ਬਰਮਿੰਘਮ— ਸਟੀਵ ਸਮਿਥ ਤੇ ਮੈਥਿਊ ਵੇਡ ਦੇ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੇ ਐਤਵਾਰ ਨੂੰ ਇੱਥੇ ਇੰਗਲੈਂਡ ਦੇ ਸਾਹਮਣੇ ਪਹਿਲੇ ਏਸ਼ੇਜ਼ ਟੈਸਟ ਕ੍ਰਿਕਟ ਮੈਚ ਵਿਚ ਜਿੱਤ ਲਈ 398 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ। ਇੰਗਲੈਂਡ ਵਿਚ ਪਿਛਲੇ 18 ਸਾਲਾਂ ਵਿਚ ਪਹਿਲੀ ਏਸ਼ੇਜ਼ ਲੜੀ ਜਿੱਤਣ ਦੀ ਕਵਾਇਦ ਵਿਚ ਲੱਗੇ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 7 ਵਿਕਟਾਂ 'ਤੇ 487 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ। ਇਸ ਤਰ੍ਹਾਂ ਉਸ ਨੂੰ 397 ਦੌੜਾਂ ਦੀ ਬੜ੍ਹਤ ਹਾਸਲ ਹੋਈ। ਇੰਗਲੈਂਡ ਨੇ ਇਸ ਦੇ ਜਵਾਬ ਵਿਚ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਦੂਜੀ ਪਾਰੀ ਵਿਚ ਬਿਨਾਂ ਕੋਈ ਵਿਕਟ ਗੁਆਏ 13 ਦੌੜਾਂ ਬਣਾਈਆਂ। ਰੋਰੀ ਬਰਨਸ 7 ਜਦਕਿ ਜੈਸਨ ਰਾਏ 6 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ। ਇੰਗਲੈਂਡ ਨੇ ਮੈਚ ਦੇ ਆਖਰੀ ਦਿਨ ਜਿੱਤ ਲਈ 385 ਦੌੜਾਂ ਹੋਰ ਬਣਾਉਣੀਆਂ ਹਨ ਜਦਕਿ ਉਸ ਦੀਆਂ ਸਾਰੀਆਂ 10 ਵਿਕਟਾਂ ਸੁਰੱਖਿਅਤ ਹਨ।

ਪਹਿਲੀ ਪਾਰੀ ਵਿਚ 144 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਸਮਿਥ ਨੇ ਦੂਜੀ ਪਾਰੀ ਵਿਚ 142 ਦੌੜਾਂ ਬਣਾਈਆਂ। ਪਿਛਲੇ ਦੋ ਸਾਲਾਂ ਵਿਚ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਮੈਥਿਊ ਵੇਡ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 110 ਦੌੜਾਂ ਬਣਾਈਆਂ। ਸਮਿਥ ਤੇ ਵੇਡ ਨੇ ਪੰਜਵੀਂ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ ਕੀਤੀ। ਸਮਿਥ ਨੇ ਇਸ ਤੋਂ ਪਹਿਲਾਂ ਟ੍ਰੇਵਿਸ ਹੈੱਡ (51) ਨਾਲ ਚੌਥੀ ਵਿਕਟ ਲਈ 130 ਦੌੜਾਂ ਜੋੜੀਆਂ ਸਨ। ਇਸ ਦੇ ਇਲਾਵਾ ਕਪਤਾਨ ਟਿਮ ਪੇਨ ਨੇ 34, ਜੇਮਸ ਪੈਟਿੰਸਨ ਨੇ ਅਜੇਤੂ 47 ਤੇ ਪੈਟ ਕਮਿੰਸ ਨੇ ਅਜੇਤੂ 26 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਬੇਨ ਸਟੋਕਸ ਨੇ 3 ਤੇ ਮੋਇਨ ਅਲੀ ਨੇ 2 ਵਿਕਟਾਂ ਹਾਸਲ ਕੀਤੀਆਂ।
ਐਜਬੈਸਟਨ ਵਿਚ ਹੁਣ ਤਕ ਸਿਰਫ 3 ਮੌਕਿਆਂ 'ਤੇ ਹੀ ਕੋਈ ਟੀਮ ਚੌਥੀ ਪਾਰੀ ਵਿਚ 150 ਤੋਂ ਵੱਧ ਦੌੜਾਂ ਬਣਾ ਕੇ ਜਿੱਤ ਦਰਜ ਕਰ ਸਕੀ ਹੈ। ਦੱਖਣੀ ਅਫਰੀਕਾ ਨੇ 11 ਸਾਲ ਪਹਿਲਾਂ 5 ਵਿਕਟਾਂ 'ਤੇ 283 ਦੌੜਾਂ ਬਣਾ ਕੇ ਐਜਬੈਸਟਨ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਬਣਾਇਆ ਸੀ।
ਸਮਿਥ ਨੇ ਫਿਰ ਤੋਂ ਸ਼ਾਦਨਾਰ ਪਾਰੀ ਖੇਡੀ। ਇਹ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਸਮਿਥ ਦਾ ਪਹਿਲਾ ਟੈਸਟ ਹੈ, ਜਿਸ ਨੂੰ ਉਸ ਨੇ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਸਮਿਥ ਏਸ਼ੇਜ਼ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜਾ ਲਾਉਣ ਵਾਲਾ ਪੰਜਵਾਂ ਆਸਟਰੇਲੀਆਈ ਬੱਲੇਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਵਾਰੇਨ ਬਾਰਡਸਲੇ (1909), ਆਰਥਰ ਮੌਰਿਸ (1946-47), ਸਟੀਵ ਵਾਗ (1997) ਤੇ ਮੈਥਿਊ ਵੇਡ (2002-03) ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਇਹ ਸਮਿਥ ਦਾ 25ਵਾਂ ਸੈਂਕੜਾ ਹੈ।
ਆਸਟਰੇਲੀਆ ਨੇ ਸਵੇਰੇ ਜਦੋਂ 3 ਵਿਕਟਾਂ 'ਤੇ 124 ਦੌੜਾਂ ਤੋਂ ਆਪਣੀ ਦੂਜੀ ਪਾਰੀ ਅੱਗੇ ਵਧਾਈ ਤਾਂ ਮੈਚ ਬਰਾਬਰੀ 'ਤੇ ਲੱਗ ਰਿਹਾ ਸੀ ਪਰ ਇਸ ਤੋਂ ਬਾਅਦ ਸਮਿਥ ਤੇ ਹੈੱਡ ਨੇ ਇੰਗਲੈਂਡ ਦੀ ਪ੍ਰੇਸ਼ਾਨੀ ਵਧਾ ਦਿੱਤੀ। ਸਮਿਥ ਪਿਛਲੀਆਂ 10 ਏਸ਼ੇਜ਼ ਪਾਰੀਆਂ ਵਿਚ 1000 ਤੋਂ ਵੱਧ ਦੌੜਾਂ ਬਣਾ ਚੁੱਕਾ ਹੈ। ਏਸ਼ੇਜ਼ ਦੀਆਂ 10 ਪਾਰੀਆਂ ਵਿਚ 800 ਤੋਂ ਵੱਧ ਦੌੜਾਂ ਸਮਿਥ ਤੋਂ ਇਲਾਵਾ ਸਰ ਡਾਨ ਬ੍ਰੈਡਮੈਨ ਹੀ ਬਣਾ ਸਕਿਆ ਹੈ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਇੰਗਲੈਂਡ ਨੇ 374 ਦੌੜਾਂ ਬਣਾ ਕੇ 90 ਦੌੜਾਂ ਦੀ ਬੜ੍ਹਤ ਬਣਾਈ ਸੀ।
ਯੁਵਰਾਜ ਦੇ ਆਲਰਾਊਂਡ ਪ੍ਰਦਰਸ਼ਨ ਦੇ ਬਾਵਜੂਦ ਟੋਰਾਂਟੋ ਨੈਸ਼ਨਲਜ਼ ਹਾਰੀ
NEXT STORY