ਸਪੋਰਸਟ ਡੈਸਕ— ਬੰਗਲਾਦੇਸ਼ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 2-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਰਤ ਅਤੇ ਬੰਗਲਾਦੇਸ਼ ਦੇ 'ਚ 14 ਨਵੰਬਰ ਤੋਂ ਟੈਸਟ ਸੀਰੀਜ਼ ਸ਼ੁਰੂ ਹੋਣ ਵਾਲੀ ਹੈ। ਪਹਿਲਾ ਟੈਸਟ ਮੈਚ 14 ਨਵੰਬਰ ਤੋਂ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਸਵੇਰੇ 9.30 ਵਜੇ ਤੋਂ ਖੇਡਿਆ ਜਾਵੇਗਾ। ਇਹ ਸੀਰੀਜ਼ ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾਵੇਗੀ ਅਤੇ ਭਾਰਤੀ ਟੀਮ ਪੁਆਈਂਟ ਟੇਬਲ 'ਚ 120 ਅੰਕ ਹਾਸਲ ਕਰਨਾ ਚਾਹੇਗੀ।
ਬੰਗਲਾਦੇਸ਼ 'ਤੇ ਭਾਰਤ ਦਾ ਰਿਹਾ ਦਬਦਬਾ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤੱਕ 9 ਟੈਸਟ ਮੈਚ ਖੇਡੇ ਗਏ ਹਨ, ਜਿਸ 'ਚ ਭਾਰਤੀ ਟੀਮ ਨੇ 7 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦਕਿ ਬੰਗਲਾਦੇਸ਼ ਨੂੰ ਇਕ ਵੀ ਮੈਚ 'ਚ ਜਿੱਤ ਨਸੀਬ ਨਹੀਂ ਹੋਈ ਹੈ। ਹਾਲਾਂਕਿ ਬੰਗਲਾਦੇਸ਼ ਟੀਮ ਦੋ ਮੈਚਾਂ ਨੂੰ ਡਰਾਅ ਕਰਾਉਣ 'ਚ ਸਫਲ ਰਹੀ ਹੈ। ਇਨ੍ਹਾਂ 9 ਮੈਚਾਂ 'ਚੋਂ 8 ਮੈਚ ਬੰਗਲਾਦੇਸ਼ 'ਚ ਖੇਡੇ ਗਏ ਹਨ ਜਿਨ੍ਹਾਂ 'ਚੋਂ ਭਾਰਤ ਨੇ 6 ਮੈਚ ਜਿੱਤੇ ਹਨ, ਉਥੇ ਹੀ ਭਾਰਤ 'ਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਸਿਰਫ 1 ਮੈਚ ਖੇਡਿਆ ਗਿਆ ਹੈ ਅਤੇ ਉਸ 'ਚ ਭਾਰਤੀ ਟੀਮ ਨੇ ਇਕ ਪਾਸੜ ਜਿੱਤ ਹਾਸਲ ਕੀਤੀ ਸੀ।
ਭਾਰਤ ਨਾਲ ਸੀ ਬੰਗਲਾਦੇਸ਼ ਦੇ ਟੈਸਟ ਇਤਿਹਾਸ ਦਾ ਪਹਿਲਾ ਮੈਚ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ 10 ਤੋਂ 13 ਨਵੰਬਰ 2000 'ਚ ਢਾਕਾ 'ਚ ਖੇਡਿਆ ਗਿਆ ਸੀ ਅਤੇ ਇਹ ਬੰਗਲਾਦੇਸ਼ ਦੇ ਟੈਸਟ ਇਤਿਹਾਸ ਦਾ ਪਹਿਲਾ ਮੈਚ ਵੀ ਸੀ। ਇਸ ਮੈਚ 'ਚ ਭਾਰਤੀ ਟੀਮ ਨੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਦੋਵਾਂ ਟੀਮਾਂ ਵਿਚਾਲੇ ਆਖਰੀ ਟੈਸਟ 2017 'ਚ 9 ਤੋਂ 13 ਫਰਵਰੀ ਨੂੰ ਹੈਦਰਾਬਾਦ 'ਚ ਖੇਡਿਆ ਗਿਆ ਸੀ, ਜਿਸ 'ਚ ਭਾਰਤ ਨੇ 208 ਦੌੜਾਂ ਨਾਲ ਇਕ ਪਾਸੜ ਜਿੱਤ ਹਾਸਲ ਕੀਤੀ ਸੀ।
ਹੋਲਕਰ ਸਟੇਡੀਅਮ ਦਾ ਰਿਕਾਰਡ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ 14 ਤੋਂ 18 ਨਵੰਬਰ ਤੱਕ ਖੇਡਿਆ ਜਾਣਾ ਵਾਲਾ ਟੈਸਟ ਮੈਚ ਹੋਲਕਰ ਸਟੇਡੀਅਮ ਦੇ ਇਤਿਹਾਸ ਦਾ ਦੂਜਾ ਟੈਸਟ ਮੁਕਾਬਲਾ ਹੋਵੇਗਾ। ਹੋਲਕਰ ਸਟੇਡੀਅਮ 'ਚ ਸਾਲ 2006 ਤੋਂ ਲੈ ਕੇ ਹੁਣ ਤਕ ਇਕ ਟੈਸਟ ਮੈਚ ਆਯੋਜਿਤ ਕੀਤਾ ਗਿਆ ਹੈ, ਉਹ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਾਲ 2016 'ਚ ਖੇਡਿਆ ਗਿਆ ਸੀ, ਜਿਸ 'ਚ ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਨੂੰ 321 ਦੌੜਾਂ ਨਾਲ ਹਰਾਇਆ ਸੀ। ਇਸ ਲਿਹਾਜ਼ ਨਾਲ ਦੇਖੀਏ ਤਾਂ ਵਿਰੋਧੀ ਟੀਮ ਵੀ ਭਾਰਤ ਦੇ ਸਾਹਮਣੇ ਕਿਤੇ ਨਹੀਂ ਟਿੱਕਦੀ। ਉਥੇ ਹੀ ਇਸ ਮੈਦਾਨ 'ਤੇ ਵੀ ਭਾਰਤ ਕਦੇ ਨਹੀਂ ਹਾਰਿਆ ਹੈ। ਇਸ ਲਈ ਭਾਰਤ ਦਾ ਪੱਖ ਭਾਰੀ ਮੰਨਿਆ ਜਾ ਰਿਹਾ ਹੈ।
ਸਭ ਤੋਂ ਜ਼ਿਆਦਾ ਦੌੜਾਂ
ਸਚਿਨ ਤੇਂਦੁਲਕਰ ਨੇ ਬੰਗਲਾਦੇਸ਼ ਖਿਲਾਫ 7 ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ 820 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ ਅਜੇਤੂ 248 ਦੌੜਾਂ ਰਿਹਾ। ਬੰਗਲਾਦੇਸ਼ ਦੇ ਮੁਹੰਮਦ ਅਸ਼ਰਫੁਲ ਨੇ ਭਾਰਤ ਖਿਲਾਫ 6 ਮੈਚਾਂ 'ਚ 386 ਦੌੜਾਂ ਬਣਾਈਆਂ ਹਨ, ਜਿਨ੍ਹਾਂ 'ਚ ਉਸ ਦਾ ਸਰਵਸ਼੍ਰੇਸ਼ਠ ਸਕੋਰ ਅਜੇਤੂ 158 ਦੌੜਾਂ ਦਾ ਰਿਹਾ ਹੈ।
ਸਭ ਤੋਂ ਜ਼ਿਆਦਾ ਸੈਂਕੜੇ
ਸਚਿਨ ਤੇਂਦੁਲਕਰ ਨੇ ਬੰਗਲਾਦੇਸ਼ ਖਿਲਾਫ ਸਭ ਤੋਂ ਜ਼ਿਆਦਾ 5 ਸੈਂਕੜੇ ਲਾਏ ਹਨ। ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ ਮੁਸ਼ਫਿਕੁਰ ਰਹੀਮ ਨੇ ਭਾਰਤ ਖਿਲਾਫ 2 ਸੈਕੜੇ ਲਾਏ ਹਨ।
ਸਭ ਤੋਂ ਜ਼ਿਆਦਾ ਵਿਕਟਾਂ
ਭਾਰਤ ਦੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਬੰਗਲਾਦੇਸ਼ ਖਿਲਾਫ 7 ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ 31 ਵਿਕਟਾਂ ਹਾਸਲ ਕੀਤੀਆਂ ਹਨ। ਜਿਸ 'ਚ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 87 ਦੌੜਾਂ ਦੇ ਕੇ 7 ਵਿਕਟਾਂ ਦਾ ਰਿਹਾ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਭਾਰਤ ਖਿਲਾਫ 6 ਮੈਚਾਂ 'ਚ 15 ਵਿਕਟਾਂ ਲਈਆਂ ਹਨ, ਜਿਸ 'ਚ ਉਨ੍ਹਾਂ ਦਾ ਸਰਵਸ਼੍ਰੇਸ਼ਠ 62 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।
ਇਹ ਟੈਸਟ ਸੀਰੀਜ਼ ਆਈ.ਸੀ.ਸੀ ਟੇਸਟ ਚੈਂਪਿਅਨਸ਼ਿਪ ਦੇ ਤਹਿਤ ਖੇਡੀ ਜਾਵੇਗੀ। ਟੇਸਟ ਚੈਂਪਿਅਨਸ਼ਿਪ ਵਿਚ ਰੋਹੀਤ ਸ਼ਰਮਾ ਹੁਣ ਤਕ ਤਿਨ ਸੈਂਕਡ਼ੇ ਜੜ ਚੁੱਕੇ ਹਨ। ਇਹ ਤਿਨੋ ਸੈਂਕਡ਼ੇ ਰੋਹੀਤ ਸ਼ਰਮਾ ਨੇ ਦੱਖਣੀ ਅਫਰੀਕਾ ਦੇ ਖਿਲਾਫ ਖੇਡੀ ਗਈ ਸੀਰੀਜ਼ ਵਿਚ ਹੀ ਠੋਕੇ ਸੀ। ਰੋਹੀਤ ਸ਼ਰਮਾ ਦੇ ਹੀ ਬਰਾਬਰ ਸੈਂਕਡ਼ੇ ਆਸਟਰੇਲਿਆ ਦੇ ਸਟੀਵ ਸਮਿਥ ਵੀ ਲਗਾ ਚੁੱਕੇ ਹਨ। ਰੋਹੀਤ ਸ਼ਰਮਾ ਜੇਕਰ ਇੱਕ ਸੈਂਕਡ਼ਾ ਹੋਰ ਲਗਾ ਦਿੰਦੇ ਹਨ ਤਾਂ ਉਹ ਟੇਸਟ ਚੈਂਪਿਅਨਸ਼ਿਪ ਵਿੱਚ ਸਭ ਤੋਂ ਵੱਧ ਸੈਂਕਡ਼ੇ ਲਗਾਉਣ ਵਾਲੇ ਬੱਲੇਬਾਜ਼ ਬਣ ਜਾਣਗੇ।
ਸਿੰਧੂ ਅਤੇ ਪ੍ਰਣਯ ਨੇ ਹਾਂਗਕਾਂਗ ਓਪਨ ਦੇ ਦੂਜੇ ਦੌਰ 'ਚ ਬਣਾਈ ਜਗ੍ਹਾ
NEXT STORY