ਸਟਾਵੇਂਗਰ (ਨਾਰਵੇ) (ਨਿਕਲੇਸ਼ ਜੈਨ)– ਨਾਰਵੇ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਵਿਚ ਆਖਿਰਕਾਰ ਤੀਜੇ ਰਾਊਂਡ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਆਪਣੀ ਪਹਿਲੀ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਉਸ ਨੇ ਤੀਜੇ ਰਾਊਂਡ ਵਿਚ ਹਮਵਤਨ ਨਾਰਵੇ ਦੇ ਆਰੀਅਨ ਤਾਰੀ ਨੂੰ ਹਰਾਉਂਦੇ ਹੋਏ ਆਪਣੀ ਪਹਿਲੀ ਜਿੱਤ ਦਰਜ ਕੀਤੀ ਤੇ ਪੂਰੇ 3 ਅੰਕ ਹਾਸਲ ਕੀਤੇ। ਇਸ ਤੋਂ ਪਹਿਲਾਂ ਕਾਰਲਸਨ ਨੇ ਆਪਣੇ ਦੋਵੇਂ ਕਲਾਸੀਕਲ ਮੁਕਾਬਲੇ ਕ੍ਰਮਵਾਰ ਅਰਮੀਨੀਆ ਦੇ ਲੇਵੋਨ ਅਰੋਨੀਆ ਤੇ ਫਿਡੇ ਦੇ ਅਲੀਰੇਜਾ ਫਿਰੌਜਾ ਨਾਲ ਡਰਾਅ ਖੇਡੇ ਸਨ ਤੇ ਟਾਈਬ੍ਰੇਕ ਵਿਚ ਜਿੱਤ ਦਰਜ ਕਰਕੇ 1.5 ਅੰਕ ਹਾਸਲ ਕੀਤੇ ਸਨ।
ਆਰੀਅਨ ਵਿਰੁੱਧ ਸਿਸਿਲੀਅਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਿਹਾ ਕਾਰਲਸਨ ਇਕ ਸਮੇਂ ਮੁਸ਼ਕਿਲ ਵਿਚ ਨਜ਼ਰ ਆ ਰਿਹਾ ਸੀ ਪਰ ਖੇਡ ਦੀ 22ਵੀਂ ਚਾਲ ਵਿਚ ਆਰੀਅਨ ਦੀ ਘੋੜੇ ਦੀ ਇਕ ਗਲਤ ਚਾਲ ਨੇ ਕਾਰਲਸਨ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ ਤੇ ਉਸ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ 45 ਚਾਲਾਂ ਵਿਚ ਜਿੱਤ ਆਪਣੇ ਨਾਂ ਕਰ ਲਈ।
ਦੂਜੇ ਬੋਰਡ 'ਤੇ ਅਰਮੀਨੀਆ ਦੇ ਚੋਟੀ ਦੇ ਖਿਡਾਰੀ ਲੇਵੋਨ ਅਰੋਨੀਆ ਨੇ ਪੋਲੈਂਡ ਦੇ ਜਾਨ ਡੂਡਾ ਨੂੰ ਸਫੇਦ ਮੋਹਰਿਆਂ ਨਾਲ ਫੋਰ ਨਾਈਟ ਓਪਨਿੰਗ ਵਿਚ ਖੇਡਦੇ ਹੋਏ ਸ਼ਾਨਦਾਰ ਹਾਥੀ ਦੇ ਐਂਡਗੇਮ ਵਿਚ 61 ਚਾਲਾਂ ਵਿਚ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਤੇ ਇਸ ਜਿੱਤ ਨੇ ਉਸ ਨੂੰ 7 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਪਹੁੰਚਾ ਦਿੱਤਾ।
ਤੀਜੇ ਬੋਰਡ 'ਤੇ ਫਿਡੇ ਦੇ 17 ਸਾਲਾ ਅਲੀਰੇਜਾ ਫਿਰੌਜਾ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਤੇ ਇਸ ਵਾਰ ਵਿਸ਼ਵ ਨੰਬਰ-2 ਫਬਿਆਨੋ ਕਰੂਆਨਾ ਨੂੰ ਪਹਿਲੇ ਕਲਾਸੀਕਲ ਮੁਕਾਬਲੇ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਿੰਗਜ਼ ਇੰਡੀਅਨ ਓਪਨਿੰਗ ਵਿਚ 36 ਚਾਲਾਂ ਦੀ ਖੇਡ ਵਿਚ ਬਰਾਬਰੀ 'ਤੇ ਰੋਕਿਆ ਤੇ ਫਿਰ ਅਰਮਾਗੋਦੇਨ ਟਾਈਬ੍ਰੇਕ ਜਿੱਤ ਲਿਆ। ਰਾਊਂਡ-3 ਤੋਂ ਬਾਅਦ ਲੇਵੋਨ ਅਰੋਨੀਅਨ ਤੇ ਫਬਿਆਨੋ ਕਰੂਆਨਾ 7 ਅੰਕ ਬਣਾ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਹੇ ਹਨ। ਮੈਗਨਸ ਕਾਰਲਸਨ 6 ਅੰਕ, ਅਲੀਰੇਜਾ ਫਿਰੌਜਾ 5.5 ਅੰਕ 'ਤੇ ਹੈ ਜਦਕਿ ਜਾਨ ਡੂਡਾ ਤੇ ਆਰੀਅਨ ਤਾਰੀ ਅਜੇ ਤਕ ਖਾਤਾ ਨਹੀਂ ਖੋਲ ਸਕੇ ਹਨ।
ਜਾਨੀ ਬੇਅਰਸਟੋ ਨੂੰ ਆਊਟ ਕਰ ਰਵੀ ਬਿਸ਼ਨੋਈ ਨੇ ਬਣਾਇਆ ਇਹ ਰਿਕਾਰਡ
NEXT STORY