ਸਪੋਰਟਸ ਡੈਸਕ - ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ 170 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਬੁੱਧਵਾਰ, 17 ਜੂਨ 2026 ਨੂੰ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਭਾਰਤ ਨੇ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 49.5 ਓਵਰਾਂ ਵਿੱਚ 402 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ। ਭਾਰਤ ਵੱਲੋਂ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ। ਸ਼ੁਭਮਨ ਗਿੱਲ ਨੇ 154 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਆਪਣਾ 9ਵਾਂ ਵਨਡੇ ਸੈਂਕੜਾ ਸਿਰਫ਼ 77 ਗੇਂਦਾਂ ਵਿੱਚ ਪੂਰਾ ਕੀਤਾ। ਈਸ਼ਾਨ ਕਿਸ਼ਨ ਨੇ 71 ਗੇਂਦਾਂ ਵਿੱਚ ਆਪਣੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਜੜਿਆ ਅਤੇ 125 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 48 ਦੌੜਾਂ ਦਾ ਯੋਗਦਾਨ ਦਿੱਤਾ। ਅਫ਼ਗਾਨਿਸਤਾਨ ਦੇ ਸਪਿਨਰ ਨੰਗੇਯਾਲੀਆ ਖਰੋਟੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਝਟਕਾਈਆਂ।
403 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਅਫ਼ਗਾਨਿਸਤਾਨ ਦੀ ਟੀਮ 44.3 ਓਵਰਾਂ ਵਿੱਚ 232 ਦੌੜਾਂ 'ਤੇ ਹੀ ਸਿਮਟ ਗਈ। ਅਫ਼ਗਾਨਿਸਤਾਨ ਵੱਲੋਂ ਰਹਿਮਤ ਸ਼ਾਹ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ, ਜਦਕਿ ਸਦਿਕੁੱਲ੍ਹਾ ਅਟਲ ਨੇ 42 ਅਤੇ ਰਹਿਮਾਨੁੱਲ੍ਹਾ ਗੁਰਬਾਜ਼ ਨੇ 41 ਦੌੜਾਂ ਦਾ ਯੋਗਦਾਨ ਪਾਇਆ।
ਭਾਰਤੀ ਗੇਂਦਬਾਜ਼ਾਂ ਨੇ ਮਹਿਮਾਨ ਟੀਮ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ। ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾਰ ਨੇ 3-3 ਵਿਕਟਾਂ ਹਾਸਲ ਕੀਤੀਆਂ। ਆਪਣਾ ਪਹਿਲਾ ਮੈਚ (ਡੈਬਿਊ) ਖੇਡ ਰਹੇ ਪ੍ਰਿੰਸ ਯਾਦਵ ਨੇ ਵੀ 2 ਵਿਕਟਾਂ ਲਈਆਂ, ਜਦਕਿ ਵਾਸ਼ਿੰਗਟਨ ਸੁੰਦਰ ਨੂੰ ਇੱਕ ਸਫਲਤਾ ਮਿਲੀ।
ਪਿਤਾ ਦੀ ਮੌਤ ਦੇ ਬਾਵਜੂਦ ਖੇਡਣ ਆਇਆ ਖਿਡਾਰੀ, ਡੈਬਿਊ ਮੈਚ 'ਚ ਦੋ ਵਾਰ ਹੋਇਆ ਹਾਦਸੇ ਦਾ ਸ਼ਿਕਾਰ
NEXT STORY