ਚੇਮਸਫੋਰਡ— ਭਾਰਤ ਦੇ 4 ਬੱਲੇਬਾਜ਼ਾਂ ਓਪਨਰ ਮੁਰਲੀ ਵਿਜੇ (53), ਕਪਤਾਨ ਵਿਰਾਟ ਕੋਹਲੀ (68), ਲੋਕੇਸ਼ ਰਾਹੁਲ (58) ਤੇ ਦਿਨੇਸ਼ ਕਾਰਤਿਕ (ਅਜੇਤੂ 82) ਨੇ ਕਾਊਂਟੀ ਟੀਮ ਏਸੈਕਸ ਵਿਰੁੱਧ 3 ਦਿਨਾ ਅਭਿਆਸ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਸ਼ਾਨਦਾਰ ਅਰਧ ਸੈਂਕੜੇ ਲਾਏ, ਜਿਨ੍ਹਾਂ ਦੀ ਬਦੌਲਤ ਭਾਰਤ ਨੇ ਸਟੰਪਸ ਤਕ 84 ਓਵਰਾਂ ਵਿਚ 6 ਵਿਕਟਾਂ 'ਤੇ 322 ਦੌੜਾਂ ਦਾ ਸਕੋਰ ਬਣਾ ਲਿਆ। ਭਾਰਤ ਦੀ ਸ਼ੁਰੂਆਤ ਹਾਲਾਂਕਿ ਬੇਹੱਦ ਖਰਾਬ ਰਹੀ ਤੇ ਉਸ ਨੇ ਤੀਜੇ ਓਵਰ ਵਿਚ 5 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਉਹ ਵਾਪਸੀ ਕਰਨ ਵਿਚ ਸਫਲ ਰਿਹਾ।

ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਇਸ ਇਕੌਲਤੇ ਅਭਿਆਸ ਮੈਚ ਵਿਚ ਚੰਗਾ ਬੱਲੇਬਾਜ਼ੀ ਅਭਿਆਸ ਕੀਤਾ। ਹਾਲਾਂਕਿ ਓਪਨਰ ਸ਼ਿਖਰ ਧਵਨ ਦਾ 0, ਚੇਤੇਸ਼ਵਰ ਪੁਜਾਰਾ ਦਾ 1 ਤੇ ਉਪ ਕਪਤਾਨ ਅਜਿੰਕਯ ਰਹਾਨੇ ਦਾ 17 ਦੌੜਾਂ ਬਣਾ ਕੇ ਆਊਟ ਹੋਣਾ ਥੋੜ੍ਹਾ ਚਿੰਤਾ ਦੀ ਗੱਲ ਰਹੀ, ਕਿਉਂਕਿ ਇਹ ਚੋਟੀ ਕ੍ਰਮ ਦੇ ਬੱਲੇਬਾਜ਼ ਹਨ ਤੇ ਇਨ੍ਹਾਂ ਦਾ ਪਹਿਲੇ ਟੈਸਟ ਵਿਚ ਖੇਡਣਾ ਤੈਅ ਹੈ।

ਭਾਰਤੀ ਕਪਤਾਨ ਵਿਰਾਟ ਨੇ ਇਸ ਮੈਚ ਵਿਚ ਟਾਸ ਜਿੱਤਦੇ ਹੀ ਬੱਲੇਬਾਜ਼ੀ ਅਭਿਆਸ ਦੇ ਟੀਚੇ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਇਸ ਦੌਰੇ ਵਿਚ ਫਾਰਮ ਲਈ ਜੂਝ ਰਿਹਾ ਖੱਬੇ ਹੱਥ ਦਾ ਓਪਨਰ ਸ਼ਿਖਰ ਧਵਨ ਪਾਰੀ ਦੀ ਤੀਜੀ ਹੀ ਗੇਂਦ 'ਤੇ ਬੋਲਡ ਹੋ ਗਿਆ। ਟੈਸਟ ਮਾਹਿਰ ਪੁਜਾਰਾ ਵੀ ਜ਼ਿਆਦਾ ਦੇਰ ਤਕ ਨਹੀਂ ਟਿਕ ਸਕਿਆ ਜਦਕਿ ਰਹਾਨੇ ਨੇ 47 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 17 ਦੌੜਾਂ ਬਣਾਈਆਂ ਪਰ ਇਕ ਪਾਸੇ ਸੰਭਲ ਕੇ ਖੇਡ ਰਹੇ ਵਿਜੇ ਨੇ ਵਿਰਾਟ ਨਾਲ 90 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤੀ ਪਾਰੀ ਨੂੰ ਪਤਨ ਤੋਂ ਬਚਾਇਆ। ਭਾਰਤੀ ਕਪਤਾਨ ਵਿਰਾਟ ਨੇ 93 ਗੇਂਦਾਂ 'ਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਵਿਚ ਬਿਹਤਰੀਨ 12 ਚੌਕੇ ਲਾਏ।
ਇਸ ਤੋਂ ਬਾਅਦ ਰਾਹੁਲ ਤੇ ਕਾਰਤਿਕ ਨੇ ਛੇਵੀਂ ਵਿਕਟ ਲਈ 114 ਦੌੜਾਂ ਜੋੜ ਕੇ ਭਾਰਤੀ ਪਾਰੀ ਨੂੰ ਸੰਕਟ ਤੋਂ ਬਾਹਰ ਕੱਢ ਲਿਆ। ਦੋਵਾਂ ਨੇ ਖੁੱਲ ਕੇ ਸ਼ਾਟਾਂ ਖੇਡੀਆਂ। ਖਾਸ ਤੌਰ 'ਤੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਕਾਰਤਿਕ ਨੌਜਵਾਨ ਰਿਸ਼ਭ ਪੰਤ ਦੇ ਖਤਰੇ ਨੂੰ ਸਮਝਦੇ ਹੋਏ ਬਿਹਤਰੀਨ ਅੰਦਾਜ਼ ਵਿਚ ਖੇਡਿਆ। ਭਾਰਤ ਦੀ ਛੇਵੀਂ ਵਿਕਟ ਰਾਹੁਲ ਦੇ ਰੂਪ ਵਿਚ 68ਵੇਂ ਓਵਰ ਵਿਚ 261 ਦੌੜਾਂ ਦੇ ਸਕੋਰ 'ਤੇ ਡਿੱਗੀ। ਕਾਰਤਿਕ ਨੇ ਫਿਰ ਆਲਰਾਊਂਡਰ ਹਾਰਦਿਕ ਪੰਡਯਾ ਨਾਲ ਭਾਰਤ ਨੂੰ ਬਾਕੀ ਸਮੇਂ ਵਿਚ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ।

ਸਟੰਪਸ ਦੇ ਸਮੇਂ ਕਾਰਤਿਕ 94 ਗੇਂਦਾਂ 'ਤੇ 15 ਚੌਕਿਆਂ ਦੀ ਮਦਦ ਨਾਲ 82 ਤੇ ਪੰਡਯਾ 33 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਦੋਵਾਂ ਵਿਚਾਲੇ ਹੁਣ ਤਕ 7 ਵਿਕਟਾਂ ਲਈ ਅਜੇਤੂ 61 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
ਅਮਰੀਕੀ ਓਪਨ ਤੋਂ ਪਹਿਲਾਂ ਦੋ ਟੂਰਨਾਮੈਂਟ ਖੇਡੇਗੀ ਸੇਰੇਨਾ
NEXT STORY