ਨਵੀਂ ਦਿੱਲੀ, (ਭਾਸ਼ਾ)– ਦਿੱਲੀ ਕੈਪੀਟਲਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਵਿਚ ਬੁੱਧਵਾਰ ਨੂੰ ਇੱਥੇ ਗੁਜਰਾਤ ਟਾਈਟਨਸ ਵਿਰੁੱਧ ਉਤਰੇਗੀ ਤਾਂ ਉਸ ਨੂੰ ਆਪਣੇ ਗੇਂਦਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜਦਕਿ ਰਿਸ਼ਭ ਪੰਤ ਦੀ ਕਪਤਾਨੀ ’ਤੇ ਵੀ ਨਜ਼ਰਾਂ ਰਹਿਣਗੀਆਂ। ਪੰਤ ਲਈ ਘਰੇਲੂ ਮੈਦਾਨ ’ਤੇ ਵਾਪਸੀ ਉਮੀਦ ਦੇ ਮੁਤਾਬਕ ਨਹੀਂ ਰਹੀ ਤੇ ਦਿੱਲੀ ਨੂੰ ਲਗਾਤਾਰ 2 ਜਿੱਤਾਂ ਦਰਜ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਘਰੇਲੂ ਮੈਦਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 67 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਦਿੱਲੀ ਦੀ ਟੀਮ ਨੂੰ 8 ਮੈਚਾਂ ਵਿਚੋਂ 3 ਜਿੱਤਾਂ ਤੇ 5 ਹਾਰ ਦਾ ਸਾਹਮਣਾ ਕਰਨਾ ਪਿਆ।
ਟੀਮ ਚੰਗੀ ਤਰ੍ਹਾਂ ਨਾਲ ਜਾਣਦੀ ਹੈ ਕਿ ਜੇਕਰ ਉਸ ਨੂੰ ਪਲੇਅ ਆਫ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਣਾ ਹੈ ਤਾਂ ਜਿੱਤ ਦੇ ਰਸਤੇ ’ਤੇ ਪਰਤਣਾ ਪਵੇਗਾ। ਸਨਾਈਜ਼ਰਜ਼ ਵਿਰੁੱਧ ਪੰਤ ਦੇ ਫੈਸਲਿਆਂ ’ਤੇ ਕਈ ਵਾਰ ਸਵਾਲ ਉੱਠੇ। ਟਾਸ ਦੇ ਸਮੇਂ ਉਹ ਅਰੁਣ ਜੇਤਲੀ ਸਟੇਡੀਅਮ ਵਿਚ ਤਰੇਲ ਦੇ ਪਹਿਲੂ ਨੂੰ ਸਹੀ ਤਰ੍ਹਾਂ ਨਾਲ ਨਹੀਂ ਸਮਝ ਸਕਿਆ ਤੇ ਉਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਤ ਦਾ ਪਾਰੀ ਦਾ ਦੂਜਾ ਓਵਰ ਲਲਿਤ ਯਾਦਵ ਨੂੰ ਸੌਂਪਣ ਦਾ ਫੈਸਲਾ ਵੀ ਵਿਵਾਦਪੂਰਨ ਰਿਹਾ ਤੇ ਸਨਰਾਈਜ਼ਰਜ਼ ਨੇ ਤੂਫਾਨੀ ਸ਼ੁਰੂਆਤ ਕਰਦੇ ਹੋਏ ਪਾਵਰਪਲੇਅ ਵਿਚ ਬਿਨਾਂ ਵਿਕਟ ਗੁਆਏ 125 ਦੌੜਾਂ ਬਣਾਈਆਂ।
ਪੰਤ ਬੱਲੇਬਾਜ਼ੀ ਦੌਰਾਨ ਜੂਝਦਾ ਨਜ਼ਰ ਆਇਆ ਤੇ ਟੀਚੇ ਦਾ ਪਿੱਛਾ ਕਰਦੇ ਹੋਏ 35 ਗੇਂਦਾਂ ’ਚ ਸਿਰਫ 44 ਦੌੜਾਂ ਹੀ ਬਣਾ ਸਕਿਆ। ਸਨਰਾਈਜ਼ਰਜ਼ ਦੀਆਂ 267 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜਾਂ ਤੋਂ ਤੂਫਾਨੀ ਸ਼ੁਰੂਆਤ ਦੀ ਉਮੀਦ ਸੀ ਪਰ ਪ੍ਰਿਥਵੀ ਸ਼ਾਹ ਤੇ ਡੇਵਿਡ ਵਾਰਨਰ ਨੇ ਨਿਰਾਸ਼ ਕੀਤਾ। ਨੌਜਵਾਨ ਜੈਕ ਫ੍ਰੇਜ਼ਰ ਮੈਕਗੁਰਕ ਨੇ ਸਿਰਫ 18 ਗੇਂਦਾਂ ’ਚ 65 ਦੌੜਾਂ ਬਣਾਈਆਂ ਪਰ ਉਸ ਨੂੰ ਦੂਜੇ ਪਾਸੇ ਤੋਂ ਲੋੜੀਂਦਾ ਸਮਰਥਨ ਨਹੀਂ ਮਿਲਿਆ। ਅਭਿਸ਼ੇਕ ਪੋਰੇਲ ਨੇ ਵੀ 22 ਗੇਂਦਾਂ ’ਚ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਪਰ ਇਹ ਨਾਕਾਫੀ ਸੀ।
ਸਨਰਾਈਜ਼ਰਜ਼ ਨੇ ਦਿੱਲੀ ਦੇ ਗੇਂਦਬਾਜ਼ਾਂ ਵਿਰੁੱਧ ਆਸਾਨੀ ਨਾਲ ਦੌੜਾਂ ਬਣਾਈਆਂ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਕੋਟਲਾ ਦੀ ਛੋਟੀ ਬਾਊਂਡਰੀ ਵਿਚਾਲੇ ਸ਼ਾਟ ਪਿੱਚ ਗੇਂਦਬਾਜ਼ੀ ਕਰਨ ਦੀ ਰਣਨੀਤੀ ਗਲਤ ਸਾਬਤ ਹੋਈ। ਤੇਜ਼ ਗੇਂਦਬਾਜ਼ੀ ਹਮਲੇ ਦਾ ਆਗੂ ਐਨਰਿਕ ਨੋਰਤਜੇ ਮੌਜੂਦਾ ਸੈਸ਼ਨ ਵਿਚ ਬਿਲਕੁਲ ਵੀ ਲੈਅ ਵਿਚ ਨਜ਼ਰ ਨਹੀਂ ਆ ਰਿਹਾ ਤੇ ਟੀਮ ਨੂੰ ਪਿੱਠ ਵਿਚ ਜਕੜਨ ਕਾਰਨ ਤਜਰਬੇਕਾਰ ਇਸ਼ਾਂਤ ਸ਼ਰਮਾ ਦੇ ਪਿਛਲੇ ਮੈਚ ਵਿਚੋਂ ਬਾਹਰ ਰਹਿਣ ਤੋਂ ਬਾਅਦ ਉਸਦੇ ਵਾਪਸੀ ਕਰਨ ਦੀ ਉਮੀਦ ਹੋਵੇਗੀ। ਕੁਲਦੀਪ ਯਾਦਵ ਮੌਜੂਦਾ ਸੈਸ਼ਨ ਵਿਚ 7.60 ਦੀ ਇਕਨਾਮੀ ਰੇਟ ਨਾਲ 5 ਮੈਚਾਂ ਵਿਚ 10 ਵਿਕਟਾਂ ਲੈ ਕੇ ਦਿੱਲੀ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ ਪਰ ਸਨਰਾਈਜ਼ਰਜ਼ ਵਿਰੁੱਧ ਉਹ ਵੀ ਕਾਫੀ ਮਹਿੰਗਾ ਸਾਬਤ ਹੋਇਆ। ਉਸ ਨੇ ਦਿੱਲੀ ਦੇ ਗੇਂਦਬਾਜ਼ਾਂ ਵਿਚਾਲੇ ਸਭ ਤੋਂ ਵੱਧ 8 ਖਾਲੀ ਗੇਂਦਾਂ ਸੁੱਟੀਆਂ ਪਰ ਸਭ ਤੋਂ ਵੱਧ ਸੱਤ ਛੱਕੇ ਵੀ ਖਾ ਗਿਆ।
ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿਚ ਟਾਈਟਨਸ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਦਿਸੀ ਪਰ ਪੰਜਾਬ ਕਿੰਗਜ਼ ਵਿਰੁੱਧ ਪਿਛਲੇ ਮੈਚ ਵਿਚ 3 ਵਿਕਟਾਂ ਦੀ ਜਿੱਤ ਦੀ ਬਦੌਲਤ ਇਹ ਸਾਬਕਾ ਚੈਂਪੀਅਨ ਟੀਮ 8 ਮੈਚਾਂ ਵਚੋਂ 4 ਜਿੱਤਾਂ ਤੇ ਇੰਨੀਆਂ ਹੀ ਹਾਰਾਂ ਨਾਲ 8 ਅੰਕ ਲੈ ਕੇ 6ਵੇਂ ਸਥਾਨ ’ਤੇ ਹੈ। ਟਾਈਟਨਸ ਦੀਆਂ ਨਜ਼ਰਾਂ ਵੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਪਲੇਅ ਆਫ ਦਾ ਦਾਅਵਾ ਮਜ਼ਬੂਤ ਕਰਨ ’ਤੇ ਟਿੱਕੀਆਂ ਹੋਣਗੀਆਂ। ਟੀਮ ਨੂੰ ਬੱਲੇਬਾਜ਼ੀ ਵਿਚ ਗਿੱਲ ਤੋਂ ਇਲਾਵਾ ਸਾਈ ਸੁਦਰਸ਼ਨ, ਡੇਵਿਡ ਮਿਲਰ ਤੇ ਅਜ਼ਮਤਉੱਲ੍ਹਾ ਉਮਰਜਈ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜਦਕਿ ਰਾਹੁਲ ਤੇਵਤੀਆ ਨੂੰ ਫਿਨਿਸ਼ਰ ਦੀ ਭੂਮਿਕਾ ਨਿਭਾਉਣੀ ਪਵੇਗੀ। ਗੇਂਦਬਾਜ਼ੀ ਵਿਭਾਗ ਵਿਚ ਦਾਰੋਮਦਾਰ ਤਜਰਬੇਕਾਰ ਮੋਹਿਤ ਸ਼ਰਮਾ, ਨੂਰ ਅਹਿਮਦ ਤੇ ਰਾਸ਼ਿਦ ਖਾਨ ’ਤੇ ਹੋਵੇਗਾ।
ਚਾਹਲ ਨੂੰ ਟੀਮ 'ਚ ਨਾ ਰੱਖਣ ਦਾ ਅਫਸੋਸ ਲੰਬੇ ਸਮੇਂ ਤੱਕ ਰਹੇਗਾ : ਮਾਈਕ ਹੇਸਨ
NEXT STORY