ਸ਼ਾਰਜਾਹ- ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 46ਵਾਂ ਮੈਚ ਅੱਜ ਖੇਡਿਆ ਗਿਆ। ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਬਣਾਈਆਂ ਜਿਸ ਵਿਚ ਸਭ ਤੋਂ ਜ਼ਿਆਦਾ ਸਕੋਰ ਸੂਰਯਕੁਮਾਰ ਯਾਦਵ (33) ਦਾ ਰਿਹਾ। ਜਦਕਿ ਦਿੱਲੀ ਵਲੋਂ ਅਵੇਸ਼ ਖਾਨ ਤੇ ਅਕਸ਼ਰ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕ੍ਰਮਵਾਰ 15 ਤੇ 21 ਦੌੜਾਂ ਦੇ ਕੇ 3-3 ਵਿਕਟਾਂ ਆਪਣੇ ਨਾਂ ਕੀਤੀਆਂ। ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਕੈਪੀਟਲਸ ਦੀ ਟੀਮ ਨੇ 130 ਦੌੜਾਂ ਦਾ ਟੀਚੇ ਨੂੰ 6 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਦਿੱਲੀ ਵੱਲੋਂ ਸ਼੍ਰੇਅਸ ਅਈਅਰ ਨੇ ਅਜੇਤੂ 33 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਯੋਗਦਾਨ ਦਿੱਤਾ।
ਦਿੱਲੀ ਦੀ ਪਾਰੀ : ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਦਿੱਲੀ ਦਾ ਪਹਿਲਾ ਵਿਕਟ ਸ਼ਿਖਰ ਧਵਨ ਦੇ ਤੌਰ 'ਤੇ ਡਿੱਗਿਆ। ਸ਼ਿਖਰ 8 ਦੌੜਾਂ ਦੇ ਨਿੱਜੀ ਸਕੋਰ 'ਤੇ ਪੋਲਾਰਡ ਵੱਲੋਂ ਰਨ ਆਊਟ ਕੀਤੇ ਗਏ। ਦਿੱਲੀ ਨੂੰ ਦੂਜਾ ਝਕਟਾ ਉਦੋਂ ਲੱਗਾ ਜਦੋਂ ਪ੍ਰਿਥਵੀ ਸ਼ਾਹ 6 ਦੌੜਾਂ ਦੇ ਨਿੱਜੀ ਸਕੋਰ 'ਤੇ ਕਰੁਣਾਲ ਪੰਡਯਾ ਵੱਲੋਂ ਐਲ. ਬੀ. ਡਬਲਯੂ. ਆਊਟ ਹੋਏ। ਦਿੱਲੀ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਵੀ ਕੋਈ ਕਮਾਲ ਨਾ ਕਰ ਸਕੇ ਤੇ 9 ਦੌੜਾਂ ਦੇ ਨਿੱਜੀ ਸਕੋਰ 'ਤੇ ਕੂਲਟਰ ਨਾਈਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ ਰਿਸ਼ਭ ਪੰਤ 26 ਦੌੜਾਂ ਦੇ ਨਿੱਜੀ ਸਕੋਰ 'ਤੇ ਜਯੰਤ ਦੀ ਗੇਂਦ ਤੇ ਹਾਰਦਿਕ ਪੰਡਯਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਦਿੱਲੀ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਅਕਸ਼ਰ ਪਟੇਲ 9 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਟ ਵਲੋਂ ਐੱਲ. ਬੀ. ਡਬਲਯੂ. ਆਊਟ ਹੋ ਗਏ। ਦਿੱਲੀ ਦਾ ਛੇਵਾਂ ਵਿਕਟ ਉਦੋਂ ਡਿੱਗਿਆ ਜਦੋਂ ਸ਼ਿਮਰੋਨ ਹੇਟਮਾਇਰ 15 ਦੌੜਾਂ ਦੇ ਨਿੱਜੀ ਸਕੋਰ 'ਤੇ ਬੁਮਰਾਹ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਖ਼ਬਰ ਲਿਖੇ ਜਾਣ ਤਕ ਦਿੱਲੀ ਨੇ 6 ਵਿਕਟ ਦੇ ਨੁਕਸਾਨ 'ਤੇ 94 ਦੌੜਾਂ ਬਣਾ ਲਈਆਂ ਸਨ।
ਮੁੰਬਈ ਦੀ ਪਾਰੀ : ਮੁੰਬਈ ਦਾ ਪਹਿਲਾ ਵਿਕਟ ਰੋਹਿਤ ਸ਼ਰਮਾ ਦੇ ਤੌਰ 'ਤੇ ਡਿੱਗਾ। ਰੋਹਿਤ 7 ਦੌੜਾਂ ਦੇ ਨਿੱਜੀ ਸਕੋਰ 'ਤੇ ਆਵੇਸ਼ ਖ਼ਾਨ ਦੀ ਗੇਂਦ 'ਤੇ ਰਬਾਡਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਮੁੰਬਈ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੁਇੰਟਨ ਡੀ ਕਾਕ 19 ਦੌੜਾਂ ਦੇ ਨਿੱਜੀ ਸਕੋਰ 'ਤੇ ਅਕਸ਼ਰ ਦੀ ਗੇਂਦ 'ਤੇ ਨਾਰਤਜੇ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਮੁੰਬਈ ਦਾ ਤੀਜਾ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ 'ਤੇ ਡਿੱਗਿਆ। ਸੂਰਯਕੁਮਾਰ 33 ਦੌੜਾਂ ਦੇ ਨਿੱਜੀ ਸਕੋਰ 'ਤੇ ਅਕਸ਼ਰ ਦੀ ਗੇਂਦ 'ਤੇ ਰਬਾਡਾ ਨੂੰ ਕੈਚ ਦੇ ਕੇ ਆਊਟ ਹੋ ਗਏ। ਸੂਰਯਕੁਮਾਰ ਨੇ ਆਪਣੀ ਪਾਰੀ ਦੇ ਦੌਰਾਨ ਦੋ ਚੌਕੇ ਤੇ ਦੋ ਛੱਕੇ ਲਾਏ।
ਮੁੰਬਈ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸੌਰਭ ਤਿਵਾਰੀ 15 ਦੌੜਾਂ ਦੇ ਨਿੱਜੀ ਸਕੋਰ 'ਤੇ ਅਕਸ਼ਰ ਦੀ ਗੇਂਦ 'ਤੇ ਪੰਤ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਮੁੰਬਈ ਦਾ 5ਵਾਂ ਵਿਕਟ ਕੀਰੋਨ ਪੋਲਾਰਡ ਦਾ ਡਿੱਗਾ। ਕੀਰੋਨ 6 ਦੌੜਾਂ ਦੇ ਸਕੋਰ 'ਤੇ ਨੋਰਤਜੇ ਵੱਲੋਂ ਬੋਲਡ ਕੀਤੇ ਗਏ। ਇਸ ਤੋਂ ਬਾਅਦ ਹਾਰਦਿਕ ਪੰਡਯਾ 17 ਦੌੜਾਂ ਦੇ ਨਿੱਜੀ ਸਕੋਰ 'ਤੇ ਆਵੇਸ਼ ਖ਼ਾਨ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਨਾਥਨ ਕੂਲਟਰ ਨਾਈਲ ਵੀ 1 ਦੌੜ ਦੇ ਨਿੱਜੀ ਸਕੋਰ 'ਤੇ ਆਵੇਸ਼ ਖ਼ਾਨ ਵੱਲੋਂ ਬੋਲਡ ਹੋ ਗਏ। ਦਿੱਲੀ ਵਲੋਂ ਆਵੇਸ਼ ਖਾਨ ਨੇ 3, ਅਕਸ਼ਰ ਪਟੇਲ ਨੇ 3, ਐਨਰਿਚ ਨੋਰਤਜੇ 1, ਰਵੀਚੰਦਰਨ ਅਸ਼ਵਿਨ 1 ਵਿਕਟ ਲਏ। ਮੁੰਬਈ ਲਈ ਇਹ ਮੈਚ ਅਹਿਮ ਹੈ ਕਿਉਂਕਿ ਜੇਕਰ ਉਹ ਹਾਰਿਆ ਤਾਂ ਪਲੇਆਫ਼ ਦੀ ਰਾਹ ਮੁਸ਼ਕਲ ਹੋ ਜਾਵੇਗੀ। ਦੂਜੇ ਪਾਸੇ ਦਿੱਲੀ ਪਲੇਆਫ਼ ਲਈ ਕੁਆਲੀਫ਼ਾਈ ਕਰ ਚੁੱਕੀ ਹੈ।
ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸੌਰਭ ਤਿਵਾੜੀ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਨਾਥਨ ਕੂਲਟਰ-ਨਾਈਲ, ਜਯੰਤ ਯਾਦਵ, ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸਟੀਵਨ ਸਮਿਥ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਸ਼ਿਮਰੌਨ ਹੇਟਮਾਇਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਅਵੇਸ਼ ਖਾਨ, ਐਨਰਿਕ ਨੌਰਟਜੇ
ਛੁੱਟੀ 'ਚ ਵੀ ਪ੍ਰੈਕਟਿਸ : ਨੀਰਜ ਚੋਪੜਾ ਨੇ ਸਮੁੰਦਰ ਦੇ ਅੰਦਰ ਕੀਤਾ ਜੈਵਲਿਨ ਥ੍ਰੋਅ ਦਾ ਅਭਿਆਸ, ਵੀਡੀਓ ਵਾਇਰਲ
NEXT STORY