਟਾਂ ਨਾਲ ਮੈਚ ਜਿੱਤ ਲਿਆ ਸੀ ਪਰ ਦੱਖਣੀ ਅਫਰੀਕਾ ਚਾਹੇਗਾ ਕਿ ਉਹ ਉਸ ਦਿਨ ਨੂੰ ਭੁੱਲ ਕੇ ਆਖਰੀ ਮੈਚ ਵਿਚ ਇਕ ਨਵੀਂ ਸ਼ੁਰੂਆਤ ਕਰੇ ਤੇ ਜਿੱਤ ਦੇ ਨਾਲ ਸੀਰੀਜ਼ ਦੀ ਸਮਾਪਤੀ ਕਰੇ। ਦੱਖਣੀ ਅਫਰੀਕਾ ਜੇਕਰ ਜਿੱਤ ਨਾਲ ਸੀਰੀਜ਼ ਦੀ ਸਮਾਪਤੀ ਕਰਦਾ ਹੈ ਤਾਂ ਉਹ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਉੱਚੇ ਮਨੋਬਲ ਨਾਲ ਉਤਰੇਗਾ।
ਇੰਨਾਂ ਬੁਰਾ ਹਾਲ ਸਾਡਾ ਅੱਜ ਤਕ ਕਦੇ ਨਹੀਂ ਹੋਇਆ ਸੀ : ਅਮਲਾ
NEXT STORY